ਡੀ ਸੀ ਨੇ ਸਮੂਹ ਨਗਰ ਕੌਂਸਲਾਂ ਦੇ ਈ ਓਜ਼ ਨੂੰ ਸੀਵਰੇਜ ਦੀ ਸਫਾਈ ਕਰਨ ਵਾਲਿਆਂ ਨੂੰ ਪ੍ਰੋਟੈਕਟਿਵ ਕਿੱਟਾਂ ਦੇਣ ਦੇ ਦਿੱਤੇ ਆਦੇਸ਼
5 Dariya News
ਫਤਹਿਗੜ੍ਹ ਸਾਹਿਬ 21-Jun-2018
ਜਿਲ੍ਹੇ ਵਿੱਚੋਂ ਹੱਥੀ ਮੈਲਾ ਢੋਹਣ ਦੀ ਪ੍ਰਥਾ ਨੂੰ ਪੂਰੀ ਤਰਾਂ ਸਮਾਪਤ ਕਰਨ ਸਬੰਧੀ ਡਿਪਟੀ ਕਮਿਸ਼ਨਰ ਕੰਵਲਪ੍ਰੀਤ ਬਰਾੜ ਦੀ ਪ੍ਰਧਾਨਗੀ ਹੇਠ ਜਿਲ੍ਹਾ ਪੱਧਰੀ ਕਮੇਟੀ ਦੀ ਮੀਟਿੰਗ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਹੋਈ। ਮੀਟਿੰਗ ਦੌਰਾਨ ਜਿਲ੍ਹਾ ਭਲਾਈ ਅਫਸਰ ਅਸ਼ੀਸ਼ ਕਥੂਰੀਆ ਨੇ ਧਿਆਨ ਵਿੱਚ ਲਿਆਂਦਾ ਕਿ ਪਹਿਲਾਂ ਕਰਵਾਏ ਗਏ ਸਰਵੇਅ ਦੌਰਾਨ ਹੱਥੀ ਮੈਲਾ ਢੋਹਣ ਵਾਲਾ ਕੋਈ ਵੀ ਵਿਅਕਤੀ ਜਿਲ੍ਹੇ ਵਿੱਚ ਨਹੀਂ ਪਾਇਆ ਗਿਆ। ਡਿਪਟੀ ਕਮਿਸ਼ਨਰ ਨੇ ਜਿਲਾ ਵਿਕਾਸ ਤੇ ਪੰਚਾਇਤ ਅਫਸਰ ਅਤੇ ਸਮੂਹ ਨਗਰ ਕੌਂਸਲਾਂ ਦੇ ਕਾਰਜਸਾਧਕ ਅਫਸਰਾਂ ਨੂੰ ਹਦਾਇਤ ਕੀਤੀ ਕਿ ਜਿਲੇ ਦੇ ਸਾਰੇ ਪਿੰਡਾਂ ਅਤੇ ਸ਼ਹਿਰਾਂ ਵਿੱਚ ਮੁੜ ਸਰਵੇਅ ਕਰਵਾਇਆ ਜਾਵੇ ਅਤੇ ਜੇਕਰ ਕੋਈ ਵੀ ਵਿਅਕਤੀ ਹੱਖੀ ਮੈਲਾ ਢੋਹਣ ਵਾਲੇ ਇਸ ਮਲੀਨ ਕਿੱਤੇ ਨੂੰ ਕਰ ਰਿਹਾ ਹੋਵੇ ਤਾਂ ਉਸਨੂੰ ਇਸ ਕਿੱਤੇ ਨੂੰ ਛੱਡ ਕੇ ਹੋਰ ਕਿੱਤਿਆਂ ਨੂੰ ਅਪਨਾਉਣ ਲਈ ਪ੍ਰੇਰਤ ਕੀਤਾ ਜਾਵੇ। ਉਹਨਾਂ ਕਿਹਾ ਕਿ ਹੋਰ ਕਿੱਤਾਂ ਕਰਨ ਲਈ ਉਸਨੂੰ ਬੈਂਕ ਵੱਲੋਂ ਕਰਜਾ ਵੀ ਮੁਹਈਆ ਕਰਵਾਇਆ ਜਾਵੇਗਾ। ਉਹਨਾਂ ਲੀਡ ਬੈਂਕ ਦੇ ਮੈਨੇਜਰ ਨੂੰ ਕਿਹਾ ਕਿ ਜੇਕਰ ਮਲੀਨ ਕਿੱਤਾ ਛੱਡ ਕੇ ਕੋਈ ਵਿਅਕਤੀ ਕਿਸੇ ਹੋਰ ਕਿੱਤਾ ਕਰਨ ਲਈ ਕਰਜੇ ਦੀ ਅਰਜੀ ਦਿੰਦਾ ਹਾਂ ਤਾਂ ਉਸਨੂੰ ਪਹਿਲ ਦੇ ਆਧਾਰ ਤੇ ਕਰਜਾ ਮੁਹਈਆ ਕਰਵਾਇਆ ਜਾਵੇ। ਉਹਨਾਂ ਕਿਹਾ ਕਿ ਹੱਥੀ ਮੈਲਾ ਢਾਹੁਣ ਵਾਲੇ ਵਿਅਕਤੀਆਂ ਦੇ ਬੱਚਿਆਂ ਨੂੰ ਵੀ ਆਪਣਾ ਭਵਿੱਖ ਬੇਹਤਰ ਬਣਾਉਣ ਲਈ ਸਿੱਖਿਆ ਹਾਸਲ ਕਰਨ ਵਾਸਤੇ ਸਕੂਲ ਭੇਜਣ ਲਈ ਪ੍ਰੇਰਤ ਕੀਤਾ ਜਾਵੇ।ਡਿਪਟੀ ਕਮਿਸ਼ਨਰ ਨੇ ਸਮੂਹ ਨਗਰ ਕੌਂਸਲਾਂ ਦੇ ਕਾਰਜਸਾਧਕ ਅਫਸਰਾਂ ਨੂੰ ਕਿਹਾ ਕਿ ਸੀਵਰੇਜ ਦੀ ਸਫਾਈ ਕਰਨ ਵਾਲਿਆਂ ਨੂੰ ਪ੍ਰੋਟੈਕਟਿਵ ਕਿੱਟ ਉਪਲਬੱਧ ਕਰਵਾਉਣਾ ਯਕੀਨੀ ਬਣਾਇਆ ਜਾਵੇ ਤਾਂ ਜੋ ਸੀਵਰੇਜ ਦੀ ਸਫਾਈ ਕਰਨ ਮੌਕੇ ਉਹਨਾਂ ਨੂੰ ਕਿਸੇ ਤਰਾਂ ਦਾ ਕੋਈ ਨੁਕਸਾਨ ਨਾਂ ਪਹੁੰਚੇ। ਇਸ ਮੀਟਿੰਗ ਵਿੱਚ ਐਸ ਪੀ ਸ੍ਰ: ਹਰਪਾਲ ਸਿੰਘ, ਪੀ ਸੀ ਐਸ ਸ਼੍ਰ: ਕਰਮਜੀਤ ਸਿੰਘ, ਲੀਡ ਬੈਂਕ ਮੈਨੇਜਰ ਨਵੀਨ ਪ੍ਰਕਾਸ਼, ਡੀ ਐਸ ਪੀ ਸੰਦੀਪ ਕੌਰ, ਜਿਲਾ ਵਿਕਾਸ ਤੇ ਪੰਚਾਇਤ ਅਫਸਰ ਅਮਰੀਕ ਸਿੰਘ ਸਿੱਧੂ ਅਤੇ ਵਿਸਾਖੀ ਰਾਮ ਤੋਂ ਇਲਾਵਾ ਹੋਰ ਅਧਿਕਾਰੀ ਵੀ ਹਾਜਰ ਸਨ।