ਨਗਰ ਨਿਗਮ ਸਫਾਈ ਕਰਮਚਾਰੀਆਂ ਨੂੰ ਸਿਹਤ ਸੇਵਾਵਾਂ ਮੁਹੱਈਆ ਕਰਾਉਣ ਲਈ ਵਚਨਬੱਧ : ਅਵਨੀਤ ਕੌਰ
ਮਿਸ਼ਨ ਤੰਦਰੁਸਤ ਪੰਜਾਬ ਤਹਿਤ ਦੰਦਾਂ ਦਾ ਚੈਕਅਪ ਕੈਂਪ ਲਗਾਇਆ ਗਿਆ, ਸਫਾਈ ਕਰਮਚਾਰੀਆਂ ਦੇ ਦੰਦਾਂ ਦੀ ਮੁਫਤ ਕੀਤੀ ਜਾਂਚ
5 Dariya News
ਐਸ.ਏ.ਐਸ. ਨਗਰ (ਮੁਹਾਲੀ) 09-Jul-2018
ਮਿਸ਼ਨ ਤੰਦਰੁਸਤ ਪੰਜਾਬ ਤਹਿਤ ਨਗਰ ਨਿਗਮ ਐਸ.ਏ.ਐਸ.ਨਗਰ ਵੱਲੋਂ ਫੇਜ਼-1 ਸਥਿਤ ਫਾਇਰ ਬ੍ਰਿਗੇਡ ਦੇ ਦਫਤਰ ਵਿਖੇ ਸਫਾਈ ਕਰਮਚਾਰੀਆਂ ਲਈ ਦੰਦਾਂ ਦਾ ਮੁਫਤ ਮੈਡੀਕਲ ਚੈਕਅਪ ਕੈਂਪ ਲਗਾਇਆ ਗਿਆ। ਜਿਸ ਵਿਚ ਦੰਦਾਂ ਦੇ ਮਾਹਿਰ ਡਾਕਟਰਾਂ ਨੇ ਸਫਾਈ ਕਰਮਚਾਰੀਆਂ ਦੇ ਦੰਦਾਂ ਦੀ ਜਾਂਚ ਕੀਤੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸੰਯੁਕਤ ਕਮਿਸ਼ਨਰ ਨਗਰ ਨਿਗਮ ਅਵਨੀਤ ਕੌਰ ਨੇ ਦੱਸਿਆ ਕਿ ਨਗਰ ਨਿਗਮ ਆਪਣੇ ਸਫਾਈ ਕਰਮਚਾਰੀਆਂ ਨੂੰ ਮੁਫਤ ਸਿਹਤ ਸੇਵਾਵਾਂ ਮੁਹੱਈਆ ਕਰਾਉਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਉਨ੍ਹਾਂ ਦੱਸਿਆ ਕਿ ਸਫਾਈ ਕਰਮਚਾਰੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਲਈ ਸਮੇਂ ਸਮੇਂ ਤੇ ਨਗਰ ਨਿਗਮ ਵੱਲੋਂ ਮੁਫਤ ਮੈਡੀਕਲ ਕੈਂਪ ਲਗਾਏ ਜਾਂਦੇ ਹਨ ਅਤੇ ਹੁਣ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਸਫਾਈ ਕਰਮਚਾਰੀਆਂ ਦੇ ਦੰਦਾਂ ਦੀ ਜਾਂਚ ਲਈ ਵਿਸੇਸ਼ ਕੈਂਪ ਲਗਾਇਆ ਅਤੇ ਇਸ ਮੌਕੇ ਮਾਹਿਰ ਡਾਕਟਰਾਂ ਵੱਲੋਂ ਜਿੱਥੇ ਸਫਾਈ ਕਰਮਚਾਰੀਆਂ ਦੇ ਦੰਦਾਂ ਦੀ ਮੁਫਤ ਜਾਂਚ ਕੀਤੀ ਗਈ ਅਤੇ ਦਵਾਈਆਂ ਵੀ ਦਿੱਤੀਆਂ ਗਈਆਂ, ਉੱਥੇ ਡਾਕਟਰਾਂ ਵੱਲੋਂ ਸਫਾਈ ਕਰਮਚਾਰੀਆਂ ਨੂੰ ਦੰਦਾਂ ਦੀਆਂ ਬਿਮਾਰੀਆਂ ਸਬੰਧੀ ਜਾਗਰੂਕ ਵੀ ਕੀਤਾ ਗਿਆ ਅਤੇ ਸਫਾਈ ਕਰਮਚਾਰੀਆਂ ਨੂੰ ਪੰਜਾਬ ਸਰਕਾਰ ਵੱਲੋਂ ਦਿੱਤੀਆਂ ਜਾਣ ਵਾਲੀਆਂ ਮੁਫਤ ਸਿਹਤ ਸਹੂਲਤਾਂ ਬਾਰੇ ਵੀ ਜਾਣਕਾਰੀ ਦਿੱਤੀ। ਇਸ ਮੌਕੇ ਵੱਡੀ ਗਿਣਤੀ ਵਿਚ ਸਫਾਈ ਕਰਮਚਾਰੀਆਂ ਨੇ ਆਪਣੇ ਦੰਦਾਂ ਦਾ ਮੁਫਤ ਚੈਕਅਪ ਕਰਵਾਇਆ।