ਮਿਸ਼ਨ ਤੰਦਰੁਸਤ ਪੰਜਾਬ ਤਹਿਤ ਪਿੰਡ ਉੱਗੋਕੇ ਵਿਖੇ ਲਗਾਇਆ ਦੁੱਧ ਉਤਪਾਦਕ ਜਾਗਰੂਕਤਾ ਕੈਂਪ
5 Dariya News
ਉੱਗੋਕੇ/ਬਰਨਾਲਾ 26-Jul-2018
ਮਿਸ਼ਨ ਤੰਦਰੁਸਤ ਪੰਜਾਬ ਤਹਿਤ ਡੇਅਰੀ ਵਿਕਾਸ ਵਿਭਾਗ ਪੰਜਾਬ ਅਤੇ ਪੰਜਾਬ ਡੇਅਰੀ ਵਿਕਾਸ ਬੋਰਡ ਵੱਲੋਂ ਅੱਜ ਪਸ਼ੂ ਪਾਲਣ, ਮੱਛੀਪਾਲਣ ਅਤੇ ਡੇਅਰੀ ਵਿਕਾਸ ਅਤੇ ਕਿਰਤ ਵਿਭਾਗ ਮੰਤਰੀ ਪੰਜਾਬ ਬਲਬੀਰ ਸਿੰਘ ਸਿੱਧੂ ਦੇ ਹੁਕਮਾਂ ਅਨੁਸਾਰ ਅਤੇ ਡਾਇਰੈਕਟਰ ਡੇਅਰੀ ਵਿਕਾਸ ਵਿਭਾਗ ਪੰਜਾਬ ਇੰਦਰਜੀਤ ਸਿੰਘ ਦੀ ਅਗਵਾਈ ਹੇਠ ਪਿੰਡ ਉੱਗੋਕੇ ਵਿਖੇ ਦੁੱਧ ਉਤਪਾਦਕ ਜਾਗਰੂਕਤਾ ਕੈਂਪ ਲਗਾਇਆ ਗਿਆ। ਕੈਂਪ ਵਿੱਚ ਡੇਅਰੀ ਇੰਸਪੈਕਟਰ ਸੁਭਾਸ਼ ਸਿੰਗਲਾ ਨੇ ਆਧੁਨਿਕ ਕੈਟਲ ਸ਼ੈੱਡਾਂ ਅਤੇ ਮਹਿਕਮੇ ਦੀਆਂ ਵੱਖ-ਵੱਖ ਗਤੀਵਿਧੀਆਂ ਬਾਰੇ ਕਿਸਾਨਾਂ ਨੂੰ ਜਾਣਕਾਰੀ ਦਿੱਤੀ। ਇਸ ਦੌਰਾਨ ਜ਼ਿਲ੍ਹਾ ਸਿਹਤ ਅਫਸਰ ਡਾ. ਰਾਜ ਕੁਮਾਰ ਅਤੇ ਫੂਡ ਸੇਫਟੀ ਇੰਸਪੈਕਟਰ ਗੌਰਵ ਗਰਗ ਨੇ ਸਾਫ ਦੁੱਧ ਦੀ ਪੈਦਾਵਾਰ, ਦੁੱਧ ਤੇ ਦੁੱਧ ਤੋਂ ਬਣੇ ਪਦਾਰਥ ਵੇਚਣ ਵਾਲਿਆਂ ਨੂੰ ਰਜਿਸਟਰੇਸ਼ਨ ਕਰਵਾਉਣ ਸਬੰਧੀ ਅਤੇ ਮਿਲਾਵਟੀ ਦੁੱਧ ਤੋਂ ਹੋਣ ਵਾਲੀਆਂ ਬਿਮਾਰੀਆਂ ਤੇ ਉਨ੍ਹਾਂ ਤੋਂ ਬਚਾਅ ਸਬੰਧੀ ਜਾਣਕਾਰੀ ਦਿੱਤੀ। ਇਸ ਕੈਂਪ ਵਿੱਚ ਵਿਸ਼ੇਸ਼ ਤੌਰ 'ਤੇ ਬੁਲਾਏ ਮਾਹਰਾਂ ਨੇ ਜਿਨ੍ਹਾਂ ਵਿੱਚ ਐਸੋਸੀਏਟ ਡਾਇਰੈਕਟਰ ਕ੍ਰਿਸ਼ੀ ਵਿਗਿਆਨ ਕੇਂਦਰ ਡਾ. ਪ੍ਰਹਿਲਾਦ ਸਿੰਘ ਤੰਵਰ, ਮੱਛੀ ਪਾਲਣ ਅਫਸਰ ਸ. ਹਰਵਿੰਦਰ ਸਿੰਘ, ਐਸ.ਬੀ.ਆਈ. ਆਰਸੇਟੀ ਤੋਂ ਮਿਸ. ਸੁਖਦੀਪ ਕੌਰ ਅਤੇ ਮਾਰਕਫੈਡ ਤੋਂ ਸ. ਪਰਮਿੰਦਰ ਸਿੰਘ ਨੇ ਆਪਣੇ-ਆਪਣੇ ਵਿਭਾਗ ਦੀਆਂ ਸਕੀਮਾਂ ਬਾਰੇ ਕਿਸਾਨਾਂ ਨੂੰ ਜਾਣਕਾਰੀ ਦਿੱਤੀ। ਪਸ਼ੂ ਪਾਲਣ ਵਿਭਾਗ ਦੇ ਡਾ. ਨਿਰਮਲ ਸਿੰਘ ਨੇ ਪਸ਼ੂਆਂ ਦੀਆਂ ਬਿਮਾਰੀਆਂ ਬਾਰੇ ਅਤੇ ਰਾਜਿੰਦਰ ਸਿੰਘ ਨੇ ਮੋਬਾਇਲ ਵੈਨ ਰਾਹੀਂ ਕੈਟਲ ਫੀਡ ਦੇ ਸੈਂਪਲ ਟੈਸਟ ਕਰ ਕੇ ਨਤੀਜੇ ਮੌਕੇ ਉਪਰ ਹੀ ਮੁਹੱਈਆ ਕਰਵਾਏ। ਇਸ ਮੌਕੇ ਕੁਲਦੀਪ ਸਿੰਘ ਕਾਲਾ ਅਤੇ ਡੇਅਰੀ ਫੀਲਡ ਅਸਿਸਟੈਂਟ ਗੁਰਮੀਤ ਸਿੰਘ ਵੀ ਹਾਜ਼ਰ ਸਨ।