ਬੂਸੋਵਾਲ ਪੁਲ ਨੇੜੇਓ ਬੂਟੀ ਕੱਢਣ ਨਾਲ ਵੇਈਂ ਦੀ ਬਦਲੀ ਨੁਹਾਰ
ਵਿਦੇਸ਼ੋ ਲਿਆਂਦੀ ਮਸ਼ੀਨ ਫੇਲ੍ਹ ਹੋਣ ਬਾਅਦ ਦੇਸੀ ਮਸ਼ੀਨ ਰਾਹੀ ਸੇਵਾਦਾਰਾਂ ਨੇ ਸੰਭਾਲਿਆ ਮੋਰਚਾ
5 Dariya News (ਕੁਲਜੀਤ ਸਿੰਘ )
ਸੁਲਤਾਨਪੁਰ ਲੋਧੀ 09-Jul-2018
ਪਵਿੱਤਰ ਕਾਲੀ ਵੇਈਂ ਨੂੰ ਜਲਕੁੰਭੀ ਬੂਟੀ ਤੋਂ ਮੁਕਤ ਕਰਨ ਨਾਲ ਬੂਸੋਵਾਲ ਪੁਲ ਨੇੜੇਓ ਵੇਈਂ ਦੀ ਪੁਰਾਣੀ ਨੁਹਾਰ ਨੂੰ ਕਾਇਮ ਕਰ ਦਿੱਤਾ ਗਿਆ ਹੈ। ਪਿੱਛਲੇ ਦੋ ਦਿਨਾਂ ਵਿੱਚ ਸੰਤ ਬਲਬੀਰ ਸਿੰਘ ਸੀਚੇਵਾਲ ਦੀ ਨਿਗਰਾਨੀ ਹੇਠ ਸੇਵਾਦਾਰਾਂ ਦੀ ਅਣਥੱਕ ਮਿਹਨਤ ਨੇ ਪਵਿੱਤਰ ਕਾਲੀ ਵੇਈਂ ਦੀ ਨੁਹਾਰ ਬਦਲ ਕੇ ਰੱਖ ਦਿੱਤੀ ਹੈ। ਜਲ ਕੁੰਭੀ ਬੂਟੀ ਬਰਸਾਤਾਂ ਦੌਰਾਨ ਹੜ੍ਹ ਦਾ ਮੁੱਖ ਕਾਰਨ ਬਣਦੀ ਆ ਰਹੀ ਹੈ। ਇਸ ਬੂਟੀ ਨਾਲ ਪਾਣੀ ਦਾ ਵਹਾਅ ਰੁਕ ਜਾਂਦਾ ਹੈ ।ਇਹ ਬੂਟੀ ਹਰ ਸਾਲ ਹੀ ਵੱਡੀ ਪੱਧਰ 'ਤੇ ਹੋ ਜਾਂਦੀ ਹੈ। ਸੰਤ ਬਲਬੀਰ ਸਿੰਘ ਸੀਚੇਵਾਲ ਵੇਈਂ ਦੀ ਕਾਰ ਸੇਵਾ ਪਿਛਲੇ ੧੮ ਸਾਲਾਂ ਤੋਂ ਕਰਵਾਉਂਦੇ ਆ ਰਹੇ ਹਨ।ਪਿਛਲੇ ਦਿਨੀ ਸਰਕਾਰ ਵੱਲੋਂ ਵੀ ਜਲਕੁੰਭੀ ਬੂਟੀ ਕੱਢਣ ਲਈ ਢਾਈ ਕਰੋੜ ਦੀ ਮਸ਼ੀਨ ਲਿਆਂਦੀ ਗਈ ਸੀ। ਇਹ ਮਸ਼ੀਨ ਇੱਥੇ ਕਾਮਯਾਬ ਨਹੀਂ ਹੋ ਸਕੀ। ਦੋ ਦਿਨਾਂ ਵਿੱਚ ਇਹ ਮਸ਼ੀਨ ਸਿਰਫ਼ ੧੫ ਤੋਂ ੨੦ ਫੁੱਟ ਤੱਕ ਹੀ ਵੇਈਂ ਵਿੱਚ ਸਫਾਈ ਕਰ ਸਕੀ। ਵਿਦੇਸ਼ੀ ਮਸ਼ੀਨ ਜਦੋਂ ਇਸ ਵੇਈਂ ਵਿੱਚ ਕੰਮ ਕਰਨ ਤੋਂ ਅਸਮਰੱਥ ਰਹੀ ਤਾਂ ਸੰਤ ਬਲਬੀਰ ਸਿੰਘ ਸੀਚੇਵਾਲ ਦੇ ਸੇਵਾਦਾਰਾਂ ਨੇ ਦੇਸੀ ਢੰਗ ਨਾਲ ਤਿਆਰ ਕੀਤੀ ਕੰਘੀ ਰਾਹੀ ਬੂਟੀ ਕੱਢਣ ਦੀ ਸੇਵਾ ਸ਼ੁਰੂ ਕਰ ਦਿੱਤੀ ਤਾਂ ਦੇਖਦਿਆ-ਦੇਖਦਿਆ ਹੀ ਵੇਈਂ ਨਦੀਂ ਦਾ ਵਹਾਅ ਦਿਸੱਣਾ ਸ਼ੁਰੂ ਹੋ ਗਿਆ ਤੇ ਦੋ ਦਿਨਾਂ ਵਿੱਚ ਹੀ ਇੱਕ ਕਿਲੋਮੀਟਰ ਦੇ ਕਰੀਬ ਜਲਕੂੰਭੀ ਬੂਟੀ ਕੱਢੀ ਗਈ।ਕਾਰ ਸੇਵਾ ਅਜੇ ਵੀ ਜਾਰੀ ਹੈ।ਸੰਤ ਬਲਬੀਰ ਸਿੰਘ ਸੀਚੇਵਾਲ ਨੇ ਸਰਕਾਰ ਕੋਲੋ ਮੰਗ ਕੀਤੀ ਕਿ ਪਵਿੱਤਰ ਵੇਈਂ ਵਿੱਚ ਪੈ ਰਹੇ ਗੰਦੇ ਪਾਣੀਆਂ ਤੋਂ ਨਿਜ਼ਾਤ ਦੁਆਈ ਜਾਵੇ।ਉਨ੍ਹਾਂ ਕਿਹਾ ਕਿ ਅਜੇ ਵੀ ਕਪੂਰਥਲਾ ਤੇ ਸੈਦੋਭਲਾਣੇ ਦੀਆਂ ਕਲੋਨੀਆਂ ਦਾ ਗੰਦਾ ਪਾਣੀ ਪਵਿੱਤਰ ਵੇਈਂ ਵਿੱਚ ਪੈ ਰਿਹਾ ਹੈ ਜਦ ਕਿ ਇਸੇ ਪਵਿੱਤਰ ਕਾਲੀ ਵੇਈਂ ਸੁਲਤਾਨਪੁਰ ਲੋਧੀ ਵਿੱਚ ਸੰਗਤਾਂ ਇਸ਼ਨਾਨ ਕਰਦੀਆਂ ਹਨ।