5 Dariya News

ਪ੍ਰਭ ਆਸਰਾ ਸੰਸਥਾ 'ਚ ਪੰਜ ਲਾਵਾਰਸਾਂ ਨੂੰ ਮਿਲੀ ਸ਼ਰਨ

5 Dariya News

ਕੁਰਾਲੀ 21-Jun-2018

ਸ਼ਹਿਰ ਵਿਚ ਲਾਵਾਰਸ ਲੋਕਾਂ ਦੀ ਸੇਵਾ ਸੰਭਾਲ ਕਰ ਰਹੀ ਪ੍ਰਭ ਆਸਰਾ ਸੰਸਥਾਂ ਵਿਚ ਪੰਜ ਹੋਰ ਲਾਵਾਰਿਸ ਨਾਗਰਿਕਾਂ ਨੂੰ ਸ਼ਰਨ ਮਿਲੀ| ਸੰਸਥਾਂ ਦੇ ਮੁੱਖ ਪ੍ਰਬੰਧਕ ਭਾਈ ਸ਼ਮਸ਼ੇਰ ਸਿੰਘ ਪਡਿਆਲਾ ਨੇ ਦੱਸਿਆ ਕਿ ਤੁਲਸੀ 45 ਸਾਲਾਂ ਔਰਤ, ਮਨੀਮਾਜਰਾ ਵਿਖੇ ਲਵਾਰਿਸ ਹਾਲਤ ਵਿਚ ਮਿਲੀ ਸੀ, ਜੋ ਕਿ ਦਿਮਾਗੀ ਪ੍ਰੇਸ਼ਾਨੀ ਕਾਰਣ ਉਥੋਂ ਜਾ ਰਹੇ ਲੋਕਾਂ ਦੇ ਪੱਥਰ ਮਾਰ ਰਹੀ ਸੀ ਜਿਸਤੋਂ ਬਾਅਦ ਲੋਕਾਂ ਵੱਲੋਂ ਪੁਲਿਸ ਨੂੰ ਸੂਚਿਤ ਕੀਤਾ ਗਿਆ | ਉਹ ਆਪਣਾ ਪਤਾ ਦੱਸਣ ਵਿਚ ਅਸਮਰਥ ਸੀ ਜਿਸ ਕਾਰਣ ਉਥੋਂ ਦੀ ਪੁਲਿਸ ਵੱਲੋਂ ਉਸਨੂੰ ਸੰਸਥਾਂ ਵਿਚ ਦਾਖਲ ਕਰਵਾਇਆ ਗਿਆ | ਇਸੇ ਤਰਾਂ ਸਤਨਾਮ ਕੌਰ 45 ਸਾਲਾਂ ਦਿਮਾਗੀ ਤੋਰ ਤੋਂ ਪ੍ਰੇਸ਼ਾਨ ਔਰਤ, ਜੋ ਕਿ ਦੁਸਹਿਰਾ ਗਰਾਉਂਡ ਖਰੜ ਵਿਖੇ ਲਾਵਾਰਿਸ ਹਾਲਤ ਵਿਚ ਰੁੱਲ ਰਹੀ ਸੀ, ਨੂੰ ਓਥੋਂ ਦੇ ਸਮਾਜ ਦਰਦੀ ਸੱਜਣਾ ਵੱਲੋਂ ਪੁਲਿਸ ਦੀ ਮਦਦ ਨਾਲ ਸੰਸਥਾਂ ਵਿਚ ਦਾਖਲ ਕਰਵਾਇਆ ਗਿਆ | ਅਜੈ ਕੁਮਾਰ 19 ਸਾਲਾਂ ਲੜਕਾ ਜੋ ਕਿ ਮਹੱਦੀਪੁਰ, ਲੁਧਿਆਣਾ ਵਿਖੇ ਲਵਾਰਿਸ ਹਾਲਤ ਵਿਚ ਘੁੰਮ ਰਿਹਾ ਸੀ ਜਿਸਦੀ ਦਿਮਾਗੀ ਹਾਲਤ ਠੀਕ ਨਹੀਂ ਸੀ ਜਿਸ ਕਾਰਣ ਉਹ ਆਪਣਾ ਪਤਾ ਦੱਸਣ ਵਿਚ ਅਸਮਰਥ ਸੀ, ਨੂੰ ਪਿੰਡ ਵਾਲਿਆਂ ਦੀ ਮਦਦ ਨਾਲ ਸੰਸਥਾਂ ਵਿਚ ਦਾਖਲ ਕਰਵਾਇਆ ਗਿਆ | ਸਤਪਾਲ ਸਿੰਘ (23) ਜੋ ਫ਼ਰੀਦਕੋਟ ਵਿਖੇ ਲਾਵਰਿਸ਼ ਹਾਲਤ ਵਿਚ ਮਿਲਿਆ ਸੀ, ਨੂੰ ਭਾਰਤੀ ਰੇਡ ਕਰਾਸ ਸੋਸਾਇਟੀ ਵੱਲੋ ਦਾਖਲ ਕਰਵਾਇਆ ਗਿਆ ਸੀ | ਛਿੰਦਾ (55) ਜੋ ਕਿ ਪਿਛਲੇ ਕਈ ਮਹੀਨਿਆਂ ਤੋਂ ਲਵਾਰਿਸ ਹਾਲਤ ਵਿਚ ਸੈਕਟਰ-23 ਚੰਡੀਗੜ੍ਹ ਵਿਖੇ ਰੁੱਲ ਰਿਹਾ ਸੀ, ਨੂੰ ਚੰਡੀਗੜ੍ਹ ਪ੍ਰਸ਼ਾਸ਼ਨ ਵੱਲੋਂ ਸੰਸਥਾਂ ਵਿਚ ਦਾਖਲ ਕਰਵਾਇਆ ਗਿਆ | ਇਹਨਾਂ ਸੰਬੰਧੀ ਗੱਲਬਾਤ ਕਰਦਿਆਂ ਭਾਈ ਸ਼ਮਸ਼ੇਰ ਸਿੰਘ ਨੇ ਦੱਸਿਆ ਕਿ ਦਾਖਲੇ ਉਪਰੰਤ ਇਹਨਾਂ ਦੀ ਸੇਵਾ ਸੰਭਾਲ ਤੇ ਇਲਾਜ ਸ਼ੁਰੂ ਕਰ ਦਿਤਾ ਗਿਆ ਹੈ | ਉਹਨਾਂ ਨੇ ਸਭ ਲੋਕਾਂ ਨੂੰ ਅਪੀਲ ਕੀਤੀ ਕਿ ਉਕਤ ਨਾਗਰਿਕਾਂ ਬਾਰੇ ਕਿਸੇ ਨੂੰ ਕੋਈ ਵੀ ਜਾਣਕਾਰੀ ਮਿਲੇ ਤਾਂ ਉਹ ਤੁਰੰਤ ਸੰਸਥਾ ਦੇ ਪ੍ਰਬੰਧਕਾਂ ਨਾਲ ਸੰਪਰਕ ਕਰ ਸਕਦੇ ਹਨ |