ਸਵਰਨਦੀਪ ਸਿੰਘ ਨੇ ਐਸ.ਐਸ ਪੀ ਗੁਰਦਾਸਪੁਰ ਦਾ ਅਹੁੱਦਾ ਸੰਭਾਲਿਆ
ਜ਼ਿਲ੍ਹਾ ਵਾਸੀਆਂ ਦੀ ਹਰ ਮੁਸ਼ਕਿਲ ਦਾ ਕੀਤਾ ਜਾਵੇਗਾ ਪਹਿਲ ਦੇ ਅਧਾਰ 'ਤੇ ਹੱਲ, ਜ਼ਿਲ੍ਹੇ ਅੰਦਰ ਨਸ਼ਿਆਂ ਦਾ ਧੰਦਾ ਕਰਨ ਵਾਲਿਆਂ ਨੂੰ ਬਖਸ਼ਿਆ ਨਹੀਂ ਜਾਵੇਗਾ : ਐਸ.ਐਸ.ਪੀ
5 Dariya News
ਗੁਰਦਾਸਪੁਰ 13-Jul-2018
ਸਵਰਨਦੀਪ ਸਿੰਘ ਪੀ.ਪੀ.ਐਸ ਸੀਨੀਅਰ ਪੁਲਿਸ ਅਧਿਕਾਰੀ ਨੇ ਅੱਜ ਐਸ.ਐਸ.ਪੀ ਗੁਰਦਾਸਪੁਰ ਦਾ ਆਹੁੱਦਾ ਸੰਭਾਲ ਲਿਆ ਹੈ। ਐਸ.ਐਸ.ਪੀ ਦਾ ਅਹੁੱਦਾ ਸੰਭਾਲਣ ਤੋਂ ਪਹਿਲਾਂ ਸ੍ਰੀ ਸਵਰਨਦੀਪ ਸਿੰਘ ਏ.ਆਈ.ਜੀ ਇੰਟੈਲੀਜੈਂਸ ਵਜੋਂ ਸੇਵਾਵਾਂ ਨਿਭਾਅ ਰਹੇ ਸਨ।ਐਸ.ਐਸ.ਪੀ ਗੁਰਦਾਸਪੁਰ ਦਾ ਅਹੁਦਾ ਸੰਭਾਲਣ ਉਪਰੰਤ ਗੈਰ ਰਸਮੀ ਗੱਲਬਾਤ ਕਰਦਿਆਂ ਐਸ.ਐਸ.ਪੀ ਸ੍ਰੀ ਸਵਰਨਦੀਪ ਸਿੰਘ ਨੇ ਕਿਹਾ ਕਿ ਉਹ ਜ਼ਿਲ੍ਹਾ ਵਾਸੀਆਂ ਨੂੰ ਭ੍ਰਿਸ਼ਟਾਚਾਰ ਮੁਕਤ ਮਾਹੌਲ ਪ੍ਰਦਾਨ ਕਰਨਗੇ, ਲੋਕਾਂ ਦੀਆਂ ਸਮੱਸਿਆਵਾਂ ਪਹਿਲ ਦੇ ਆਧਾਰ 'ਤੇ ਹੱਲ ਕਰਨ ਵਿਚ ਕੋਈ ਕਸਰ ਨਹੀਂ ਛੱਡਣਗੇ ਅਤੇ ਹਰੇਕ ਨਾਗਰਿਕ ਦਾ ਉਨਾਂ ਦੇ ਦਫ਼ਤਰ ਵਿਚ ਪੂਰਾ ਮਾਣ ਸਤਿਕਾਰ ਕੀਤਾ ਜਾਵੇਗਾ। ਉਨਾਂ ਅੱਗੇ ਕਿਹਾ ਕਿ ਲੋਕਾਂ ਨੂੰ ਨਿਆਂ ਦਿਵਾਉਣਾ ਪੁਲਿਸ ਪ੍ਰਸ਼ਾਸਨ ਦੀ ਪਹਿਲ ਹੋਵੇਗੀ ਅਤੇ ਥਾਣਿਆਂ, ਪੁਲਿਸ ਚੌਂਕੀਆਂ ਅਤੇ ਪੁਲਿਸ ਵਿਭਾਗ ਦੇ ਦਫਤਰਾਂ ਵਿਚ ਲੋਕਾਂ ਦੀ ਹਰ ਮੁਸ਼ਕਿਲ ਹੱਲ ਕਰਨੀ ਉਨਾਂ ਦੀ ਪ੍ਰਾਰਥਮਿਕਤਾ ਹੋਵੇਗੀ। ਉਨਾਂ ਅੱਗੇ ਕਿਹਾ ਕਿ ਸਮਾਜ ਵਿਰੋਧੀ ਅਨਸਰਾਂ ਵਿਰੁੱਧ ਨਕੇਲ ਹੋਰ ਕੱਸੀ ਜਾਵੇਗੀ ਅਤੇ ਜ਼ਿਲ੍ਹੇ ਅੰਦਰ ਅਮਨ, ਸ਼ਾਂਤੀ ਤੇ ਭਾਈਚਾਰਕ ਸਾਂਝ ਨੂੰ ਮਜ਼ਬੂਤ ਕਰਨਾ ਪੁਲਿਸ ਪ੍ਰਸ਼ਾਸਨ ਦੀ ਪ੍ਰਮੁੱਖਤਾ ਹੋਵੇਗੀ। ਉਨਾਂ ਅੱਗੇ ਕਿਹਾ ਕਿ ਸੂਬਾ ਸਰਕਾਰ ਵਲੋਂ ਨਸ਼ਿਆਂ ਨੂੰ ਜੜ੍ਹ ਤੋਂ ਖਤਮ ਕਰਨ ਦੀ ਵਿੱਢੀ ਮੁਹਿੰਮ ਤਹਿਤ ਜਿਲੇ ਗੁਰਦਾਸਪੁਰ ਅੰਦਰ ਕਿਸੇ ਵੀ ਕੀਮਤ 'ਤੇ ਨਸ਼ਿਆਂ ਦਾ ਕਾਰੋਬਾਰ ਕਰਨ ਵਾਲਿਆਂ ਨੂੰ ਬਖਸ਼ਿਆ ਨਹੀਂ ਜਾਵੇਗਾ।
ਉਨਾਂ ਸਖਤ ਲਫਜ਼ਾਂ ਵਿਚ ਕਿਹਾ ਕਿ ਲੋਕਾਂ ਨੂੰ ਨਸ਼ਿਆਂ ਵਿਚ ਧਕੇਲਣ ਵਾਲਿਆਂ ਵਿਰੁੱਧ ਸਖਤੀ ਨਾਲ ਨਿਪਟਿਆ ਜਾਵੇਗਾ। ਉਨਾਂ ਦੱਸਿਆ ਕਿ ਪੁਲਿਸ ਪ੍ਰਸ਼ਾਸਨ ਵਲੋ ਜਿਲੇ ਭਰ ਵਿਚ ਜਿਥੇ ਨਸ਼ਾ ਕਾਰੋਬਾਰੀਆਂ ਵਿਰੁੱਧ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਉਸਦੇ ਨਾਲ-ਨਾਲ ਜੋ ਲੋਕ ਕਿਸੇ ਕਾਰਨ ਇਸ ਬਿਮਾਰੀ ਦਾ ਸ਼ਿਕਾਰ ਹੋ ਗਏ ਹਨ, ਉਨਾਂ ਦੀ ਕੌਂਸਲਿੰਗ ਕਰਕੇ ਉਨਾਂ ਦਾ ਨਸ਼ਾ ਛੁਡਾਊਂ ਕੇਂਦਰਾਂ ਵਿਚ ਇਲਾਜ ਕਰਵਾਇਆ ਜਾਵੇਗਾ। ਉਨਾਂ ਜ਼ਿਲੇ ਗੁਰਦਾਸਪੁਰ ਨੂੰ ਨਸ਼ਾ ਮੁਕਤ ਕਰਨ ਲਈ ਜ਼ਿਲਾਵਾਸੀਆਂ ਕੋਲ ਸਹਿਯੋਗ ਦੀ ਅਪੀਲ ਕਰਦਿਆਂ ਕਿਹਾ ਕਿ ਸਮੂਹਿਕ ਯਤਨਾਂ ਨਾਲ ਹੀ ਇਸ ਨਾਮੁਰਾਦ ਸਮਾਜਿਕ ਬੁਰਾਈ ਨੂੰ ਸਮਾਜ ਵਿਚੋਂ ਖਦੇੜਿਆ ਜਾ ਸਕਦਾ ਹੈ। ਉਨਾਂ ਅੱਗੇ ਕਿਹਾ ਕਿ ਪੁਲਿਸ ਵਿਭਾਗ ਦੇ ਅਧਿਕਾਰੀ ਲੋਕਾਂ ਦੇ ਸੇਵਾਦਾਰ ਹਨ ਅਤੇ ਸੇਵਾਦਰ ਬਣਕੇ ਲੋਕਾਂ ਦੀਆਂ ਸਮੱਸਿਆਵਾਂ ਪਹਿਲ ਦੇ ਅਧਾਰ 'ਤੇ ਹੱਲ ਕਰਨ। ਉਨਾਂ ਸ਼ਖਤ ਲਹਿਜੇ ਵਿਚ ਕਿਹਾ ਕਿ ਲੋਕਾਂ ਦੀ ਖੱਜਲ ਖੁਆਰੀ ਬਿਲਕੁੱਲ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਅਤੇ ਲੋਕ ਹਿੱਤ ਨਾਲ ਸਬੰਧਿਤ ਹਰ ਮੁਸ਼ਕਿਲ ਨੂੰ ਹੱਲ ਕਰਨਾ ਉਨਾਂ ਦੀ ਪਹਿਲ ਹੋਣੀ ਚਾਹੀਦੀ ਹੈ। ਉਨ੍ਹਾਂ ਪੁਲਿਸ ਵਿਭਾਗ ਦੇ ਅਧਿਕਾਰੀਆਂ ਨੂੰ ਕਿਹਾ ਕਿ ਉਹ ਲੋਕਾਂ ਦਾ ਦਫ਼ਤਰ ਵਿਖੇ ਆਉਣ 'ਤੇ ਪੂਰੇ ਮਾਣ ਤੇ ਸਤਿਕਾਰ ਨਾਲ ਉਨਾਂ ਦੀ ਗੱਲ ਸੁਣਨ ਅਤੇ ਉਨਾਂ ਦੀ ਮੁਸ਼ਕਿਲ ਪਹਿਲ ਦੇ ਆਧਾਰ 'ਤੇ ਹੱਲ ਕਰਨ।