5 Dariya News

ਸਿੱਖਿਆ ਮੰਤਰੀ ਓ.ਪੀ. ਸੋਨੀ ਵੱਲੋਂ 'ਪੜ੍ਹੋ ਪੰਜਾਬ, ਪੜ੍ਹਾਓ ਪੰਜਾਬ' ਕੈਲੰਡਰ ਜਾਰੀ

5 Dariya News

ਚੰਡੀਗੜ੍ਹ 24-Jul-2018

ਸਿੱਖਿਆ ਮੰਤਰੀ ਓ.ਪੀ. ਸੋਨੀ ਨੇ ਸਰਕਾਰੀ ਪ੍ਰਾਇਮਰੀ ਸਕੂਲਾਂ ਵਿੱਚ ਪੜ ਰਹੇ ਬੱਚਿਆਂ ਅਤੇ ਅਧਿਆਪਕਾਂ ਦੀਆਂ ਸਕੂਲੀ ਅਕਾਦਮਿਕ ਅਤੇ ਸਹਿ-ਅਕਾਦਮਿਕ ਕਿਰਿਆਵਾਂ ਸਬੰਧੀ ਸਿੱਖਿਆ ਵਿਭਾਗ ਵੱਲੋਂ ਤਿਆਰ ਕੀਤਾ 'ਪੜੋ ਪੰਜਾਬ, ਪੜਾਓ ਪੰਜਾਬ' ਕੈਲੰਡਰ ਸੈਸ਼ਨ 2018-19 ਜਾਰੀ ਕੀਤਾ। ਇਸ ਮੌਕੇ ਸੋਨੀ ਨੇ ਕਿਹਾ ਕਿ ਇਹ ਕੈਲੰਡਰ ਪ੍ਰਾਇਮਰੀ ਸਕੂਲਾਂ ਦੇ ਵਿਦਿਆਰਥੀਆਂ ਦੀਆਂ ਹਰ ਮਹੀਨੇ ਦੀਆਂ ਕਿਰਿਆਵਾਂ ਨੂੰ ਧਿਆਨ ਵਿੱਚ ਰੱਖ ਕੇ ਤਿਆਰ ਕੀਤਾ ਗਿਆ ਹੈ। ਉਨਾਂ ਕਿਹਾ ਕਿ ਉਨਾਂ ਨੂੰ ਵਿਸ਼ਵਾਸ ਹੈ ਕਿ ਇਹ ਕੈਲੰਡਰ ਸਕੂਲਾਂ ਵਿੱਚ ਗੁਣਾਤਮਿਕ ਸਿੱਖਿਆ ਨੂੰ ਨਵੀਂ ਸੇਧ ਦੇਣ ਵਿੱਚ ਸਹਾਈ ਹੋਵੇਗਾ। ਕੈਲੰਡਰ ਵਿੱਚ ਸਿੱਖਿਆ ਵਿਭਾਗ ਵੱਲੋਂ ਕਰਵਾਈਆਂ ਗਤੀਵਿਧੀਆਂ, ਸਕੂਲੀ ਵਿਦਿਆਰਥੀਆਂ ਦੀਆਂ 'ਪੜੋ ਪੰਜਾਬ, ਪੜਾਓ ਪੰਜਾਬ' ਪ੍ਰਾਜੈਕਟ ਤਹਿਤ ਕਰਵਾਏ ਪ੍ਰੋਗਰਾਮਾਂ ਵਿੱਚ ਵੱਖ-ਵੱਖ ਵੰਨਗੀਆਂ ਦੀ ਪੇਸ਼ਕਾਰੀ ਕਰਦਿਆਂ ਦੀਆਂ ਝਲਕੀਆਂ, ਸਿੱਖਣ-ਸਿਖਾਉਣ ਸਮੱਗਰੀ ਦੀਆਂ ਤਸਵੀਰਾਂ, ਸਕੂਲੀ ਵਿਦਿਆਰਥੀਆਂ ਦੇ 'ਪੜੋ ਪੰਜਾਬ, ਪੜਾਓ ਪੰਜਾਬ' ਪ੍ਰਾਜੈਕਟ ਤਹਿਤ ਸਿੱਖਣ ਪੱਧਰ ਦੇ ਟੀਚਿਆਂ ਦੀ ਜਾਣਕਾਰੀ ਦਿੱਤੀ ਗਈ ਹੈ। ਕੈਲੰਡਰ ਵਿੱਚ ਮਹੀਨੇ ਅਤੇ ਦਿਨਾਂ ਦੇ ਵੇਰਵਿਆਂ ਤੋਂ ਇਲਾਵਾ ਉਸ ਮਹੀਨੇ ਦੌਰਾਨ ਆਉਣ ਵਾਲੇ ਤਿਉਹਾਰਾਂ ਅਤੇ ਵਿਅਕਤੀ ਵਿਸ਼ੇਸ਼ ਦੇ ਜਨਮ-ਦਿਹਾੜਿਆਂ ਸਬੰਧੀ ਜਾਣਕਾਰੀ ਹੈ। ਸਕੂਲਾਂ ਵਿੱਚ ਸਬੰਧਿਤ ਮਹੀਨੇ ਦੌਰਾਨ ਸਵੇਰ ਦੀ ਸਭਾ ਵੇਲੇ ਕਰਵਾਈਆਂ ਜਾਣ ਵਾਲੀਆਂ ਕਿਰਿਆਵਾਂ ਨੂੰ ਵਿਸਤਾਰ ਵਿੱਚ ਸੂਚੀਬੱਧ ਕੀਤਾ ਗਿਆ ਹੈ। ਕੈਲੰਡਰ ਦੀ ਵੰਨਗੀ ਹੈ ਕਿ ਇਸ ਵਿੱਚ ਹਰ ਮਹੀਨੇ ਬੱਚਿਆਂ ਨੂੰ ਨੈਤਿਕ-ਕਦਰਾਂ ਕੀਮਤਾਂ ਸਬੰਧੀ ਵਾਕਾਂ ਦੀ ਲੜੀ ਬਣਾਈ ਗਈ ਹੈ, ਜਿਸ ਨੂੰ ਬੱਚੇ ਅਤੇ ਅਧਿਆਪਕ ਆਸਾਨੀ ਨਾਲ ਯਾਦ ਕਰ ਕੇ ਜ਼ਿੰਦਗੀ ਵਿੱਚ ਅਪਣਾ ਸਕਦੇ ਹਨ।