5 Dariya News

ਪਿੰਡ ਬੁੱਘੀਪੁਰਾ ਦੇ ਪ੍ਰਵਾਸੀ ਪੰਜਾਬੀਆਂ ਅਤੇ ਸੰਤ ਸਤਵੰਤ ਸਿੰਘ ਡੇਰਾ ਸੱਤੇਆਣਾ ਨੇ ਸਰਕਾਰੀ ਪ੍ਰਾਇਮਰੀ ਸਕੂਲ ਬੁੱਘੀਪੁਰਾ ਦੀ ਬਦਲੀ ਨੁਹਾਰ-ਡਿਪਟੀ ਕਮਿਸ਼ਨਰ

200 ਦੇ ਕਰੀਬ ਵਿਦਿਆਰਥੀ ਲੈ ਰਹੇ ਨੇ ਮਾਡਲ ਸਕੂਲ ਵਾਲੀਆਂ ਸਹੂਲਤਾਂ , ਸਿੱਖਿਆਦਾਇਕ ਦਿਲ-ਖਿੱਚਵੇਂ ਚਿੱਤਰਾਂ ਸਦਕਾ ਨਿੱਕੜੇ ਚਾਈਂ-ਚਾਈਂ ਆਉਂਦੇ ਨੇ ਸਕੂਲ

5 Dariya News

ਮੋਗਾ 13-Jul-2018

ਪੰਜਾਬ ਸਰਕਾਰ ਦੇ 'ਪੜ੍ਹੋ ਪੰਜਾਬ ,ਪੜ੍ਹਾਓ ਪੰਜਾਬ' ਪ੍ਰੋਗਰਾਮ ਨੂੰ ਉਸ ਸਮੇਂ ਭਾਰੀ ਹੁਲਾਰਾ ਮਿਲਿਆ ਜਦੋਂ ਪ੍ਰਵਾਸੀ ਪੰਜਾਬੀਆਂ ਅਤੇ ਪਿੰਡ ਬੁੱਘੀਪੁਰਾ ਦੇ ਸੰਤ ਸਤਵੰਤ ਸਿੰਘ ਡੇਰਾ ਸੱਤੇਆਣਾ ਨੇ ਸਰਕਾਰੀ ਪ੍ਰਾਇਮਰੀ ਸਕੂਲ ਬੁੱਘੀਪੁਰਾ ਵਿੱਚ ਪੜ੍ਹਦੇ ਨਿੱਕੜਿਆਂ ਨੂੰ ਮਾਡਲ ਸਕੂਲ ਵਾਲੀਆਂ ਸਹੂਲਤਾਂ ਮੁਹੱਈਆ ਕਰਵਾ ਕੇ ਪੰਜਾਬ ਦੇ ਹੋਰਨਾਂ ਪਿੰਡਾਂ ਲਈ ਨਵੀਂ ਮਿਸਾਲ ਕਾਇਮ ਕਰ ਦਿੱਤੀ। ਸਕੂਲ ਵਿੱਚ ਪ੍ਰੀ-ਨਰਸਰੀ ਲਈ ਨਾ ਸਿਰਫ਼ ਸ਼ਾਨਦਾਰ ਕਮਰੇ ਦੀ ਉਸਾਰੀ ਕਰਵਾਈ ਗਈ ਬਲਕਿ ਉਸ ਵਿੱਚ ਸਿੱਖਿਆਦਾਇਕ ਦਿਲ ਖਿੱਚਵੇਂ ਚਿੱਤਰਾਂ ਸਦਕਾ ਵਿਦਿਆਰਥੀ ਚਾਈਂ-ਚਾਈਂ ਸਕੂਲ ਆਉਂਦੇ ਨੇ ਤੇ ਸਮਾਰਟ ਕਲਾਸ ਵਿੱਚ ਐੱਲ ਈ ਡੀ 'ਤੇ ਨਿਤ ਨਵੇਂ ਪਾਠ-ਕ੍ਰਮ ਪੜ੍ਹਦਿਆਂ ਆਪਣੇ ਆਪ ਨੂੰ ਸਮੇਂ ਦੇ ਹਾਣੀ ਬਣਾਉਂਦੇ ਨੇ। ਪਿਛਲੇ ਦਿਨੀਂ ਸੰਤ ਸਤਵੰਤ ਸਿੰਘ ਡੇਰਾ ਸੱਤੇਆਣਾ ਵੱਲੋਂ ਦੋ ਲੱਖ ਰੁਪਏ ਦੀ ਰਾਸ਼ੀ ਨਾਲ ਸਰਕਾਰੀ ਪ੍ਰਾਇਮਰੀ ਸਕੂਲ ਬੁੱਘੀਪੁਰਾ ਵਿੱਚ ਪ੍ਰਾਇਮਰੀ ਕਲਾਸ ਰੂਮ, ਦਫ਼ਤਰ ਅਤੇ ਲਾਇਬਰੇਰੀ ਤਾਮੀਰ ਕਰਵਾਈ ਗਈ। ਇਸ ਆਧੁਨਿਕ ਲਾਇਬਰੇਰੀ ਦਾ ਉਦਾਘਾਟਨ ਕਰਨ ਪੁੱਜੇ ਮੋਗਾ ਦੇ ਡਿਪਟੀ ਕਮਿਸ਼ਨਰ ਸ: ਦਿਲਰਾਜ ਸਿੰਘ ਨੇ ਪ੍ਰਵਾਸੀ ਪੰਜਾਬੀਆਂ ਅਤੇ ਸੰਤ ਸਤਵੰਤ ਸਿੰਘ ਡੇਰਾ ਸੱਤੇਆਣਾ ਬੁੱਘੀਪੁਰਾ ਦੀ ਭਰਪੂਰ ਸ਼ਲਾਘਾ ਕਰਦਿਆਂ ਆਖਿਆ ਕਿ ਇਸ ਗੱਲ ਵਿਚ ਕੋਈ ਸ਼ੰਕਾ ਨਹੀਂ ਕਿ ਪੰਜਾਬ ਦੇ ਲੋਕ ਸੰਤਾਂ ਮਹਾਂਪੁਰਖਾਂ ਦਾ ਸਤਿਕਾਰ ਕਰਦੇ ਨੇ ਤੇ ਜੇਕਰ ਸੰਤ ਮਹਾਂਪੁਰਖ ਸਿੱਖਿਆ ਦੇ ਖੇਤਰ ਵਿੱਚ ਕਦਮ ਅੱਗੇ ਵਧਾਉਣ ਤਾਂ ਪੰਜਾਬ ਸਿੱਖਿਆ ਦੇ ਖੇਤਰ ਵਿੱਚ ਉੱਚੀਆਂ ਮੰਜ਼ਿਲਾਂ ਸਰ ਕਰ ਸਕਦਾ ਹੈ। 

 ਡਿਪਟੀ ਕਮਿਸ਼ਨਰ ਨੇ ਪ੍ਰਵਾਸੀ ਪੰਜਾਬੀਆਂ ਵੱਲੋਂ ਪੰਜਾਬ ਦੀ ਕਾਇਆ ਕਲਪ ਕਰਨ ਦੀ ਰੀਝ ਦਾ ਜ਼ਿਕਰ ਕਰਦਿਆਂ ਆਖਿਆ ਕਿ ਪ੍ਰਵਾਸੀ ਪੰਜਾਬੀ ਸਿਰਫ਼ ਉਦੋਂ ਹੀ ਦਿਲ ਖੋਲ੍ਹ ਕੇ ਸਹਾਇਤਾ ਕਰਦੇ ਨੇ, ਜਦੋਂ ਉਨ੍ਹਾਂ ਨੂੰ ਇਹ ਅਹਿਸਾਸ ਹੋ ਜਾਵੇ ਕਿ ਉਨ੍ਹਾਂ ਦੀ ਖੂਨ ਪਸੀਨੇ ਦੀ ਕਮਾਈ ਸਹੀ ਜਗ੍ਹਾ 'ਤੇ ਲੱਗ ਰਹੀ ਹੈ। ਉਨ੍ਹਾਂ ਕਿਹਾ ਕਿ ਜਿੱਥੇ ਪ੍ਰਵਾਸੀਆਂ ਵੱਲੋਂ ਸਕੂਲ ਦੀ ਨੁਹਾਰ ਬਦਲਣ ਲਈ ਯਤਨ ਆਰੰਭੇ ਗਏ ਹਨ, ਉੱਥੇ ਸਰਕਾਰੀ ਪ੍ਰਾਇਮਰੀ ਸਕੂਲ ਬੁੱਘੀਪੁਰਾ ਦਾ ਸਮੁੱਚਾ ਸਟਾਫ਼ ਵਧਾਈ ਦਾ ਪਾਤਰ ਹੈ, ਕਿਉਂਕਿ ਸਟਾਫ਼ ਦੀ ਸਮਰਪਣ ਦੀ ਭਾਵਨਾ ਸਦਕਾ ਹੀ ਇਸ ਸੈਸ਼ਨ ਵਿੱਚ ਪ੍ਰੀ ਪ੍ਰਾਇਮਰੀ ਦੇ 55 ਵਿਦਿਆਰਥੀਆਂ ਨੇ ਦਾਖਲਾ ਲਿਆ ਹੈ। ਇਸ ਮੌਕੇ ਡਿਪਟੀ ਕਮਿਸ਼ਨਰ ਨੇ ਸਕੂਲੀ ਵਿਦਿਆਰਥੀਆਂ ਨੂੰ ਆਪਣੇ ਹੱਥੀਂ ਨੈੱਕ ਟਾਈਆਂ ਅਤੇ ਬੈਲਟਾਂ ਲਗਾਈਆਂ ਅਤੇ ਉਨ੍ਹਾਂ ਦੇ ਗਲਾਂ ਵਿੱਚ ਪਛਾਣ ਪੱਤਰ ਪਹਿਨਾਉਂਦਿਆਂ ਉਨ੍ਹਾਂ ਨੂੰ ਉੱਚ ਸਿੱਖਿਆ ਹਾਸਲ ਕਰਨ ਲਈ ਉਤਸ਼ਾਹਿਤ ਵੀ ਕੀਤਾ। ਇਸ ਮੌਕੇ ਸੰਤ ਸਤਵੰਤ ਸਿੰਘ ਡੇਰਾ ਸੱਤੇਆਣਾ ਅਤੇ ਡਿਪਟੀ ਕਮਿਸ਼ਨਰ ਨੇ ਬੱਚਿਆਂ ਨੂੰ ਲਾਇਬਰੇਰੀ ਦੇ ਉਦਘਾਟਨ ਦੀ ਖੁਸ਼ੀ ਵਿੱਚ ਲੱਡੂ ਵੀ ਵੰਡੇ। ਇਸ ਮੌਕੇ ਸਮਾਜ ਸੇਵੀ ਸੁਖਜੀਤ  ਸਿੰਘ ਸੇਖੋਂ ਜਨਰੇਟਰ, ਨਿਰਮਲ ਸਿੰਘ ਤੂਰ, ਬੀਬੀ ਸੁਰਿੰਦਰ ਕੌਰ, ਜ਼ਿਲ੍ਹਾ ਸਿੱਖਿਆ ਅਫਸਰ ਗੁਰਦਰਸ਼ਨ ਸਿੰਘ ਬਰਾੜ, ਮਨਜੀਤ ਸਿੰਘ, ਸੁਖਦੀਪ ਸਿੰਘ,  ਬੀ.ਪੀ.ਈ.ਓ. ਮੋਗਾ ਸੁਰਿੰਦਰ ਕੁਮਾਰ, ਮਨਜਿੰਦਰ ਸਿੰਘ ਯੂਥ ਆਗੂ, ਬਲਦੇਵ ਸਿੰਘ ਮੈਂਬਰ, ਵਿਕਰਮਜੀਤ ਸਿੰਘ, ਮੁੱਖ ਅਧਿਆਪਕਾ ਜਤਿੰਦਰ ਕੌਰ, ਸਿਲਕੀ ਰਾਣੀ, ਸਤਵਿੰਦਰ ਕੌਰ, ਸਤਵੰਤ ਕੌਰ, ਕਿਰਨਦੀਪ ਕੌਰ, ਰੁਪਿੰਦਰ ਕੌਰ ਅਤੇ ਅਮਨਜੋਤ ਕੌਰ ਆਦਿ ਹਾਜ਼ਰ ਸਨ। ਇਸ ਮੌਕੇ ਮੁੱਖ ਅਧਿਆਪਕਾ ਜਤਿੰਦਰ ਕੌਰ ਨੇ ਸਕੂਲ ਵਿਚ ਆਏ ਸਮੂਹ ਪਤਵੰਤਿਆਂ ਦਾ ਧੰਨਵਾਦ ਕੀਤਾ।