5 Dariya News

ਮੈਡੀਕਲ ਸਟੋਰਾਂ ਵਾਲੇ ਸਿਰਫ਼ ਡਾਕਟਰ ਦੀ ਪਰਚੀ 'ਤੇ ਹੀ ਦੇਣ ਦਵਾਈ - ਓਪਿੰਦਰਜੀਤ ਸਿੰਘ ਘੁੰਮਣ

ਐੱਸ.ਐੱਸ.ਪੀ. ਬਟਾਲਾ ਵਲੋਂ ਨਸ਼ੀਲੀਆਂ ਦਵਾਈਆਂ ਦੀ ਵਿਕਰੀ ਨੂੰ ਰੋਕਣ ਲਈ ਫਾਰਮਿਸਸਟਾਂ ਨਾਲ ਮੀਟਿੰਗ

5 Dariya News

ਬਟਾਲਾ 02-Jul-2018

ਐੱਸ.ਐੱਸ.ਪੀ. ਬਟਾਲਾ ਓਪਿੰਦਰਜੀਤ ਸਿੰਘ ਘੁੰਮਣ ਨੇ ਜ਼ਿਲ੍ਹੇ ਦੇ ਸਾਰੇ ਮੈਡੀਕਲ ਸਟੋਰਾਂ ਦੇ ਮਾਲਕਾਂ ਨੂੰ ਹਦਾਇਤ ਕੀਤੀ ਹੈ ਕਿ ਉਹ ਡਾਕਟਰ ਦੀ ਪਰਚੀ ਤੋਂ ਬਿਨਾਂ ਕਿਸੇ ਵਿਅਕਤੀ ਨੂੰ ਦਵਾਈ ਅਤੇ ਸਰਿੰਜ਼ਾਂ ਨਾ ਦੇਣ। ਐੱਸ.ਐੱਸ.ਪੀ. ਬਟਾਲਾ ਅੱਜ ਸਥਾਨਕ ਪੁਲਿਸ ਲਾਈਨ ਵਿਖੇ ਮੈਡੀਕਲ ਸਟੋਰ ਚਲਾਉਣ ਵਾਲੇ ਫਾਰਮਿਸਟਾਂ ਨਾਲ ਮੀਟਿੰਗ ਕਰ ਰਹੇ ਸਨ। ਇਸ ਮੌਕੇ ਡੀ.ਐੱਸ.ਪੀ. ਸਿਟੀ ਸ. ਸੁੱਚਾ ਸਿੰਘ ਬੱਲ ਵੀ ਮੌਜੂਦ ਸਨ।ਐੱਸ.ਐੱਸ.ਪੀ. ਬਟਾਲਾ ਨੇ ਸ. ਓਪਿੰਦਰਜੀਤ ਸਿੰਘ ਘੁੰਮਣ ਨੇ ਕਿਹਾ ਕਿ ਸੂਬੇ ਵਿੱਚ ਨਸ਼ਿਆਂ ਦੀ ਲਾਹਨਤ ਨੂੰ ਖਤਮ ਕਰਨ ਲਈ ਉਹ ਆਪਣਾ ਸਾਥ ਦੇਣ ਅਤੇ ਦਵਾਈਆਂ ਦੇਣ ਸਮੇਂ ਨਿਯਮਾਂ ਦੀ ਪਾਲਣਾ ਕਰਨ। ਉਨ੍ਹਾਂ ਕਿਹਾ ਕਿ ਕੋਈ ਵੀ ਦਵਾਈ ਸਿਰਫ਼ ਡਾਕਟਰ ਦੀ ਪਰਚੀ 'ਤੇ ਹੀ ਦਿੱਤੀ ਜਾਵੇ। ਉਨ੍ਹਾਂ ਕਿਹਾ ਕਿ ਦੇਖਣ ਵਿੱਚ ਆਉਂਦਾ ਹੈ ਕਿ ਕਈ ਮੈਡੀਕਲ ਸਟੋਰ ਬਿਨਾਂ ਡਾਕਟਰ ਦੀ ਪਰਚੀ ਤੋਂ ਹੀ ਦਵਾਈਆਂ ਦੇ ਦਿੰਦੇ ਹਨ ਅਤੇ ਨੌਜਵਾਨ ਦਵਾਈਆਂ ਦੇ ਨਾਲ ਸਰਿੰਜ਼ਾਂ ਵੀ ਖਰੀਦ ਲੈਂਦੇ ਹਨ। ਉਨ੍ਹਾਂ ਕਿਹਾ ਕਿ ਨਸ਼ੀਲੀਆਂ ਦਵਾਈਆਂ ਦੀ ਓਵਰਡੋਜ਼ ਨਾਲ ਕਈ ਨੌਜਵਾਨਾਂ ਦੀ ਜਾਨ ਵੀ ਜਾ ਚੁੱਕੀ ਹੈ, ਜਿਸਨੂੰ ਫੌਰੀ ਤੌਰ 'ਤੇ ਰੋਕਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਇਸ ਚਲਨ ਨੂੰ ਰੋਕਣ ਵਿੱਚ ਮੈਡੀਕਲ ਸਟੋਰਾਂ ਨੂੰ ਆਪਣੀ ਜਿੰਮੇਵਾਰੀ ਨਿਭਾਉਣੀ ਪਵੇਗੀ। ਇਸੇ ਦੌਰਾਨ ਕੈਮਿਸਟ ਐਸੋਸੀਏਸ਼ਨ ਦੇ ਆਹੁਦੇਦਾਰਾਂ ਨੇ ਐੱਸ.ਐੱਸ.ਪੀ. ਬਟਾਲਾ ਨੂੰ ਭਰੋਸਾ ਦਿੱਤਾ ਕਿ ਉਹ ਨਿਯਮਾਂ ਦੀ ਪਾਲਣਾ ਕਰਦੇ ਹੋਏ ਇਸ ਮੁਹਿੰਮ ਵਿੱਚ ਸਰਕਾਰ ਦਾ ਸਾਥ ਦੇਣਗੇ।