3 ਸਾਲਾ ਬੱਚੇ ਨੂੰ ਮਿਲਿਆ ਨਵਾਂ ਜੀਵਨ, ਦਿਲ 'ਚ ਛੇਦ ਨਾਲ ਪੈਦਾ ਹੋਏ ਬੱਚੇ ਦਾ ਪੰਜਾਬ ਸਰਕਾਰ ਨੇ ਕਰਵਾਇਆ ਮੁਫ਼ਤ ਓਪਰੇਸ਼ਨ
5 Dariya News
ਬਠਿੰਡਾ 17-Jul-2018
ਪਿੰਡ ਪੱਕਾ ਕਲਾਂ, ਸੰਗਤ ਬਲਾਕ ਦੇ 3 ਸਾਲਾ ਜਗਮੀਤ ਸਿੰਘ ਦੇ ਦਿਲ 'ਚ ਛੇਦ ਸਬੰਧੀ ਪੰਜਾਬ ਸਰਕਾਰ ਵਲੋਂ ਮੁਫ਼ਤ ਓਪਰੇਸ਼ਨ ਕਰਵਾਕੇ ਉਸਨੂੰ ਨਵੀਂ ਜ਼ਿੰਦਗੀ ਦਿੱਤੀ ਹੈ।ਮਾਰਚ 2016 ਪੱਕਾ ਕਲਾਂ ਵਾਸੀ ਮਨਪ੍ਰੀਤ ਸਿੰਘ ਦੇ ਘਰ ਪੈਦਾ ਹੋਏ ਜਗਮੀਤ ਸਿੰਘ ਨੂੰ ਜਮਾਂਦਰੂ ਹੀ ਦਿਲ ਦੀ ਬਿਮਾਰੀ ਸੀ। ਉਸ ਦੇ ਦਿਲ 'ਚ ਛੇਦ ਸੀ ਜਿਸ ਕਾਰਣ ਉਹ ਅਕਸਰ ਹੀ ਨੀਲਾ ਪੈ ਜਾਂਦਾ ਅਤੇ ਬਹੁਤ ਕਮਜ਼ੋਰ ਸੀ। ਉਸ ਦੇ ਚਾਚਾ ਸ਼੍ਰੀ ਬਲਕਰਨ ਸਿੰਘ ਨੇ ਦੱਸਿਆ ਕਿ ਪਿੰਡ ਦੀ ਆਂਗਣਵਾੜੀ ਵਿਖੇ ਆਯੂਰਵੈਦਿਕ ਮੈਡੀਕਲ ਅਫ਼ਸਰ ਡਾ. ਨਵਪ੍ਰੀਤ ਸਿੰਘ ਨੇ ਬੱਚੇ ਦਾ ਸਿਹਤ ਚੈੱਕਅਪ ਕੀਤਾ ਜਿਸ 'ਚ ਉਸ ਦੇ ਦਿਲ ਸਬੰਧੀ ਸਮੱਸਿਆ ਬਾਰੇ ਪਤਾ ਚੱਲਿਆ। ਇਸ ਬੱਚੇ ਨੂੰ ਰਾਸ਼ਟਰੀ ਬਾਲ ਸਵੱਸਥ ਕਾਰਿਯਾਕ੍ਰਮ ਅਧੀਨ ਰਜਿਸਟਰ ਕਰਦੇ ਹੋਏ ਇਸ ਨੂੰ ਸਿਵਲ ਹਸਪਤਾਲ ਬਠਿੰਡਾ ਵਿਖੇ ਰੈਫ਼ਰ ਕਰ ਦਿੱਤਾ ਗਿਆ।ਵਧੀਕ ਡਿਪਟੀ ਕਮਿਸ਼ਨਰ ਸ਼੍ਰੀਮਤੀ ਸਾਕਸ਼ੀ ਸਾਹਨੀ ਅਤੇ ਸਿਵਲ ਸਰਜਨ ਬਠਿੰਡਾ ਡਾ. ਹਰੀ ਨਰਾਇਣ ਸਿੰਘ ਨੇ ਦੱਸਿਆ ਕਿ ਸਾਰਾ ਕੇਸ ਤਿਆਰ ਕਰਨ ਤੋਂ ਬਾਅਦ ਬੱਚੇ ਦੇ ਮਾਤਾ-ਪਿਤਾ ਨੂੰ ਦੱਸਿਆ ਕਿ ਉਹ ਬੱਚੇ ਦਾ ਮੁਫ਼ਤ ਓਪਰੇਸ਼ਨ ਪੀ.ਜੀ.ਆਈ. ਚੰਡੀਗੜ੍ਹ ਜਾ ਫੋਰਟਿਸ ਹਸਪਤਾਲ ਮੋਹਾਲੀ ਵਿਖੇ ਕਰਵਾ ਸਕਦੇ ਹਨ। 4 ਅਪ੍ਰੈਲ 2018 ਨੂੰ ਜਗਮੀਤ ਨੂੰ ਫੋਰਟਿਸ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਜਿੱਥੇ ਮਾਹਰ ਡਾਕਟਰਾਂ ਦੀ ਟੀਮ ਨੇ ਬੱਚੇ ਦਾ ਓਪਰੇਸ਼ਨ ਆਧੁਨਿਕ ਤਕਨੀਕ ਨਾਲ ਮੁਫ਼ਤ ਕੀਤਾ। ਬੱਚੇ ਦੇ ਪਿਤਾ ਸ਼੍ਰੀ ਮਨਪ੍ਰੀਤ ਸਿੰਘ ਨੇ ਦੱਸਿਆ ਕਿ ਜਗਮੀਤ ਦਾ ਇਲਾਜ ਬਿਲਕੁਲ ਮੁਫ਼ਤ ਕੀਤਾ ਗਿਆ ਹੈ ਅਤੇ ਉਨ੍ਹਾਂ ਨੇ ਕਿਸੇ ਵੀ ਪ੍ਰਕਾਰ ਦਾ ਕੋਈ ਪੈਸਾ ਨਹੀਂ ਦਿੱਤਾ।