5 Dariya News

“ਮਿਸ਼ਨ ਤੰਦਰੁਸਤ ਪੰਜਾਬ ”ਨੂੰ ਸਮਰਪਿਤ ਜਿਲ੍ਹਾ ਰੈਡ ਕਰਾਸ ਤੇ ਜਿਲ੍ਹਾ ਪ੍ਰਸਾਸਨ ਵੱਲੋਂ ਗੁਰਕਰਤਾਰ ਫਾਰਮ ਵਿਖੇ ਲਗਾਇਆ ਗਿਆ ਪੰਜਵਾਂ ਵਿਸ਼ਾਲ ਖੂਨ ਦਾਨ ਕੈਂਪ

ਖੂਨਦਾਨ ਕੈਂਪ ਦੋਰਾਨ 243 ਖੂਨਦਾਨੀਆਂ ਨੇ ਕੀਤਾ ਖੂਨਦਾਨ, ਖੂਨਦਾਨੀਆਂ ਨੂੰ ਡਿਪਟੀ ਕਮਿਸ਼ਨਰ ਪਠਾਨਕੋਟ ਵੱਲੋਂ ਸਰਟੀਫਿਕੇਟ ਦੇ ਕੇ ਕੀਤਾ ਗਿਆ ਸਨਮਾਨਤ

5 Dariya News

ਪਠਾਨਕੋਟ 26-Jul-2018

“ਮਿਸ਼ਨ ਤੰਦਰੁਸਤ ਪੰਜਾਬ” ਨੂੰ ਸਮਰਪਿਤ ਜ਼ਿਲ੍ਹਾ ਰੈਡ ਕਰਾਸ ਸੁਸਾਇਟੀ ਪਠਾਨਕੋਟ ਅਤੇ ਜ਼ਿਲ੍ਹਾ ਪ੍ਰਸ਼ਾਸਨ  ਵੱਲੋਂ ਵੱਖ-ਵੱਖ ਸਵੈ ਸੇਵੀ ਜੱਥੇਬੰਦੀਆਂ ਦੇ ਸਹਿਯੋਗ ਨਾਲ ਜੱਥੇਦਾਰ ਕੇਸਰ ਸਿੰਘ ਮਾਰਗ ਪਠਾਨਕੋਟ 'ਤੇ ਸਥਿਤ ਗੁਰਕਰਤਾਰ ਫਾਰਮ ਵਿਖੇ ਪੰਜਵਾਂ ਵਿਸ਼ਾਲ ਖੂਨ ਦਾਨ ਕੈਂਪ  ਲਗਾਇਆ ਗਿਆ, ਜਿਸ ਵਿੱਚ ਕਰੀਬ 243 ਖੂਨਦਾਨੀਆਂ ਨੇ ਖੂਨਦਾਨ ਕੀਤਾ। ਸਮਾਰੋਹ ਵਿੱਚ ਰਾਮਵੀਰ (ਆਈ.ਏ.ਐਸ.)ਡਿਪਟੀ ਕਮਿਸ਼ਨਰ ਪਠਾਨਕੋਟ ਮੁੱਖ ਮਹਿਮਾਨ ਵਜੋਂ ਸਾਮਲ ਹੋਏ ਅਤੇ ਖੂਨਦਾਨ ਕਰਨ ਵਾਲੇ ਨੋਜਵਾਨਾਂ ਦਾ ਹੌਸਲਾ ਵਧਾਇਆ। ਇਸ ਮੋਕੇ ਤੇ ਹੋਰਨਾਂ ਤੋਂ ਇਲਾਵਾ ਸਰਵਸ੍ਰੀ ਅਸੋਕ ਕੁਮਾਰ ਸਹਾਇਕ ਜਰਨਲ ਕਮਿਸ਼ਨਰ, ਅਰਸਦੀਪ ਸਿੰਘ ਸਹਾਇਕ ਕਮਿਸ਼ਨਰ ਸਿਕਾਇਤਾਂ, ਡਾ. ਭੁਪਿੰਦਰ ਸਿੰਘ ਐਸ.ਐਮ. ਓ. ਪਠਾਨਕੋਟ, ਰਾਮ ਲੁਭਾਇਆ ਸਹਾਇਕ ਲੋਕ ਸੰਪਰਕ ਅਫਸ਼ਰ ਪਠਾਨਕੋਟ, ਪਰਸੋਤਮ ਲਾਲ ਸੈਕਟਰੀ ਜਿਲ੍ਹਾ ਰੈਡ ਕਰਾਸ ਸੋਸਾਇਟੀ ਪਠਾਨਕੋਟ, ਵਿਜੈ ਪਾਸੀ, ਨਰਿੰਦਰ ਕਾਲਾ, ਐਲ.ਆਰ.ਸੋਢੀ, ਅਨੁਜ ਸਰਮਾ ,ਪ੍ਰਿੰਸੀਪਲ ਓਮ ਪ੍ਰਕਾਸ,  ਡਾ. ਓ.ਪੀ. ਵਿੱਗ, ਐਸ.ਐਸ. ਬਾਵਾ,  ਸਵਤੰਤਰ ਕੁਮਾਰ, ਸਮੀਰ ਸਾਰਧਾ, ਅਜੈ ਕੁਮਾਰ, ਭਾਰਤ ਮਹਾਜਨ, ਚਾਚਾ ਵੇਦ ਪ੍ਰਕਾਸ, ਮਨਿੰਦਰ ਸਿੰਘ, ਬੀ.ਆਰ. ਗੁਪਤਾ, ਅਜੈ ਕੁਮਾਰ, ਅਤੇ ਹੋਰ ਵੱਖ ਵੱਖ ਸੰਸਥਾਵਾਂ ਦੇ ਆਹੁਦੇਦਾਰ ਹਾਜ਼ਰ ਸਨ। ਇਸ ਮੋਕੇ ਤੇ ਸੰਬੋਧਤ ਕਰਦਿਆਂ ਸ੍ਰੀ ਰਾਮਵੀਰ (ਆਈ.ਏ.ਐਸ.)ਡਿਪਟੀ ਕਮਿਸ਼ਨਰ ਪਠਾਨਕੋਟ ਨੇ ਕਿਹਾ ਕਿ ਜਿਲ੍ਹਾ ਪਠਾਨਕੋਟ ਵਿਖੇ ਜਿਲ੍ਹਾ ਰੈਡ ਕਰਾਸ ਸੋਸਾਇਟੀ ਪਠਾਨਕੋਟ ਅਤੇ ਜਿਲ੍ਹਾ ਪ੍ਰਸਾਸਨ ਵੱਲੋਂ ਇਹ ਪੰਜਵਾਂ ਵਿਸਾਲ ਖੂਨਦਾਨ ਕੈਂਪ ਲਗਾਇਆ ਗਿਆ ਹੈ। 

ਉਨ੍ਹਾਂ ਦੱਸਿਆ ਕਿ ਅੱਜ ਦੇ ਖੂਨਦਾਨ ਕੈਂਪ ਵਿੱਚ ਸ੍ਰੀ ਸਾਂਈ ਕਾਲਜ , ਸੁਖਜਿੰਦਰਾ ਕਾਲਜ, ਅਨੰਤ ਗੁਰੂਕੁਲ ਕਾਲਜ ਜੁਗਿਆਲ, ਆਈ.ਟੀ.ਆਈ. ਲੜਕੇ ਪਠਾਨਕੋਟ ਦੇ ਬੱਚਿਆਂ ਵੱਲੋਂ ਖੂਨਦਾਨ ਕੀਤਾ ਗਿਆ ਹੈ। ਇਸ ਤੋਂ ਇਲਾਵਾ ਸਹਿਰ ਦੀਆਂ ਐਨ.ਜੀ.ਓ. ਮੈਂਬਰਾਂ ਅਤੇ ਸਰਕਾਰੀ ਵਿਭਾਗਾਂ ਦੇ ਅਧਿਕਾਰੀ ਅਤੇ ਕਰਮਚਾਰੀਆਂ ਨੇ ਵੀ ਖੂਨਦਾਨ ਕਰ ਕੇ ਇਸ ਕੈਂਪ ਵਿੱਚ ਭਾਗੀਦਾਰੀ ਪਾਈ ਹੈ। ਉਨ੍ਹਾਂ ਕਿਹਾ ਕਿ ਸਾਨੂੰ ਚਾਹੀਦਾ ਹੈ ਕਿ ਅਜਿਹੇ ਸਮਾਜਿਕ ਕਾਰਜਾਂ ਵਿੱਚ ਜਿਆਦਾ ਤੋਂ ਜਿਆਦਾ ਭਾਗ ਲਈਏ । ਉਨ੍ਹਾਂ ਕਿਹਾ ਕਿ ਖੂਨਦਾਨ ਇਕ ਮਹਾਦਾਨ ਹੈ ਅਤੇ ਖੂਨਦਾਨੀ ਵੱਲੋਂ ਦਾਨ ਕੀਤਾ ਗਿਆ ਖੂਨ ਕਿਸੇ ਜਰੂਰਤਮੰਦ ਵਿਅਕਤੀ ਦੀ ਜਿੰਦਗੀ ਬਚਾਉਂਦਾ ਹੈ । ਉਨ੍ਹਾਂ ਕਿਹਾ ਕਿ ਭਵਿੱਖ ਵਿੱਚ ਅਗਸਤ ਮਹੀਨੇ ਦੋਰਾਨ ਇਕ ਹੋਰ ਕੈਂਪ ਆਯੋਜਿਤ ਕੀਤਾ ਜਾਣਾ ਹੈ। ਉਨ੍ਹਾ ਕਿਹਾ ਕਿ ਅਗਰ ਕੋਈ ਹੋਰ ਵੀ ਸਹਿਰ ਨਿਵਾਸੀ ਜਾਂ ਖੂਨਦਾਨੀ ਖੂਨਦਾਨ ਕਰਨਾ ਚਾਹੁੰਦਾ ਹੈ ਤਾਂ ਉਹ ਭਵਿੱਖ ਵਿੱਚ ਲੱਗਣ ਵਾਲੇ ਕੈਂਪਾਂ ਵਿੱਚ ਜਰੂਰ ਖੂਨਦਾਨ ਕਰੇ ਅਤੇ ਇਸ ਦੇ ਨਾਲ ਹੀ ਹੋਰਨਾਂ ਲੋਕਾਂ ਨੂੰ ਵੀ ਖੂਨਦਾਨ ਕਰਨ ਲਈ ਪ੍ਰੇਰਿਤ ਕਰੇ। ਉਨ੍ਹਾਂ ਕਿਹਾ ਕਿ ਖੂਨਦਾਨ ਕਰਨਾ ਸਮਾਜ ਸੇਵਾ ਦਾ ਸਭ ਤੋਂ ਉੱਤਮ ਕਾਰਜ ਹੈ ਅਤੇ ਇਸ ਕਾਰਜ ਲਈ ਹੋਰਨਾਂ ਨੂੰ ਵੀ ਅੱਗੇ ਆਉਂਣਾ ਚਾਹੀਦਾ ਹੈ।ਇਸ ਮੋਕੇ ਤੇ ਸ੍ਰੀ ਰਾਮਵੀਰ ਡਿਪਟੀ ਕਮਿਸ਼ਨਰ ਪਠਾਨਕੋਟ ਵੱਲੋਂ ਖੂਨਦਾਨ ਕਰਨ ਵਾਲੇ ਨੋਜਵਾਨਾਂ ਨਾਲ ਗੱਲਬਾਤ ਕੀਤੀ ਗਈ ਅਤੇ ਇਸ ਮਹਾਨ ਦਾਨ ਦੇ ਲਈ ਉਨ੍ਹਾਂ ਨੂੰ ਸੁਭਕਾਮਨਾਵਾਂ ਦਿੱਤੀਆਂ। ਇਸ ਮੋਕੇ ਤੇ ਉਨ੍ਹਾਂ ਖੂਨਦਾਨੀਆਂ ਨੂੰ ਸਰਟੀਫਿਕੇਟ ਦੇ ਕੇ ਸਨਮਾਨਤ ਵੀ ਕੀਤਾ।