ਬਟਾਲਾ ਪੁਲੀਸ ਵਲੋਂ ਨਸ਼ਾ ਤਸਕਰਾਂ ਖਿਲਾਫ਼ ਕਾਰਵਾਈ
ਹੈਰੋਇਨ, ਨਸ਼ੀਲੀਆਂ ਦਵਾਈਆਂ ਅਤੇ ਨਜਾਇਜ਼ ਸ਼ਰਾਬ ਸਮੇਤ ਚਾਰ ਵਿਅਕਤੀ ਗਿ੍ਰਫਤਾਰ
5 Dariya News
ਬਟਾਲਾ 22-Jul-2018
ਪੰਜਾਬ ਸਰਕਾਰ ਵਲੋਂ ਨਸ਼ਿਆਂ ਦੇ ਖਾਤਮੇ ਲਈ ਵਿੱਢੀ ਮੁਹਿੰਮ ਤਹਿਤ ਬਟਾਲਾ ਨੇ ਪੁਲਿਸ ਨੇ ਵੱਖ-ਵੱਖ ਮਾਮਲਿਆਂ ਵਿੱਚ ਹੈਰੋਇਨ, ਨਸ਼ੀਲੀਆਂ ਦਵਾਈਆਂ ਅਤੇ ਨਜਾਇਜ਼ ਸ਼ਰਾਬ ਸਮੇਤ ਚਾਰ ਵਿਅਕਤੀਆਂ ਨੂੰ ਗਿ੍ਰਫਤਾਰ ਕਰਕੇ ਉਨਾਂ ਖਿਲਾਫ਼ ਮਾਮਲਾ ਦਰਜ ਕੀਤਾ ਹੈ। ਜ਼ਿਲਾ ਪੁਲੀਸ ਮੁਖੀ ਓਪਿੰਦਰਜੀਤ ਸਿੰਘ ਘੁੰਮਣ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਥਾਣਾ ਸੇਖਵਾਂ ਦੇ ਐੱਸ.ਆਈ. ਪ੍ਰਤਾਪ ਸਿੰਘ ਨੇ ਸਤਕੋਹਾ ਮੋੜ ’ਤੇ ਲਾਏ ਨਾਕੇ ਦੌਰਾਨ ਜੌਨਸਨ ਪੁੱਤਰ ਐਡਵਿਨ ਵਾਸੀ ਖਜ਼ੂਰੀ ਗੇਟ ਬਟਾਲਾ ਨੂੰ ਕਾਬੂ ਕਰਕੇ ਉਸ ਪਾਸੋਂ 15 ਨਸ਼ੀਲੇ ਟੀਕੇ (ਬਿਨਾਂ ਲੇਬਲ) ਤੇ 15 ਵਾਇਲਾਂ (ਬਿਨਾਂ ਲੇਬਲ) ਬਰਾਮਦ ਕੀਤੀਆਂ। ਇਸੇ ਤਰਾਂ ਥਾਣਾ ਸਦਰ ਦੇ ਏ.ਐੱਸ.ਆਈ. ਰਣਜੀਤ ਸਿੰਘ ਨੇ ਗਸ਼ਤ ਦੌਰਾਨ ਪਿੰਡ ਕੋਟਲਾ ਸ਼ਰਫ਼ ਨੇੜੇ ਜਸਵੰਤ ਸਿੰਘ ਪੁੱਤਰ ਮੰਗਲ ਸਿੰਘ ਵਾਸੀ ਹਰਦੋਝੰਡੇ ਨੂੰ ਕਾਬੂ ਕਰਕੇ ਉਸ ਪਾਸੋਂ 5.26 ਗ੍ਰਾਮ ਹੈਰੋਇਨ ਬਰਾਮਦ ਕੀਤੀ। ਐੱਸ.ਐੱਸ.ਪੀ. ਬਟਾਲਾ ਨੇ ਦੱਸਿਆ ਕਿ ਇੱਕ ਹੋਰ ਮਾਮਲੇ ਵਿੱਚ ਥਾਣਾ ਰੰਗੜ ਨੰਗਲ ਦੀ ਪੁਲੀਸ ਨੇ ਗਸ਼ਤ ਦੌਰਾਨ ਪਿੰਡ ਜੈਤੋਸਰਜਾ ਨੇੜੇ ਸੁਰਜੀਤ ਸਿੰਘ ਪੁੱਤਰ ਦਲਬੀਰ ਸਿੰਘ ਵਾਸੀ ਜੈਤੋਸਰਜਾ ਨੂੰ ਗਿ੍ਰਫ਼ਤਾਰ ਕਰਕੇ ਉਸ ਪਾਸੋਂ 30 ਬੋਤਲਾਂ ਨਜਾਇਜ਼ ਸ਼ਰਾਬ ਬਰਾਮਦ ਕੀਤੀ ਅਤੇ ਇਸੇ ਤਰਾਂ ਥਾਣਾ ਸ੍ਰੀ ਹਰਗੋਬਿੰਦਪੁਰ ਦੀ ਪੁਲੀਸ ਨੇ ਕੁਲਵੰਤ ਸਿੰਘ ਪੁੱਤਰ ਤਰਸੇਮ ਸਿੰਘ ਵਾਸੀ ਚੀਮਾ ਖੁੱਡੀ ਨੂੰ ਗਿ੍ਰਫ਼ਤਾਰ ਕਰਕੇ ਉਸ ਪਾਸੋਂ 12 ਬੋਤਲਾਂ ਨਜਾਇਜ਼ ਸ਼ਰਾਬ ਬਰਾਮਦ ਕੀਤੀਆਂ। ਜ਼ਿਲਾ ਪੁਲੀਸ ਮੁਖੀ ਨੇ ਦੱਸਿਆ ਕਿ ਇਸ ਸਬੰਧੀ ਵੱਖ-ਵੱਖ ਥਾਣਿਆਂ ਵਿੱਚ ਸਬੰਧਿਤ ਦੋਸ਼ੀਆਂ ਖ਼ਿਲਾਫ਼ ਆਬਕਾਰੀ ਐਕਟ ਤੇ ਐੱਨ.ਡੀ.ਪੀ.ਐੱਸ. ਐਕਟ ਦੀਆਂ ਧਾਰਾਵਾਂ ਤਹਿਤ ਪਰਚੇ ਦਰਜ ਕਰਕੇ ਅਗਲੇਰੀ ਸ਼ੁਰੂ ਕਰ ਦਿੱਤੀ ਹੈ। ਐੱਸ.ਐੱਸ.ਪੀ. ਘੁੰਮਣ ਨੇ ਨਸ਼ਾ ਤਸਕਰਾਂ ਨੂੰ ਸਖਤ ਚਿਤਾਵਨੀ ਦਿੰਦਿਆਂ ਕਿਹਾ ਕਿ ਸਮਾਜ ਵਿੱਚ ਨਸ਼ਿਆਂ ਦਾ ਜ਼ਹਿਰ ਵੰਡਣ ਵਾਲੇ ਇਨਾਂ ਅਨਸਰਾਂ ਨੂੰ ਬਖਸ਼ਿਆ ਨਹੀਂ ਜਾਵੇਗਾ। ਉਨਾਂ ਕਿਹਾ ਕਿ ਬਟਾਲਾ ਜ਼ਿਲੇ ਨੂੰ ਨਸ਼ਾ ਮੁਕਤ ਕਰਨ ਪੁਲਿਸ ਵਲੋਂ ਪੂਰੀ ਸਖਤੀ ਵਰਤੀ ਜਾ ਰਹੀ ਹੈ ਅਤੇ ਲੋਕਾਂ ਦੇ ਸਹਿਯੋਗ ਨਾਲ ਇਸ ਲਾਹਨਤ ਨੂੰ ਜੜ ਤੋਂ ਖਤਮ ਕੀਤਾ ਜਾਵੇਗਾ।