ਫੂਡ ਸੇਫਟੀ ਟੀਮ ਨੇ ਮਿਸ਼ਨ ਤੰਦਰੁਸਤ ਪੰਜਾਬ ਅਧੀਨ ਸਰਹਿੰਦ ਵਿਖੇ ਕੋਟਪਾ ਐਕਟ ਦੀ ਉਲੰਘਣਾ ਕਰਨ ਵਾਲਿਆਂ ਦੇ 5 ਚਲਾਨ ਕੀਤੇ
ਡੇਂਗੂ ਤੇ ਮਲੇਰੀਆ ਤੋਂ ਬਚਾਅ ਲਈ ਮਛਰਾਏ ਕਲਾਂ ਤੇ ਲੱਖਾ ਸਿੰਘ ਵਾਲਾ ਵਿਖੇ ਲਗਾਏ ਜਾਗਰੂਕਤਾ ਕੈਂਪ
5 Dariya News
ਫ਼ਤਹਿਗੜ੍ਹ ਸਾਹਿਬ 24-Jul-2018
ਸਿਹਤ ਵਿਭਾਗ ਦੀ ਫੂਡ ਸੇਫਟੀ ਟੀਮ ਨੇ ਮਿਸ਼ਨ ਤੰਦਰੁਸਤ ਪੰਜਾਬ ਅਧੀਨ ਸਰਹਿੰਦ ਵਿਖੇ ਕੀਤੀ ਚੈਕਿੰਗ ਦੌਰਾਨ ਕੋਟਪਾ ਐਕਟ ਦੀ ਉਲੰਘਣਾ ਕਰਨ ਵਾਲੇ 2 ਦੁਕਾਨਦਾਰਾਂ ਅਤੇ 3 ਆਮ ਵਿਅਕਤੀਆਂ ਦੇ ਚਲਾਨ ਕੀਤੇ ਅਤੇ ਲੋਕਾਂ ਨੂੰ ਤੰਬਾਕੂ ਨਾਲ ਮਨੁੱਖੀ ਸਿਹਤ 'ਤੇ ਪੈਣ ਵਾਲੇ ਮਾੜੇ ਪ੍ਰਭਾਵਾਂ ਤੋਂ ਜਾਣੂ ਵੀ ਕਰਵਾਇਆ। ਇਹ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ. ਹਰਮਿੰਦਰ ਕੌਰ ਸੋਢੀ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਕੋਟਪਾ ਐਕਟ ਨੂੰ ਸਖਤੀ ਨਾਲ ਲਾਗੂ ਕੀਤਾ ਗਿਆ ਹੈ ਅਤੇ ਇਸ ਐਕਟ ਦੀ ਉਲੰਘਣਾ ਕਰਨ ਵਾਲੇ ਕਿਸੇ ਵੀ ਵਿਅਕਤੀ ਨੂੰ ਬਖਸ਼ਿਆ ਨਹੀਂ ਜਾਵੇਗਾ। ਡਾ. ਸੋਢੀ ਨੇ ਦੱਸਿਆ ਕਿ ਡੇਂਗੂ ਤੇ ਮਲੇਰੀਆ ਤੋਂ ਬਚਾਅ ਲਈ ਮਛਰਾਏ ਕਲਾਂ ਤੇ ਲੱਖਾ ਸਿੰਘ ਵਾਲਾ ਵਿਖੇ ਜਾਗਰੂਕਤਾ ਕੈਂਪ ਲਗਾਏ ਗਏ ਅਤੇ ਲੋਕਾਂ ਨੂੰ ਇਨ੍ਹਾਂ ਬਿਮਾਰੀਆਂ ਤੋਂ ਬਚਣ ਲਈ ਜਰੂਰੀ ਬਚਾਅ ਬਾਰੇ ਜਾਣਕਾਰੀ ਦਿੱਤੀ ਗਈ। ਉਨ੍ਹਾਂ ਕਿਹਾ ਕਿ ਮਲੇਰੀਆ ਤੇ ਡੇਂਗੂ ਤੋਂ ਬਚਣ ਲਈ ਦਿਨ ਸਮੇਂ ਪੂਰਾ ਸਰੀਰ ਢੱਕ ਕੇ ਰੱਖਣ ਵਾਲੇ ਕਪੜੇ ਪਹਿਨਣੇ ਚਾਹੀਦੇ ਹਨ ਤੇ ਰਾਤ ਸਮੇਂ ਸੌਣ ਤੋਂ ਪਹਿਲਾਂ ਮੱਛਰਦਾਨੀ, ਮੱਛਰ ਭਜਾਊ ਕਰੀਮਾਂ ਤੇ ਬਿਜਲਈ ਯੰਤਰਾਂ ਦਾ ਇਸਤੇਮਾਲ ਕਰਨਾ ਚਾਹੀਦਾ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਲੋਕਾਂ ਨੂੰ ਆਪਣੇ ਘਰਾਂ ਦੇ ਆਲੇ ਦੁਆਲੇ ਪਾਣੀ ਇਕੱਠਾ ਨਹੀਂ ਹੋਣ ਦੇਣਾ ਚਾਹੀਦਾ ਅਤੇ ਘਰਾਂ ਵਿੱਚ ਪਏ ਫਰਿੱਜਾਂ ਤੇ ਕੂਲਰਾਂ ਨੂੰ ਹਫਤੇ ਵਿੱਚ ਇੱਕ ਵਾਰ ਸੁੱਕਾ ਕੇ ਪਾਣੀ ਪਾਉਣਾ ਚਾਹੀਦਾ ਹੈ।ਸਿਵਲ ਸਰਜਨ ਨੇ ਦੱਸਿਆ ਕਿ ਮਿਸ਼ਨ ਤੰਦਰੁਸਤ ਪੰਜਾਬ ਅਧੀਨ 30 ਸਾਲ ਤੋਂ ਵੱਧ ਉਮਰ ਦੇ 377 ਮਰੀਜਾਂ ਦਾ ਮੁਫਤ ਮੈਡੀਕਲ ਚੈਕਅੱਪ ਕੀਤਾ ਗਿਆ। ਜਿਨ੍ਹਾਂ ਵਿੱਚੋਂ 94 ਮਰੀਜਾਂ ਦਾ ਸਬ ਡਵੀਜ਼ਨਲ ਹਸਪਤਾਲ ਮੰਡੀ ਗੋਬਿੰਦਗੜ੍ਹ ਵਿਖੇ, 248 ਮਰੀਜਾਂ ਦਾ ਜ਼ਿਲ੍ਹਾ ਹਸਪਤਾਲ ਵਿਖੇ ਅਤੇ 35 ਮਰੀਜਾਂ ਦਾ ਕਮਿਉਨਿਟੀ ਹੈਲਥ ਸੈਂਟਰ ਬਸੀ ਪਠਾਣਾ ਵਿਖੇ ਮੁਫਤ ਚੈਕਅੱਪ ਕੀਤਾ ਗਿਆ। ਉਨ੍ਹਾਂ ਹੋਰ ਦੱਸਿਆ ਕਿ ਸਕੂਲ ਹੈਲਥ ਪ੍ਰੋਗਰਾਮ ਅਧੀਨ ਜ਼ਿਲ੍ਹੇ ਦੇ 6 ਸਰਕਾਰੀ ਸਕੂਲਾਂ ਅਤੇ 9 ਆਂਗਨਵਾੜੀ ਕੇਂਦਰਾਂ ਦੇ 355 ਬੱਚਿਆਂ ਦੀ ਸਿਹਤ ਦੀ ਜਾਂਚ ਕੀਤੀ ਗਈ ਜਿਨ੍ਹਾਂ ਵਿੱਚੋਂ 68 ਬੱਚਿਆਂ ਨੂੰ ਵੱਖ-ਵੱਖ ਸਿਹਤ ਸੰਸਥਾਵਾਂ ਵਿੱਚ ਇਲਾਜ ਲਈ ਭੇਜਿਆ ਗਿਆ।