ਖਰੜ ਵਿਧਾਨ ਸਭਾ ਹਲਕੇ ਦੀ ਸਿਆਸੀ ਸਥਿਤੀ ਜਿਊਂ ਦੀ ਤਿਊਂ ਬਣੇ ਰਹਿਣ ਦੀ ਸੰਭਾਵਨਾ
ਜਥੇਦਾਰ ਬਡਾਲੀ ਮੁੜ ਤੋਂ ਲਗ ਸਕਦੇ ਨੇ ਖਰੜ ਹਲਕੇ ਦੇ ਇੰਚਾਰਜ
5 ਦਰਿਆ ਨਿਊਜ਼ (ਹਰਪ੍ਰੀਤ ਸਿੰਘ ਰਾਮਗੜੀਆ)
ਖਰੜ 08-Mar-2012
ਪੰਜਾਬ ਵਿਧਾਨ ਸਭਾ ਦੇ ਘੋਸ਼ਿਤ ਕੀਤੇ ਗਏ ਨਤੀਜਿਆਂ ਤੋਂ ਬਾਅਦ ਭਾਵੇਂ ਖਰੜ ਵਿਧਾਨ ਸਭਾ ਹਲਕੇ ਤੋਂ ਕਾਂਗਰਸ ਪਾਰਟੀ ਦੇ Àਮੀਦਵਾਰ ਜਗਮੋਹਨ ਸਿੰਘ ਕੰਗ ਨੇ ਆਪਣੇ ਮੁੱਖ ਵਿਰੋਧੀ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਉਮੀਦਵਾਰ ਜਥੇਦਾਰ ਉਜਾਗਰ ਸਿੰਘ ਬਡਾਲੀ ਨੂੰ ਹਰਾਉਣ ਵਿੱਚ ਕਾਮਯਾਬੀ ਹਾਸਿਲ ਕਰ ਲਈ ਹੈ ਅਤੇ ਖਰੜ ਵਿਧਾਨ ਸਭਾ ਲਈ ਵੱਡੀ ਪੱਧਰ ਤੇ ਲੋਕਾਂ ਵੱਲੋਂ ਜਥੇਦਾਰ ਬਡਾਲੀ ਦੀ ਇਸ ਹਲਕੇ ਤੋਂ ਸੰਭਾਵੀ ਜਿੱਤ ਦੀਆਂ ਕਿਆਸਰਾਈਆਂ ਉੱਤੇ ਸਾਫ ਤੌਰ ਤੇ ਪਾਣੀ ਫੇਰ ਦਿੱਤਾ ਹੈ ਪਰ ਬਾਵਜੂਦ ਇਸਦੇ ਖਰੜ ਵਿਧਾਨ ਸਭਾ ਹਲਕੇ ਦੀ ਸਿਆਸੀ ਸਥਿਤੀ ਜਿਊਂ ਦੀ ਤਿਊਂ ਬਣੇ ਰਹਿਣ ਦੀ ਪੂਰੀ ਸੰਭਾਵਨਾ ਹੈ ਜਿਸ ਤਰਾਂ ਦੀ ਕਿ ਪਿਛਲੇ ਪੰਜ ਸਾਲ ਤੋਂ ਰਹੀ ਹੈ।ਜਥੇਦਾਰ ਉਜਾਗਰ ਸਿੰਘ ਬਡਾਲੀ ਜੋ ਕਿ ਹੂਣ ਤੋਂ 5 ਸਾਲ ਪਹਿਲਾਂ ਮੋਰਿਡਾ ਵਿਧਾਨ ਸਭਾ ਹਲਕੇ ਤੋਂ ਅਕਾਲੀ ਦਲ ਬਾਦਲ ਦੀ ਟਿਕਟ ਉੱਤੇ ਸ਼੍ਰੀ ਕੰਗ ਨੂੰ ਹਰਾ ਕੇ ਵਿਧਾਇਕ ਬਣੇ ਸਨ ਨੂੰ ਇਸ ਖੇਤਰ ਦੇ ਵਿਧਾਨ ਸਭਾ ਹਲਕਿਆਂ ਦੀ ਹੋਈ ਨਵੀਂ ਹੱਦਬੰਦੀ ਦੇ ਦੌਰਾਨ ਖਰੜ ਹਲਕੇ ਦੇ ਵਿਕਾਸ ਕਾਰਜਾਂ ਦਾ ਚਾਰਜ ਵੀ ਅਕਾਲੀ ਭਾਜਪਾ ਸਰਕਾਰ ਨੇ ਦੇ ਦਿੱਤਾ ਸੀ ਜਿਸ ਦੇ ਫਲਸਰੂਪ ਜਥੇਦਾਰ ਬਡਾਲੀ ਖਰੜ ਹਲਕੇ ਲਈ ਵੀ ਪੰਜਾਬ ਸਰਕਾਰ ਵੱਲੋਂ ਇੰਚਾਰਜ ਦੇ ਤੌਰ ਤੇ ਕੰਮ ਕਰ ਰਹੇ ਸਨ। ਜਥੇਦਾਰ ਬਡਾਲੀ ਵੱਲੋਂ ਖਰੜ ਹਲਕੇ ਦੇ ਅੰਦਰ ਆਪਣੀ ਸਥਿਤੀ ਨੂੰ ਮਜਬੂਤ ਕਰਨ ਦੇ ਲਈ ਵੱਡੀ ਪੱਧਰ ਤੇ ਕੋਸ਼ਿਸ਼ਾਂ ਕੀਤੀਆਂ ਗਈਆਂ ਸਨ ਪਰ ਇਸ ਦੇ ਬਾਵਜੂਦ ਉਹ ਸ਼ੀ ਕੰਗ ਤੋਂ ਇਹ ਚੋਣ ਹਾਰ ਗਏ ਹਨ।
ਹੂਣ ਤੋਂ ਪੰਜ ਸਾਲ ਪਹਿਲਾਂ ਖਰੜ ਵਿਧਾਨ ਸਭਾ ਹਲਕੇ ਦੇ ਅੰਦਰ ਪੰਜਾਬ ਵਿਧਾਨ ਸਭਾ ਦੀਆਂ ਹੋਈਆਂ ਚੋਣਾਂ ਦੇ ਦੋਰਾਨ ਕਾਂਗਰਸ ਪਾਰਟੀ ਦੇ ਉਮੀਦਵਾਰ ਬਲਬੀਰ ਸਿੰਘ ਸਿੱਧੂ ਅਤੇ ਸਵਰਗੀ ਕੈਪਟਨ ਕੰਵਲਜੀਤ ਸਿੰਘ ਸਾਬਕਾ ਮੰਤਰੀ ਦੇ ਪੁੱਤਰ ਜਸਜੀਤ ਸਿੰਘ ਬੰਨੀ ਵਿਚਕਾਰ ਮੁਕਾਬਲਾ ਹੋਇਆ ਸੀ ਜਿਸ ਵਿੱਚ ਕਾਂਗਰਸੀ ਉਮੀਦਵਾਰ ਸ਼੍ਰੀ ਸਿੱਧੂ ਨੇ ਜਿੱਤ ਹਾਸਿਲ ਕਰ ਲਈ ਸੀ ਪਰ ਊਸ ਸਮੇਂ ਪੰਜਾਬ ਵਿੱਚ ਅਕਾਲੀ –ਭਾਜਪਾ ਸਰਕਾਰ ਦੇ ਹੋਂਦ ਵਿੱਚ ਆ ਜਾਣ ਕਰਕੇ ਅਤੇ ਸ਼੍ਰੀ ਬੰਨੀ ਨੂੰ ਪੰਜਾਬ ਸਰਕਾਰ ਵੱਲੋਂ ਖਰੜ ਹਲਕੇ ਦਾ ਇੰਚਾਰਜ ਲਾ ਦੇਣ ਦੇ ਕਾਰਨ ਖਰੜ ਹਲਕੇ ਦੇ ਅੰਦਰ ਸ਼੍ਰੀ ਬੰਨੀ ਹੀ ਲਗਭਗ ਤਿੰਨ ਸਾਲ ਦੇ ਲਈ ਕਰਤਾ ਧਰਤਾ ਦੇ ਤੌਰ ਤੇ ਵਿਚਰਦੇ ਰਹੇ। ਭਾਵੇਂ ਸ਼ੀ ਬੰਨੀ ਖਰੜ ਹਲਕੇ ਦੇ ਹਾਰੇ ਹੋਏ ਉਮੀਦਵਾਰ ਸਨ ਪਰ ਫਿਰ ਵੀ ਉਨਾਂ ਪਾਸ ਪੰਜਾਬ ਵਿਧਾਨ ਸਭਾ ਦੇ ਅੰਦਰ ਨੂੰ ਛੱਡ ਕੇ ਲਗਭਗ ਹੋਰ ਸਾਰੀਆਂ ਹੀ ਸ਼ਕਤੀਆਂ ਮੌਜੂਦ ਰਹੀਆਂ ਸਨ। ਵਿਧਾਇਕ ਨਾਂ ਹੋਣ ਦੇ ਬਾਵਜੂਦ ਵੀ ਸ਼੍ਰੀ ਬੰਨੀ ਵੱਲੋਂ ਖਰੜ ਹਲਕੇ ਦੇ ਅੰਦਰ ਵਿਕਾਸ ਕਾਰਜਾਂ ਦੀ ਮੁਹਿੰਮ ਆਪਣੇ ਹੱਥਾਂ ਵਿੱਚ ਲੈ ਲਈ ਗਈ ਸੀ। ਇਸ ਤੋਂ ਬਾਅਦ ਜਦੋਂ ਕੈਪਟਨ ਕੰਵਲਜੀਤ ਸਿੰਘ ਦੀ ਖਰੜ ਵਿਖੇ ਹੀ ਇੱਕ ਸੜਕ ਹਾਦਸੇ ਵਿੱਚ ਮੌਤ ਹੋ ਗਈ ਤਾਂ ਸ਼੍ਰੋਮਣੀ ਅਕਾਲੀ ਦਲ ਬਾਦਲ ਹਾਈਕਮਾਂਡ ਵੱਲੋਂ ਸ਼੍ਰੀ ਬੰਨੀ ਨੂੰ ਖਰੜ ਹਲਕੇ ਤੋਂ ਹਟਾਕੇ ਉਨਾਂ ਦੇ ਪਿਤਾ ਦੇ ਜੱਦੀ ਹਲਕੇ ਡੇਰਾਬੱਸੀ ਭੇਜ ਦਿੱਤਾ ਗਿਆ ਸੀ ਜਿਸ ਤੋਂ ਬਾਅਦ ਜਥੇਦਾਰ ਬਡਾਲੀ ਨੂੰ ਖਰੜ ਦਾ ਪਾਰਟੀ ਹਾਈਕਮਾਂਡ ਵੱਲੋਂ ਇੰਚਾਰਜ ਲਾ ਦਿੱਤਾ ਗਿਆ ਸੀ। ਹੁਣ ਲਗਭਗ ਪਿਛਲੇ 2 ਸਾਲਾਂ ਤੋਂ ਜਥੇਦਾਰ ਖਰੜ ਹਲਕੇ ਦੇ ਵਿਕਾਸ ਕਾਰਜਾਂ ਦੀ ਕਮਾਂਡ ਆਪਣੇ ਹੱਥਾਂ ਵਿੱਚ ਲੈਕੇ ਇਸ ਹਲਕੇ ਵਿੱਚ ਵਿੱਚਰ ਰਹੇ ਸਨ। ਜਥੇਦਾਰ ਬਡਾਲੀ ਦੇ ਸਮੱਰਥਕਾਂ ਦਾ ਦਾਅਵਾ ਹੈ ਕਿ ਚੋਣ ਹਾਰ ਜਾਣ ਦੇ ਬਾਵਜੂਦ ਵੀ ਜਥੇਦਾਰ ਬਡਾਲੀ ਪੰਜਾਬ ਸਰਕਾਰ ਦੇ ਆਸ਼ੀਰਵਾਦ ਨਾਲ ਹਲਕੇ ਦੇ ਅੰਦਰ ਪਹਿਲਾਂ ਦੀ ਤਰਾਂ ਹੀ ਵਿਚਰਨਗੇ ਅਤੇ ਖਰੜ ਹਲਕੇ ਦੇ ਅੰਦਰ ਸਰਕਾਰ ਦੀਆਂ ਨੀਤੀਆਂ ਨੂੰ ਲਾਗੂ ਕਰਨ ਤੋਂ ਇਲਾਵਾ ਹਲਕੇ ਦੇ ਅੰਦਰ ਸ਼ੁਰੂ ਕੀਤੀ ਗਈ ਵਿਕਾਸ ਕਾਰਜਾਂ ਦੀ ਲੜੀ ਨੂੰ ਜਾਰੀ ਰੱਖਣਗੇ।