ਬਟਾਲਾ ਪੁਲਿਸ ਵਲੋਂ ਲੋਕਾਂ ਨੂੰ ਨਸ਼ਿਆਂ ਖਿਲਾਫ਼ ਜਾਗਰੂਕ ਕਰਨ ਲਈ ਗਲੀ ਮੁਹੱਲੇ ਤੱਕ ਕੀਤੀ ਜਾ ਰਹੀ ਹੈ ਪਹੁੰਚ
ਨਸ਼ਾ ਰੋਕਣ ਲਈ ਸਮਾਜ ਦਾ ਹਰ ਵਰਗ ਮਿਲ ਕੇ ਹੰਭਲਾ ਮਾਰੇ – ਐੱਸ.ਐੱਸ.ਪੀ. ਬਟਾਲਾ
5 Dariya News
ਬਟਾਲਾ 18-Jul-2018
ਪੰਜਾਬ ਸਰਕਾਰ ਵਲੋਂ ਚਲਾਈ ਜਾ ਰਹੀ ਨਸ਼ਾ ਮੁਕਤੀ ਮੁਹਿੰਮ ਤਹਿਤ ਪੁਲਿਸ ਜ਼ਿਲ੍ਹਾ ਬਟਾਲਾ ਵਲੋਂ ਲੋਕਾਂ ਨੂੰ ਜਾਗਰੂਕ ਕਰਨ ਲਈ ਹਰ ਗਲੀ ਮੁਹੱਲੇ ਤੱਕ ਪਹੁੰਚ ਕੀਤੀ ਜਾ ਰਹੀ ਹੈ। ਐੱਸ.ਐੱਸ.ਪੀ. ਬਟਾਲਾ ਦੀ ਅਗਵਾਈ ਹੇਠ ਚੱਲ ਰਹੀ ਇਸ ਮੁਹਿੰਮ ਤਹਿਤ ਬੀਤੀ ਸ਼ਾਮ ਬਟਾਲਾ ਦੇ ਨਹਿਰੂ ਗੇਟ ਕੋਲ ਸਿਟੀ ਥਾਣੇ ਵਲੋਂ ਇੱਕ ਜਾਗਰੂਕਤਾ ਸੈਮੀਨਾਰ ਕਰਵਾਇਆ ਗਿਆ। ਇਸ ਸੈਮੀਨਾਰ ਵਿੱਚ ਐੱਸ.ਐੱਸ.ਪੀ. ਬਟਾਲਾ ਸ. ਓਪਿੰਦਰਜੀਤ ਸਿੰਘ ਘੁੰਮਣ ਵਿਸ਼ੇਸ਼ ਤੌਰ 'ਤੇ ਸ਼ਾਮਲ ਹੋਏ ਜਦਕਿ ਬਟਾਲਾ ਸ਼ਹਿਰ ਦੀਆਂ ਪ੍ਰਮੁੱਖ ਸ਼ਖਸ਼ੀਅਤਾਂ ਅਤੇ ਵੱਡੀ ਗਿਣਤੀ ਵਿੱਚ ਲੋਕਾਂ ਨੇ ਇਸ ਸੈਮੀਨਾਰ ਵਿੱਚ ਭਾਗ ਲਿਆ। ਸੈਮੀਨਾਰ ਦੌਰਾਨ ਆਪਣੇ ਵਿਚਾਰ ਪੇਸ਼ ਕਰਦਿਆਂ ਐੱਸ.ਐੱਸ.ਪੀ. ਬਟਾਲਾ ਸ. ਓਪਿੰਦਰਜੀਤ ਸਿੰਘ ਘੁੰਮਣ ਨੇ ਕਿਹਾ ਕਿ ਪੰਜਾਬ ਸਰਕਾਰ ਦੀਆਂ ਹਦਾਇਤਾਂ ਦੇ ਤਹਿਤ ਬਟਾਲਾ ਪੁਲਿਸ ਨਸ਼ਿਆਂ ਦੇ ਖਾਤਮੇ ਲਈ ਪੂਰੀ ਤਰਾਂ ਵਚਨਬੱਧ ਹੈ ਅਤੇ ਪੁਲਿਸ ਵਲੋਂ ਨਸ਼ਾ ਤਸਕਰਾਂ ਖਿਲਾਫ਼ ਪੂਰੀ ਸਖਤੀ ਵਰਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਜਿਥੇ ਪੁਲਿਸ ਨਸ਼ਾ ਸਮੱਗਲਰਾਂ ਖਿਲਾਫ ਕਾਨੂੰਨੀ ਕਾਰਵਾਈ ਕਰ ਰਹੀ ਹੈ ਉਥੇ ਨਾਲ ਹੀ ਨਸ਼ੇ ਦੀ ਆਦਤ ਦੇ ਸ਼ਿਕਾਰ ਨੌਜਵਾਨਾਂ ਨੂੰ ਇਲਾਜ ਕਰਾਉਣ ਲਈ ਪ੍ਰੇਰਿਤ ਕਰ ਰਹੀ ਹੈ।
ਉਨ੍ਹਾਂ ਕਿਹਾ ਕਿ ਨਸ਼ੇ ਰੋਕਣ ਲਈ ਸਮਾਜ ਦੇ ਹਰ ਵਰਗ ਨੂੰ ਮਿਲ ਕੇ ਹੰਭਲਾ ਮਾਰਨਾ ਪਵੇਗਾ ਤਾਂ ਹੀ ਅਸੀਂ ਆਪਣੇ ਸਮਾਜ ਵਿੱਚੋਂ ਇਸ ਲਾਹਨਤ ਨੂੰ ਖਤਮ ਕਰ ਸਕਦੇ ਹਾਂ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸਮਾਜ ਦੀ ਭਲਾਈ ਲਈ ਪੁਲਿਸ ਦਾ ਸਾਥ ਦੇਣ ਤਾਂ ਜੋ ਸਾਰੇ ਰਲ ਕੇ ਨਸ਼ਿਆਂ ਨੂੰ ਜੜ੍ਹ ਤੋਂ ਖਤਮ ਕੀਤਾ ਜਾ ਸਕੇ। ਇਸ ਮੌਕੇ ਡੀ.ਐੱਸ.ਪੀ. ਸਿਟੀ ਪ੍ਰਲਾਦ ਸਿੰਘ ਨੇ ਕਿਹਾ ਕਿ ਬਟਾਲਾ ਸ਼ਹਿਰ ਵਿਚੋਂ ਨਸ਼ੇ ਨੂੰ ਖਤਮ ਕਰ ਕੇ ਹੀ ਦਮ ਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਪੁਲਿਸ ਵੱਲੋਂ ਹਰ ਮੁਹੱਲੇ ਵਿੱਚ ਜਾ ਕੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਣ ਦਾ ਹੋਕਾ ਦਿੱਤਾ ਜਾ ਰਿਹਾ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਨਸ਼ਿਆਂ ਦੇ ਖਾਤਮੇ ਲਈ ਅੱਗੇ ਆਉਣ। ਇਸ ਮੌਕੇ ਯਸਪਾਲ ਚੌਹਾਨ, ਕਸਤੂਰੀ ਲਾਲ ਸੇਠ, ਕੌਂਸਲਰ ਸੁਨੀਲ ਸਰੀਨ, ਜੋਗਿੰਦਰ ਅੰਗੂਰਾਲਾ, ਅਸ਼ੋਕ ਲੂਥਰਾ, ਐੱਸ.ਐੱਚ.ਓ. ਸਿਟੀ ਵਿਸ਼ਵਾਮਿੱਤਰ, ਓਮ ਪ੍ਰਕਾਸ਼ ਸ਼ਰਮਾਂ, ਅਜ਼ਾਦ ਸ਼ਰਮਾਂ, ਜਗਜੋਤ ਸੰਧੂ ਨੇ ਵੀ ਆਪਣੇ ਸੰਬੋਧਨ ਵਿੱਚ ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਣ ਦੀ ਪ੍ਰੇਰਨਾ ਦਿੱਤੀ। ਇਸ ਮੌਕੇ ਆਰਟਿਸਟ ਵੈਲਫੇਅਰ ਸੁਸਾਇਟੀ ਬਟਾਲਾ ਵਲੋਂ ਨਸ਼ਿਆਂ ਖਿਲਾਫ਼ ਨੁੱਕੜ ਨਾਟਕ ਵੀ ਖੇਡਿਆ ਗਿਆ।