ਨਸ਼ਿਆ ਖਿਲਾਫ ਫੈਸਲਾਕੁੰਨ ਹੰਭਲੇ ਲਈ ਸਿਵਲ ਅਤੇ ਪੁਲਿਸ ਪ੍ਰਸਾਸ਼ਨ ਨੇ ਯੋਜਨਾ ਉਲੀਕੀ
ਜਾਗਰੁਕਤਾ, ਸੂਚਨਾ, ਕਾਰਵਾਈ, ਇਲਾਜ, ਪੂਨਰਵਾਸ ਹਨ ਅਭਿਆਨ ਦੇ ਮੁੱਖ ਅਧਾਰ ਤੱਤ -ਐੱਸ.ਐੱਸ.ਪੀ. ਬਟਾਲਾ
5 Dariya News
ਬਟਾਲਾ 07-Jul-2018
ਨਸ਼ਿਆਂ ਖਿਲਾਫ ਪੁਲਿਸ ਜ਼ਿਲਾ ਬਟਾਲਾ ਵਿਚ ਫੈਸਲਾਕੁੰਨ ਹੰਭਲੇ ਲਈ ਪੁਲਿਸ ਅਤੇ ਸਿਵਲ ਪ੍ਰਸ਼ਾਸਨ ਵੱਲੋਂ ਲੋਕਾਂ ਨੂੰ ਨਾਲ ਲੈਕੇ ਚਲਦੇ ਹੋਏ ਇਸ ਸਮਾਜਿਕ ਬੁਰਾਈ ਦੇ ਮੁਕੰਮਲ ਖਾਤਮੇ ਲਈ ਯੋਜਨਾਬੰਦੀ ਉਲੀਕੀ ਗਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਬਟਾਲਾ ਦੇ ਜ਼ਿਲਾ ਪੁਲਿਸ ਮੁੱਖੀ ਸ. ਓਪਿੰਦਰਜੀਤ ਸਿੰਘ ਘੁੰਮਣ ਨੇ ਦੱਸਿਆ ਕਿ ਜ਼ਿਲੇ ਵਿਚ ਨਸ਼ਿਆਂ ਦੀ ਬੁਰਾਈ ਦਾ ਸਫਾਇਆ ਸਮਾਜਿਕ ਭਾਗੀਦਾਰੀ ਬਿਨਾਂ ਸੰਭਵ ਨਹੀਂ ਹੈ ਅਤੇ ਇਹ ਸਾਡੇ ਸਭ ਲਈ ਸਾਂਝੀ ਚੁਣੌਤੀ ਹੈ। ਉਨਾਂ ਕਿਹਾ ਕਿ ਪੰਜਾਬੀਆਂ ਲਈ ਕੋਈ ਵੀ ਚੁਣੌਤੀ ਅਸੰਭਵ ਨਹੀਂ ਹੁੰਦੀ ਹੈ ਅਤੇ ਇਸ ਚੁਣੌਤੀ ਨੂੰ ਸਰ ਕਰਕੇ ਆਪਣੇ ਸਮਾਜ ਨੂੰ ਮੁੜ ਤੋਂ ਨਸ਼ਾ ਮੁਕਤ ਕਰਾਂਗੇ। ਉਨਾਂ ਨੇ ਕਿਹਾ ਕਿ ਇਸ ਮੁਹਿੰਮ ਦੇ ਅਧਾਰ ਤੱਤ ਜਾਗਰੁਕਤਾ, ਸੂਚਨਾ, ਕਾਰਵਾਈ, ਇਲਾਜ ਅਤੇ ਪੂਨਰਵਾਸ ਹਨ। ਸ. ਘੁੰਮਣ ਨੇ ਕਿਹਾ ਕਿ ਸਮਾਜ ਵਿਚ ਨਸ਼ਿਆਂ ਖਿਲਾਫ ਜਾਗਰੁਕਤਾ ਪੈਦਾ ਕੀਤੀ ਜਾ ਰਹੀ ਹੈ।ਐੱਸ.ਐੱਸ.ਪੀ. ਬਟਾਲਾ ਸ. ਘੁੰਮਣ ਨੇ ਲੋਕਾਂ ਨੂੰ ਸੱਦਾ ਦਿੱਤਾ ਕਿ ਉਹ ਨਸ਼ਿਆਂ ਦੀ ਤਸਕਰੀ ਸਬੰਧੀ ਅਤੇ ਇਸ ਧੰਦੇ ਵਿਚ ਲੱਗੇ ਮਾੜੇ ਅਨਸਰਾਂ ਖਿਲਾਫ ਪੁਲਿਸ ਨੂੰ ਬੇਝਿਜਕ ਹੋਕੇ ਸੂਚਨਾ ਦੇਣ, ਸੂਚਨਾ ਦੇਣ ਵਾਲੇ ਦੀ ਪਹਿਚਾਣ ਗੁਪਤ ਰੱਖੀ ਜਾਵੇਗੀ ਅਤੇ ਦੋਸ਼ੀਆਂ ਖਿਲਾਫ ਸਖ਼ਤ ਕਾਰਵਾਈ ਹੋਵੇਗੀ। ਉਨਾਂ ਨੇ ਕਿਹਾ ਕਿ ਜੋ ਲੋਕ ਨਸ਼ੇ ਤੋਂ ਪੀੜਤ ਹਨ ਉਨਾਂ ਦੇ ਇਲਾਜ ਲਈ ਪੰਜਾਬ ਸਰਕਾਰ ਵਲੋਂ ਸਰਕਾਰੀ ਹਸਪਤਾਲਾਂ ਵਿੱਚ ਨਸ਼ਾ ਛੁਡਾਊ ਕੇਂਦਰ ਅਤੇ ਓਟ ਸੈਂਟਰ ਚਲਾਏ ਜਾ ਰਹੇ ਹਨ। ਉਨਾਂ ਨੇ ਪੰਜਾਬ ਦੇ ਸੁਨਹਿਰੀ ਭਵਿੱਖ ਲਈ ਸਭ ਨੂੰ ਇਸ ਵੱਡੀ ਸਮਾਜਿਕ ਸੁਧਾਰ ਦੀ ਮੁਹਿੰਮ ਵਿਚ ਸਾਥ ਦੇਣ ਦਾ ਸੱਦਾ ਦਿੰਦਿਆਂ ਕਿਹਾ ਕਿ ਜੇਕਰ ਅਸੀਂ ਹੋਰ ਦੇਰ ਕਰ ਦਿੱਤੀ ਤਾਂ ਇਸ ਅੱਗ ਦਾ ਸੇਕ ਪੂਰੇ ਸਮਾਜ ਲਈ ਘਾਤਕ ਹੋਵੇਗਾ। ਐਸ.ਐਸ.ਪੀ. ਬਟਾਲਾ ਨੇ ਕਿਹਾ ਕਿ ਮਾਪੇ, ਸਮਾਜ ਅਤੇ ਪੁਲਿਸ ਤਿੰਨੋਂ ਮਿਲ ਕੇ ਕੰਮ ਕਰਣਗੇ ਤਾਂ ਨਸ਼ੇ ਦੇ ਇਸ ਦੈਂਤ ਨੂੰ ਅਸੀਂ ਸਹਿਜੇ ਹੀ ਕਾਬੂ ਕਰ ਸਕਦੇ ਹਾਂ। ਉਨਾਂ ਨੇ ਕਿਹਾ ਕਿ ਨਸ਼ਿਆਂ ਦੇ ਖਿਲਾਫ ਕੋਈ ਢਿੱਲ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਨਾਂ ਜ਼ਿਲਾ ਵਾਸੀਆਂ ਨੂੰ ਯਕੀਨ ਦੁਆਇਆ ਕਿ ਪੁਲਿਸ ਵੱਲੋਂ ਨਸ਼ਾ ਤਸ਼ਕਰਾਂ ਖਿਲਾਫ ਕਾਰਵਾਈ ਵਿਚ ਕੋਈ ਢਿੱਲ ਨਹੀਂ ਕੀਤੀ ਜਾਵੇਗੀ ਅਤੇ ਜੋ ਵੀ ਸੂਚਨਾ ਆਮ ਲੋਕਾਂ ਤੋਂ ਮਿਲੇਗੀ, ਸੂਚਨਾ ਦੇਣ ਵਾਲੀ ਦੀ ਪਹਿਚਾਣ ਪੂਰੀ ਤਰਾਂ ਨਾਲ ਗੁਪਤ ਰੱਖੀ ਜਾਵੇਗੀ।