ਕੈਪਟਨ ਸਰਕਾਰ ਸੂਬੇ ਦੇ ਲੋਕਾਂ ਨੂੰ ਸਾਰੀਆਂ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾਉਣ ਲਈ ਵਚਨਬੱਧ : ਕੁਲਜੀਤ ਸਿੰਘ ਨਾਗਰਾ
ਫ਼ਤਹਿਗੜ੍ਹ ਸਾਹਿਬ ਹਲਕੇ ਦੀਆਂ 65 ਲਿੰਕ ਸੜਕਾਂ ਦੀ ਸਪੈਸ਼ਲ ਮੁਰੰਮਤ ਦਾ ਕੰਮ ਜੰਗੀ ਪੱਧਰ 'ਤੇ ਸ਼ੁਰੂ
5 Dariya News
ਫ਼ਤਹਿਗੜ੍ਹ ਸਾਹਿਬ 27-Jun-2018
ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਰਾਜ ਦੇ ਲੋਕਾਂ ਨੂੰ ਮਿਆਰੀ ਮੁਢਲੀਆਂ ਸਹੂਲਤਾਂ ਮੁਹੱਈਆ ਕਰਵਾਉਣ ਲਈ ਵਚਨਬੱਧ ਹੈ ਅਤੇ ਇਸ ਵਿੱਚ ਕਿਸੇ ਕਿਸਮ ਦੀ ਕਮੀ ਨਹੀਂ ਆਉਣ ਦਿੱਤੀ ਜਾਵੇਗੀ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਵਿਧਾਇਕ ਕੁਲਜੀਤ ਸਿੰਘ ਨਾਗਰਾ ਨੇ ਪਿੰਡ ਬਾਲਪੁਰ ਤੋਂ ਚਨਾਰਥਲ ਜਾਂਦੀ 65 ਲੱਖ 7 ਹਜਾਰ 99 ਰੁਪਏ ਦੀ ਲਾਗਤ ਨਾਲ 6 ਕਿਲੋਮੀਟਰ ਸੜਕ ਦੀ ਸਪੈਸ਼ਲ ਮੁਰੰਮਤ ਦਾ ਕੰਮ ਸ਼ੁਰੂ ਕਰਵਾਉਣ ਉਪਰੰਤ ਮੀਡੀਆ ਨਾਲ ਗੈਰ ਰਸਮੀ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਇਹ ਸੜਕ ਸਾਲ 2005 ਵਿੱਚ ਬਣੀ ਸੀ ਅਤੇ ਉਸ ਸਮੇਂ ਕਾਂਗਰਸ ਦੀ ਸਰਕਾਰ ਸੀ ਤੇ ਕੈਪਟਨ ਅਮਰਿੰਦਰ ਸਿੰਘ ਹੀ ਮੁੱਖ ਮੰਤਰੀ ਸਨ ਅਤੇ ਪਿਛਲੇ ਲਗਭਗ 10 ਸਾਲਾਂ ਵਿੱਚ ਅਕਾਲੀਆਂ ਨੇ ਇਸ ਸੜਕ ਦੀ ਸਾਰ ਨਹੀਂ ਲਈ ਜਿਸ ਕਾਰਨ ਇਸ ਸੜਕ ਦਾ ਹਾਲ ਬਦ ਤੋਂ ਬਦਤਰ ਹੁੰਦਾ ਚਲਿਆ ਗਿਆ ਜਦੋਂ ਕਿ ਇਹ ਸੜਕ ਬਾਲਪੁਰ ਤੋਂ ਅੱਗੇ ਜਾ ਕੇ ਸਰਹਿੰਦ-ਪਟਿਆਲਾ ਰੋਡ ਨਾਲ ਜੁੜਦੀ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਵੱਲੋਂ ਹਲਕੇ ਦੀਆਂ ਸੜਕਾਂ ਦੀ ਮੁਰੰਮਤ ਲਈ 21 ਕਰੋੜ 46 ਲੱਖ ਰੁਪਏ ਦੀ ਪ੍ਰਵਾਨਗੀ ਦਿੱਤੀ ਗਈ ਹੈ ਜਿਸ ਨਾਲ ਪਿਛਲੇ ਲੰਮੇ ਸਮੇਂ ਤੋਂ ਖਰਾਬ ਹਾਲਤ ਵਿੱਚ ਪਈਆਂ ਸੜਕਾਂ ਦੀ ਮੁਰੰਮਤ ਕਰਵਾਈ ਜਾਵੇਗੀ ਤਾਂ ਜੋ ਪਿੰਡਾਂ ਦੇ ਲੋਕਾਂ ਨੂੰ ਆਵਾਜਾਈ ਦੀਆਂ ਬਿਹਤਰੀਨ ਸਹੂਲਤਾਂ ਮੁਹੱਈਆ ਕਰਵਾਈਆਂ ਜਾ ਸਕਣ।ਵਿਧਾਇਕ ਨੇ ਕਿਹਾ ਕਿ ਇਸ ਸੜਕ ਦੇ ਬਣਨ ਨਾਲ ਜਿਥੇ ਇਲਾਕੇ ਦੇ ਦਰਜ਼ਨਾਂ ਪਿੰਡਾਂ ਦੇ ਲੋਕਾਂ ਨੂੰ ਲਾਭ ਪਹੁੰਚੇਗਾ ਉਥੇ ਹੀ ਚਨਾਰਥਲ ਸਬ ਤਹਿਸੀਲ ਬਣਨ ਨਾਲ ਤਕਰੀਬਨ 70 ਫੀਸਦੀ ਪਿੰਡ ਇਸ ਨਾਲ ਸਿੱਧੇ ਜਾਂ ਅਸਿੱਧੇ ਤੌਰ 'ਤੇ ਜੁੜਨਗੇ ਜਿਸ ਨਾਲ ਲੋਕਾਂ ਨੂੰ ਆਉਣ ਜਾਣ ਵਿੱਚ ਵੱਡੀ ਰਾਹਤ ਮਿਲੇਗੀ।
ਉਨ੍ਹਾਂ ਕਿਹਾ ਕਿ ਇਲਾਕੇ ਦੇ ਲੋਕਾਂ ਨਾਲ ਉਨ੍ਹਾਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਵਾਅਦਾ ਵੀ ਕੀਤਾ ਸੀ ਕਿ ਲੋਕਾਂ ਨੂੰ ਕੋਈ ਤਕਲੀਫ ਪੇਸ਼ ਨਹੀਂ ਆਉਣ ਦਿੱਤੀ ਜਾਵੇਗੀ ਅਤੇ ਹਲਕੇ ਦੀਆਂ ਲਿੰਕ ਸੜਕਾਂ ਦੀ ਮੁਰੰਮਤ ਕਰਵਾ ਕੇ ਉਹ ਆਪਣਾ ਵਾਅਦਾ ਪੂਰਾ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਹਲਕੇ ਦਾ ਸੇਵਾਦਾਰ ਹੋਣ ਦੇ ਨਾਤੇ ਉਨ੍ਹਾਂ ਦਾ ਇਹ ਫਰਜ਼ ਵੀ ਬਣਦਾ ਹੈ ਕਿ ਉਹ ਹਲਕੇ ਦੇ ਵੋਟਰਾਂ ਨੂੰ ਹਰੇਕ ਸਹੂਲਤ ਮੁਹੱਈਆ ਕਰਾਉਣ ਵਿੱਚ ਕੋਈ ਕਸਰ ਨਾ ਛੱਡਣ।ਵਿਧਾਇਕ ਨੇ ਪਿਛਲੀ ਅਕਾਲੀ-ਭਾਜਪਾ ਸਰਕਾਰ 'ਤੇ ਵਰ੍ਹਦਿਆਂ ਕਿਹਾ ਕਿ ਆਪਣੇ ਆਪ ਨੂੰ ਪੰਥ ਹਿਤੈਸ਼ੀ ਕਹਾਉਣ ਵਾਲੇ ਅਕਾਲੀਆਂ ਨੇ ਕਦੇ ਵੀ ਇਸ ਪਵਿੱਤਰ ਤੇ ਇਤਿਹਾਸਕ ਧਰਤੀ ਦੀ ਸਾਰ ਨਹੀਂ ਲਈ ਅਤੇ ਹਮੇਸ਼ਾਂ ਸੰਗਤ ਦਰਸ਼ਨਾਂ ਦੌਰਾਨ ਲੋਕਾਂ ਨੂੰ ਲਾਰੇ ਹੀ ਲਗਾਉਂਦੇ ਰਹੇ। ਜਦੋਂ ਕਿ ਕੈਪਟਨ ਅਮਰਿੰਦਰ ਸਿੰਘ ਆਪਣੀ ਕਹਿਣੀ ਤੇ ਕਰਨੀ ਦੇ ਪੱਕੇ ਹਨ ਜੋ ਕਿ ਰਾਜ ਦਾ ਹਰੇਕ ਬੰਦਾ ਜਾਣਦਾ ਹੈ। ਇਸ ਮੌਕੇ ਲੋਕ ਨਿਰਮਾਣ ਵਿਭਾਗ ਦੇ ਕਾਰਜਕਾਰੀ ਇੰਜਨੀਅਰ ਸ਼੍ਰੀ ਬਲਵਿੰਦਰ ਸਿੰਘ, ਐਸ.ਡੀ.ਓ. ਜੈਪਾਲ ਸ਼ਰਮਾ, ਐਸ.ਡੀ.ਓ. ਮਨਦੀਪ ਸਿੰਘ, ਜੇ.ਈ. ਹਰਿੰਦਰ ਕੁਮਾਰ, ਹਰਦੇਵ ਸਿੰਘ ਸਰਪੰਚ ਬਾਲਪੁਰ, ਜਗਦੀਪ ਸਿੰਘ ਨੰਬਰਦਾਰ, ਭੁਪਿੰਦਰ ਸਿੰਘ ਬਾਲਪੁਰ, ਲਖਵਿੰਦਰ ਸਿੰਘ ਲੱਖੀ, ਪਰਮਵੀਰ ਸਿੰਘ ਟਿਵਾਣਾ, ਇੰਦਰਪਾਲ ਸਿੰਘ, ਪ੍ਰਦੀਪ ਸਿੰਘ ਠੇਕੇਦਾਰ, ਮੇਘ ਰਾਜ ਸ਼ਰਮਾ, ਭਗਵਤੀ ਸ਼ਰਮਾ, ਗੁਰਸੇਵਕ ਸਿੰਘ, ਹਰਿੰਦਰ ਸਿੰਘ, ਕ੍ਰਿਸ਼ਨ ਲਾਲ, ਪ੍ਰਵੀਨ ਕੁਮਾਰ, ਹਰਬੰਸ ਸਿੰਘ, ਕਰਮਜੀਤ ਸਿੰਘ ਤੇ ਬਘੀਰਤ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਇਲਾਕੇ ਦੇ ਸਰਪੰਚ, ਪੰਚ ਤੇ ਹੋਰ ਪਤਵੰਤੇ ਮੌਜੂਦ ਸਨ।