ਤੰਦਰੁਸਤ ਪੰਜਾਬ ਮਿਸ਼ਨ ਤਹਿਤ : 22 ਜੁਲਾਈ ਨੂੰ ਵਾਕਾਥਨ ਬਠਿੰਡਾ ਦੀ ਪ੍ਰਧਾਨਗੀ ਕਰਨਗੇ ਵਿੱਤ ਮੰਤਰੀ ਪੰਜਾਬ
ਡਿਪਟੀ ਕਮਿਸ਼ਨਰ ਨੇ ਜਾਰੀ ਕੀਤਾ ਰੂਟ ਪਲਾਨ, -ਜ਼ਿਲ੍ਹੇ ਦੇ ਸਾਰੇ ਬਜ਼ੁਰਗਾਂ ਨੂੰ ਇਸ ਸਮਾਗਮ ਦਾ ਹਿੱਸਾ ਬਣਨ ਦੀ ਅਪੀਲ
5 Dariya News
ਬਠਿੰਡਾ 19-Jul-2018
ਤੰਦਰੁਸਤ ਪੰਜਾਬ ਮਿਸ਼ਨ ਤਹਿਤ 22 ਜੁਲਾਈ ਨੂੰ ਰੋਜ਼ ਗਾਰਡਨ ਵਿਖੇ ਕਰਵਾਏ ਜਾ ਰਹੇ ਵਾਕਾਥਨ ਬਠਿੰਡਾ ਸਮਾਗਮ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ ਜਿਸ ਤਹਿਤ ਹੁਣ ਤੱਕ 850 ਲੋਕ ਇਸ ਸਮਾਗਮ 'ਚ ਹਿੱਸਾ ਲੈਣ ਲਈ ਆਪਣੀ ਆਨਲਾਈਨ ਰਜਿਸਟ੍ਰੇਸ਼ਨ ਕਰਵਾ ਚੁੱਕੇ ਹਨ। ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਪਰਨੀਤ ਨੇ ਦੱਸਿਆ ਕਿ ਵਾਕਾਥਨ ਬਠਿੰਡਾ 2018 ਦੀ ਪ੍ਰਧਾਨਗੀ ਵਿਤ ਮੰਤਰੀ ਪੰਜਾਬ ਮਨਪ੍ਰੀਤ ਸਿੰਘ ਬਾਦਲ ਕਰਨਗੇ। ਮੁੱਖ ਤੌਰ 'ਤੇ ਬਜ਼ੁਰਗਾਂ ਲਈ ਕਰਵਾਏ ਜਾ ਰਹੇ ਇਸ ਸਮਾਗਮ 'ਚ ਨੌਜਵਾਨ ਵੀ ਹਿੱਸਾ ਲੈ ਸਕਦੇ ਹਨ। ਇਸ ਸਬੰਧੀ ਰਜਿਸਟ੍ਰੇਸ਼ਨ ਆਨਲਾਈਨ www.tandarustbathinda.com 'ਤੇ ਕਰਵਾਈ ਜਾ ਰਹੀ ਹੈ ਅਤੇ ਹੁਣ ਤੱਕ 850 ਲੋਕਾਂ ਨੇ ਆਪਣੀ ਰਜਿਸਟ੍ਰੇਸ਼ਨ ਕਰਵਾ ਲਈ ਹੈ। ਸਮਾਗਮ 'ਚ ਹਿੱਸਾ ਲੈਣ ਲਈ 22 ਜੁਲਾਈ ਨੂੰ ਮੌਕੇ 'ਤੇ ਵੀ ਰਜਿਸਟ੍ਰੇਸ਼ਨ ਕਰਵਾਈ ਜਾ ਸਕਦੀ ਹੈ। ਡਿਪਟੀ ਕਮਿਸ਼ਨਰ, ਵਧੀਕ ਡਿਪਟੀ ਕਮਿਸ਼ਨਰ ਬਠਿੰਡਾ ਸ਼੍ਰੀਮਤੀ ਸਾਕਸ਼ੀ ਸਾਹਨੀ, ਸਿਵਲ ਸਰਜਨ ਬਠਿੰਡਾ ਡਾ. ਹਰੀਨਰਾਇਣ ਸਿੰਘ, ਐਸ.ਪੀ. ਸ਼੍ਰੀ ਗੁਰਮੀਤ ਸਿੰਘ, ਉਪ ਮੰਡਲ ਮੈਜਿਸਟ੍ਰੇਟ ਬਠਿੰਡਾ ਸ਼੍ਰੀ ਬਲਵਿੰਦਰ ਸਿੰਘ, ਤਹਿਸੀਲਦਾਰ ਬਠਿੰਡਾ ਸ਼੍ਰੀ ਸੁਖਬੀਰ ਸਿੰਘ ਨੇ ਵਾਕਾਥਨ ਬਠਿੰਡਾ ਦਾ ਰੂਟ ਪਲਾਨ ਜਾਰੀ ਕੀਤਾ। ਰੂਟ ਪਲਾਨ ਅਨੁਸਾਰ ਵਾਕਾਥਨ 1.5 ਕਿਲੋਮੀਟਰ ਦਾ ਫ਼ਾਸਲਾ ਤਹਿ ਕਰੇਗੀ।
ਰੋਜ਼ ਗਾਰਡਨ ਤੋਂ ਸ਼ੁਰੂ ਹੋ ਕੇ ਇਹ ਵਾਕਾਥਨ 'ਚ ਹਿੱਸਾ ਲੈਣ ਵਾਲੇ ਵਿਅਕਤੀ ਨਜਦੀਕ ਲਗਦੇ ਜੌਗਰਜ਼ ਪਾਰਕ 'ਚ ਜਾਣਗੇ। ਵਾਕਾਥਨ ਸਵੇਰੇ 6:00 ਤੋਂ ਲੈ ਕੇ 8:00 ਵਜੇ ਤੱਕ ਕਰਵਾਈ ਜਾਵੇਗੀ। ਇਸ ਦੀ ਸ਼ੁਰੂਆਤ ਆਰਟ ਆਫ਼ ਲਿਵਿੰਗ ਵਲੋਂ ਮੈਡੀਟੇਸਨ ਸੈਸ਼ਨ ਨਾਲ ਕਰਵਾਈ ਜਾਵੇਗੀ। ਇਸ ਮੌਕੇ ਵਾਕਾਥਨ ਅਤੇ ਤੰਦਰੁਸਤ ਪੰਜਾਬ ਮਿਸ਼ਨ ਲੋਗੋ ਵਾਲੀਆਂ ਟੀ-ਸ਼ਰਟਾਂ ਸਾਰੇ ਭਾਗ ਲੈਣ ਵਾਲਿਆਂ ਨੂੰ ਮੁਫ਼ਤ ਵੰਡੀਆਂ ਜਾਣਗੀਆਂ। ਮੌਕੇ 'ਤੇ ਬਜ਼ੁਰਗਾਂ ਲਈ ਮੁਫ਼ਤ ਸਿਹਤ ਚੈਕ-ਅਪ ਕੈਂਪ ਵੀ ਲਗਾਇਆ ਜਾਵੇਗਾ। ਇਸ ਤੋਂ ਇਲਾਵਾ ਮੌਕੇ 'ਤੇ ਖਾਣ-ਪੀਣ ਦਾ ਵੀ ਪ੍ਰਬੰਧ ਕੀਤਾ ਗਿਆ ਹੈ। ਡਿਪਟੀ ਕਮਿਸ਼ਨਰ ਵਲੋਂ ਸਿਹਤ ਵਿਭਾਗ ਨੂੰ ਹਦਾਇਤਾਂ ਕੀਤੀਆਂ ਗਈਆਂ ਕਿ ਮੌਕੇ 'ਤੇ ਐਂਬੂਲੈਂਸ, ਡਾਕਟਰਾਂ ਆਦਿ ਦਾ ਪ੍ਰਬੰਧ ਰੱਖਿਆ ਜਾਵੇ ਤਾਂ ਜੋ ਬਜ਼ੁਰਗਾਂ ਨੂੰ ਜ਼ਰੂਰਤ ਪੈਣ 'ਤੇ ਸਮੇਂ-ਸਿਰ ਡਾਕਟਰੀ ਸਹੂਲਤ ਮੁਹੱਈਆ ਕਰਵਾਈ ਜਾ ਸਕੇ। ਇਸੇ ਤਰ੍ਹਾਂ ਮੰਡੀ ਬੋਰਡ ਨੂੰ ਹਦਾਇਤਾਂ ਜਾਰੀ ਕੀਤੀਆਂ ਗਈਆਂ ਕਿ ਉਹ ਪੀਣ ਵਾਲੇ ਪਾਣੀ ਦਾ ਪ੍ਰਬੰਧ ਕਰਨਗੇ। ਬੈਠਕ 'ਚ ਮੌਜੂਦ ਵੱਖ-ਵੱਖ ਸਿੱਖਿਆ ਅਦਾਰਿਆਂ ਦੇ ਮੁਖੀਆਂ ਨੂੰ ਨਿਰਦੇਸ਼ ਦਿੱਤੇ ਗਏ ਕਿ ਉਹ ਆਪਣੇ-ਆਪਣੇ ਵਿਦਿਆਰਥੀਆਂ ਨੂੰ ਵਾਕਾਥਨ 2018 'ਚ ਜ਼ਰੂਰ ਲੈ ਕੇ ਆਉਣ। ਸ਼੍ਰੀ ਪਰਨੀਤ ਨੇ ਇਲਾਕਾ ਨਿਵਾਸਿਆਂ ਨੂੰ ਪੁਰਜ਼ੋਰ ਅਪੀਲ ਕੀਤੀ ਕਿ ਉਹ ਆਪਣੇ ਬਜ਼ੁਰਗਾਂ ਅਤੇ ਬੱਚਿਆਂ ਨਾਲ ਇਸ ਸਮਾਗਮ ਦਾ ਹਿੱਸਾ ਬਣਨ।