5 Dariya News

ਮਿਸ਼ਨ ਤੰਦਰੁਸਤ ਪੰਜਾਬ-''ਹੁਣ ਆਪਣੇ ਪਿਆਰਿਆਂ ਦੀ ਯਾਦ ਵਿੱਚ ਲਗਾਓ ਪੌਦੇ''

ਡਿਪਟੀ ਕਮਿਸ਼ਨਰ ਵੱਲੋਂ ਜੰਗਲਾਤ ਵਿਭਾਗ ਨੂੰ ਪੌਦੇ ਲਗਾਉਣ ਲਈ ਜਗ੍ਹਾ ਲੱਭਣ ਦੀ ਹਦਾਇਤ, ਖੇਡ ਵਿਭਾਗ ਨੂੰ ਪਿੰਡਾਂ ਵਿੱਚ ਕਲੱਸਟਰ ਪੱਧਰੀ ਟੂਰਨਾਮੈਂਟ ਕਰਵਾਉਣ ਬਾਰੇ ਕਿਹਾ

5 Dariya News

ਲੁਧਿਆਣਾ 10-Jul-2018

ਆਲੇ-ਦੁਆਲੇ ਨੂੰ ਹਰਾ-ਭਰਾ ਰੱਖਣ ਅਤੇ ਪੌਦਿਆਂ ਦੀ ਸੰਭਾਲ ਨੂੰ ਯਕੀਨੀ ਬਣਾਉਣ ਲਈ 'ਮਿਸ਼ਨ ਤੰਦਰੁਸਤ ਪੰਜਾਬ' ਤਹਿਤ ਜ਼ਿਲ੍ਹਾ ਲੁਧਿਆਣਾ ਵਿੱਚ ਲੋਕ ਹੁਣ ਆਪਣੇ ਪਿਆਰਿਆਂ ਦੀ ਯਾਦ ਵਿੱਚ ਪੌਦੇ ਲਗਾਉਣਗੇ ਅਤੇ ਉਨ੍ਹਾਂ ਨੂੰ ਸੰਭਾਲਣਗੇ। ਡਿਪਟੀ ਕਮਿਸ਼ਨਰ ਪ੍ਰਦੀਪ ਕੁਮਾਰ ਅਗਰਵਾਲ ਦੇ ਇਸ ਨਿਵੇਕਲੇ ਉਪਰਾਲੇ ਨਾਲ ਲੋਕ ਹੁਣ ਆਪਣੇ ਪਿਆਰਿਆਂ ਦੀ ਯਾਦ ਨੂੰ ਤਾਜ਼ਾ ਰੱਖ ਸਕਣਗੇ। 'ਮਿਸ਼ਨ ਤੰਦਰੁਸਤ ਪੰਜਾਬ' ਸੰਬੰਧੀ ਵੱਖ-ਵੱਖ ਵਿਭਾਗਾਂ ਵੱਲੋਂ ਕੀਤੀ ਹੁਣ ਤੱਕ ਦੀ ਕਾਰਗੁਜ਼ਾਰੀ ਦੀ ਸਮੀਖਿਆ ਕਰਦਿਆਂ ਸ੍ਰੀ ਅਗਰਵਾਲ ਨੇ ਜੰਗਲਾਤ ਵਿਭਾਗ ਨੂੰ ਕਿਹਾ ਕਿ ਉਹ ਇਸ ਨੂੰ ਅਮਲੀ ਜਾਮਾ ਪਹਿਨਾਉਣ ਲਈ ਢੁੱਕਵੀਂ ਜਗ੍ਹਾਂ ਦੀ ਭਾਲ ਕਰਨ, ਜਿੱਥੇ ਲੋਕ ਆਪਣੇ ਪਿਆਰਿਆਂ ਦੀ ਯਾਦ ਵਿੱਚ ਪੌਦੇ ਲਗਾ ਸਕਣ ਅਤੇ ਉਨ੍ਹਾਂ ਦੀ ਉਮਰ ਭਰ ਸੰਭਾਲ ਕਰ ਸਕਣ। ਉਨ੍ਹਾਂ ਕਿਹਾ ਕਿ ਇਹ ਵਧੀਆ ਗੱਲ ਹੈ ਕਿ ਪੌਦੇ ਤਾਂ ਵੱਡੀ ਗਿਣਤੀ ਵਿੱਚ ਵੰਡੇ ਜਾ ਰਹੇ ਹਨ ਪਰ ਉਨ੍ਹਾਂ ਦੀ ਸੰਭਾਲ ਲਈ ਯਤਨ ਘੱਟ ਹੋ ਰਹੇ ਹਨ। ਜਿਸ ਲਈ ਹੋਰ ਯਤਨ ਅਤੇ ਜਾਗਰੂਕਤਾ ਫੈਲਾਉਣ ਦੀ ਲੋੜ ਹੈ। ਇਸ ਮੌਕੇ ਉਨ੍ਹਾਂ ਖੇਡ ਵਿਭਾਗ ਨੂੰ ਹਦਾਇਤ ਕੀਤੀ ਕਿ ਉਨ੍ਹਾਂ ਪਿੰਡਾਂ ਵਿੱਚ ਕੈਂਪ ਲਗਾਏ ਜਾਣ ਜਿੱਥੋਂ ਵੱਡੀ ਗਿਣਤੀ ਵਿੱਚ ਖ਼ਿਡਾਰੀ ਪੈਦਾ ਕੀਤੇ ਜਾ ਸਕਦੇ ਹਨ। 

ਨੌਜਵਾਨਾਂ ਨੂੰ ਖੇਡਣ ਲਈ ਖੇਡ ਸਮੱਗਰੀ ਅਤੇ ਹੋਰ ਸਹੂਲਤਾਂ ਮੁਹੱਈਆ ਕਰਵਾਈਆਂ ਜਾਣ। ਪਿੰਡਾਂ ਦੇ ਕਲੱਸਟਰ ਬਣਾ ਕੇ ਉਥੇ ਖੇਡ ਮੁਕਾਬਲੇ ਕਰਵਾਏ ਜਾਣ ਤਾਂ ਜੋ ਅਣਗੌਲੇ ਖ਼ਿਡਾਰੀ ਲੱਭੇ ਜਾ ਸਕਣ। ਉਨ੍ਹਾਂ ਅਧਿਕਾਰੀਆਂ ਨੂੰ ਕਿਹਾ ਕਿ 'ਮਿਸ਼ਨ ਤੰਦਰੁਸਤ ਪੰਜਾਬ' ਸੂਬੇ ਵਿੱਚ ਹਵਾ, ਪਾਣੀ ਅਤੇ ਆਲਾ-ਦੁਆਲਾ ਸ਼ੁੱਧ ਕਰਨ ਵਿੱਚ ਬਹੁਤ ਸਹਾਈ ਸਿੱਧ ਹੋ ਰਿਹਾ ਹੈ ਤਾਂ ਜੋ ਸੂਬੇ ਨੂੰ ਹਰੇਕ ਵਰਗ ਦੇ ਲੋਕਾਂ ਨੂੰ ਰਹਿਣਯੋਗ ਮਾਹੌਲ ਮੁਹੱਈਆ ਕਰਵਾਇਆ ਜਾ ਸਕੇ। ਉਨ੍ਹਾਂ ਸਾਰੇ 12 ਵਿਭਾਗਾਂ ਨੂੰ ਹਦਾਇਤ ਕੀਤੀ ਕਿ ਇਸ ਮਿਸ਼ਨ ਨੂੰ ਸਫ਼ਲ ਕਰਨ ਲਈ ਸਾਂਝੇ ਤੌਰ 'ਤੇ ਯਤਨ ਕੀਤੇ ਜਾਣ ਅਤੇ ਲੋਕਾਂ ਵਿੱਚ ਜਾਗਰੂਕਤਾ ਫੈਲਾਈ ਜਾਵੇ। ਉਨ੍ਹਾਂ ਸਹਿਕਾਰਤਾ, ਟਰਾਂਸਪੋਰਟ, ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਅਤੇ ਪਾਣੀ ਵਸੀਲੇ ਵਿਭਾਗਾਂ ਨੂੰ ਹਦਾਇਤ ਕੀਤੀ ਕਿ ਮਿਸ਼ਨ ਨੂੰ ਸਫ਼ਲ ਕਰਨ ਲਈ ਗਤੀਵਿਧੀਆਂ ਵਿੱਚ ਵਾਧਾ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਮਿਸ਼ਨ ਦੀ ਪ੍ਰਗਤੀ ਸੰਬੰਧੀ ਉਹ ਹਫ਼ਤਾਵਰ ਮੀਟਿੰਗਾਂ ਕਰਿਆ ਕਰਨਗੇ। ਮੀਟਿੰਗ ਵਿੱਚ ਵਧੀਕ ਡਿਪਟੀ ਕਮਿਸ਼ਨਰ (ਵ) ਡਾ. ਸ਼ੇਨਾ ਅਗਰਵਾਲ, ਵਧੀਕ ਡਿਪਟੀ ਕਮਿਸ਼ਨਰ (ਜ) ਸ੍ਰ. ਇਕਬਾਲ ਸਿੰਘ ਸੰਧੂ, ਸਹਾਇਕ ਕਮਿਸ਼ਨਰ (ਜ) ਸ੍ਰ. ਅਮਰਿੰਦਰ ਸਿੰਘ ਮੱਲ੍ਹੀ, ਐਸ. ਡੀ. ਐੱਮ. ਲੁਧਿਆਣਾ (ਪੱਛਮੀ) ਸ੍ਰ. ਦਮਨਜੀਤ ਸਿੰਘ ਮਾਨ ਅਤੇ ਹੋਰ ਅਧਿਕਾਰੀ ਹਾਜ਼ਰ ਸਨ।