ਸੀਚੇਵਾਲ ਵਾਟਰ ਸਪੋਰਟਸ ਸੈਂਟਰ ਦੇ ੬ ਖਿਡਾਰੀਆਂ ਨੇ ਨੈਸ਼ਨਲ ਚੈਪੀਅਨਸ਼ਿਪ ਵਿੱਚ ਮਾਰੀਆਂ ਮੱਲਾਂ
ਮੈਰਾਥਨ ਵਿੱਚ ਪਹਿਲਾ ਸਥਾਨ ਤੇ ੨੦੦੦ ਮੀਟਰ ਡਰੈਗਨਬੋਟ ਦੌੜ ਵਿੱਚ ਤੀਜਾ ਸਥਾਨ ਕੀਤਾ ਹਾਸਿਲ
5 Dariya News (ਕੁਲਜੀਤ ਸਿੰਘ)
ਸੁਲਤਾਨਪੁਰ ਲੋਧੀ 07-Jul-2018
ਨੈਸ਼ਨਲ ਚੈਪੀਅਨਸ਼ਿਪ ਵਾਟਰ ਸਪੋਰਟਸ ਡਰੈਗਨ ਬੋਟ ਵਿੱਚੋਂ ਪੰਜਾਬ ਟੀਮ ਦੀ ਪ੍ਰਤੀਨਿਧਤਾ ਕਰਦਿਆਂ ਸੰਤ ਸੀਚੇਵਾਲ ਵਾਟਰ ਸਪੋਰਟਸ ਸੈਂਟਰ ਦੇ ੬ ਖਿਡਾਰੀਆਂ ਨੇ ੨੦੦੦ ਮੀਟਰ ਦੌੜ ਵਿੱਚੋਂ ਤੀਜਾ ਸਥਾਨ ਹਾਸਿਲ ਕੀਤਾ। ਇਹ ਚੈਪੀਅਨਸ਼ਿਪ ਇੰਡੀਅਨ ਕਿਯਾਕਿੰਗ ਕਨੋਇੰਗ ਐਸ਼ੋਸ਼ੀਏਸ਼ਨ ਦੀ ਨਿਗਾਰਨੀ ਹੇਠ ਚੰਡੀਗੜ੍ਹ ਕਿਯਾਕਿੰਗ ਕਨੋਇੰਗ ਐਸ਼ੋਸ਼ੀਏਸ਼ਨ, ਹਰਿਆਣਾ ਕਿਯਾਕਿੰਗ ਕਨੋਇੰਗ ਐਸ਼ੋਸ਼ੀਏਸ਼ਨ ਅਤੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵੱਲੋਂ ਸਾਂਝੇਂ ਤੌਰ 'ਤੇ ਸੁਖਨਾ ਝੀਲ 'ਚ ਅਯੋਜਿਤ ਕੀਤੀ ਗਈ ਸੀ।ਸੰਤ ਸੀਚੇਵਾਲ ਵਾਟਰ ਸਪੋਰਟਸ ਸੈਂਟਰ ਦੇ ਕੋਚ ਅਮਨਦੀਪ ਸਿੰਘ ਖੈਹਿਰਾ ਨੇ ਦੱਸਿਆ ਕਿ ਇਨ੍ਹਾਂ ਖੇਡਾਂ ਵਿੱਚ ਦੇਸ਼ ਭਰ ਤੋਂ ੭੦੦ ਦੇ ਕਰੀਬ ਖਿਡਾਰੀਆਂ ਨੇ ਹਿੱਸਾ ਲਿਆ ਸੀ। ਜਿਸ ਵਿੱਚ ਪਹਿਲਾ ਸਥਾਨ ਤੇ ਸੀਮਾ ਸਰੁੱਖਿਆ ਬੱਲ ਦੂਜੇ ਤੇ ਮੱਧ ਪ੍ਰਦੇਸ਼ ਅਤੇ ਤੀਜਾ ਸਥਾਨ ਪੰਜਾਬ ਨੇ ਹਾਸਿਲ ਕੀਤਾ। ਇਹਨਾਂ ਖੇਡਾਂ ਵਿੱਚ ਵੱਖ-ਵੱਖ ਰਾਜਾਂ ਤੋਂ ਇਲਾਵਾ ਆਰਮੀ, ਇੰਡੀਅਨ ਪੁਲਿਸ, ਸੀ.ਆਰ.ਪੀ.ਐਫ ਅਤੇ ਐੱਸ.ਐੱਸ ਬੀ ਨੇ ਵੀ ਹਿੱਸਾ ਲਿਆ। ਇਹਨਾਂ ਖੇਡਾਂ ਦੇ ਸਮਾਪਤੀ ਸਮਾਰੋਹ ਤੇ ਮੁੱਖ ਮਹਿਮਾਨ ਵੱਜੋਂ ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਪੁਹੰਚੇ ਸਨ। ਉਨ੍ਹਾਂ ਨੇ ਖਿਡਾਰੀਆਂ ਨੂੰ ਇਨਾਮ ਵੰਡੇਂ ਅਤੇ ਜੇਤੂ ਖਿਡਾਰੀਆਂ ਨੂੰ ਵਧਾਈ ਦਿੱਤੀ ਅਤੇ ਪਾਣੀ ਵਾਲੀਆਂ ਖੇਡਾਂ ਨੂੰ ਉਤਸਾਹਿਤ ਕਰਨ ਲਈ ਸੰਬੋਧਨ ਵੀ ਕੀਤਾ। ਇਹਨਾਂ ਖੇਡਾਂ ਨੂੰ ਹੋਰ ੳੁੱਚਾ ਚੁੱਕਣ ਲਈ ਉਹਨਾਂ ਨੇ ਬਾਬੇ ਨਾਨਕ ਦੀ ਨਗਰੀ ਸੁਲਤਾਨਪੁਰ ਲੋਧੀ ਵਿਚ ਚਲਾਏ ਜਾ ਰਹੇ ਸੰਤ ਸੀਚੇਵਾਲ ਵਾਟਰ ਸਪੋਰਟਸ ਸੈਂਟਰ ਵਿੱਚ ਖਿਡਾਰੀਆਂ ਨੂੰ ਆ ਕੇ ਅਭਿਆਸ ਕਰਨ ਲਈ ਸੱਦਾ ਵੀ ਦਿੱਤਾ।