5 Dariya News

ਸੁਖਬੀਰ ਸਿੰਘ ਬਾਦਲ ਵੱਲੋਂ ਮੋਹਾਲੀ ਵਿਚ ਰੇਤ ਮਾਫੀਆ ਦੁਆਰਾ ਦੋ ਜੰਗਲਾਤ ਅਧਿਕਾਰੀਆਂ ਉੱਤੇ ਕੀਤੇ ਕਾਤਲਾਨਾ ਹਮਲੇ ਦੀ ਨਿਖੇਧੀ

ਸ਼੍ਰੋਮਣੀ ਅਕਾਲੀ ਦਲ ਰੇਤ ਮਾਫੀਆ ਖ਼ਿਲਾਫ ਕਾਰਵਾਈ ਅਤੇ ਗੈਰਕਾਨੂੰਨੀ ਮਾਈਨਿੰਗ ਨਾਲ ਵਾਤਾਵਰਣ ਦੇ ਕੀਤੇ ਜਾ ਰਹੇ ਨੁਕਸਾਨ ਦੇ ਮੁੱਦਿਆਂ ਉੱਤੇ ਰਾਜਪਾਲ ਨੂੰ ਮਿਲੇਗਾ

5 Dariya News

ਚੰਡੀਗੜ 20-Jun-2018

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਮੋਹਾਲੀ ਵਿਚ ਰੇਤ ਮਾਫੀਆ ਵੱਲੋਂ ਦੋ ਜੰਗਲਾਤ ਅਧਿਕਾਰੀਆਂ ਉੱਤੇ ਕੀਤੇ ਕਾਤਲਾਨਾ ਹਮਲੇ ਦੀ ਨਿਖੇਧੀ ਕਰਦਿਆਂ ਕਿਹਾ ਹੈ ਕਿ ਸਰਕਾਰੀ ਅਧਿਕਾਰੀਆਂ ਉੱਤੇ ਹਮਲੇ ਅਤੇ ਵੱਡੇ ਪੱਧਰ ਉੱਤੇ ਰੇਤੇ ਦੀ ਗੈਰਕਾਨੂੰਨੀ ਮਾਈਨਿੰਗ ਬੇਰੋਕ ਜਾਰੀ ਹੈ, ਕਿਉਂਕਿ ਕਾਂਗਰਸ ਸਰਕਾਰ ਰੇਤ ਮਾਫੀਆ ਨਾਲ ਰਲੀ ਹੋਈ ਹੈ ਅਤੇ ਉਹਨਾਂ ਦੀ ਪੁਸ਼ਤਪਨਾਹੀ ਕਰ ਰਹੀ ਹੈ। ਇੱਥੇ ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਕੱਲ ਮੋਹਾਲੀ ਦੇ ਮਾਜਰੀ ਬਲਾਕ ਵਿਚ ਗੈਰਕਾਨੂੰਨੀ ਮਾਈਨਿੰਗ ਨੂੰ ਰੋਕਣ ਦੀ ਕੋਸ਼ਿਸ਼ ਕਰ ਰਹੇ ਜੰਗਲਾਤ ਅਧਿਕਾਰੀਆਂ ਉੱਤੇ ਕੀਤੇ ਜਾਨਲੇਵਾ ਹਮਲੇ ਨੇ ਸਾਬਿਤ ਕਰ ਦਿੱਤਾ ਕਿ ਸੂਬੇ ਵਿਚ ਜੰਗਲ ਰਾਜ ਦਾ ਬੋਲਬਾਲਾ ਹੈ। ਉਹਨਾਂ ਕਿਹਾ ਕਿ ਰੇਤ ਮਾਫੀਆ ਦੇ ਹੌਂਸਲੇ ਇੰਨੇ ਖੁੱਲ ਗਏ ਹਨ ਕਿ ਇਹ ਇਸ ਦੀਆਂ ਗੈਰਕਾਨੂੰਨੀ ਕਾਰਵਾਈਆਂ ਦੇ ਰਸਤੇ ਵਿਚ ਆ ਰਹੇ ਸਰਕਾਰੀ ਅਧਿਕਾਰੀਆਂ ਦਾ ਕਤਲ ਕਰਨ ਲਈ ਵੀ ਤਿਆਰ ਹੈ। ਇਹ ਕਹਿੰਦਿਆਂ ਕਿ ਕਾਂਗਰਸ ਸਰਕਾਰ ਰੇਤ ਮਾਫੀਆ ਨਾਲ ਰਲੀ ਹੋਈ ਹੈ, ਸਰਦਾਰ ਬਾਦਲ ਨੇ ਆਖਿਆ ਕਿ ਇਹ ਗੱਲ ਸ਼ਾਹਕੋਟ ਜ਼ਿਮਨੀ ਚੋਣ ਵੇਲੇ ਹੀ ਸਪੱਸ਼ਟ ਹੋ ਗਈ ਸੀ, ਜਦੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਹਰਦੇਵ ਸਿੰਘ ਲਾਡੀ ਖ਼ਿਲਾਫ ਗੈਰਕਾਨੂੰਨੀ ਮਾਈਨਿੰਗ ਦੇ ਗੰਭੀਰ ਦੋਸ਼ ਲੱਗੇ ਹੋਣ ਦੇ ਬਾਵਜੂਦ ਸੂਬਾ ਸਰਕਾਰ ਨੇ ਉਸ ਨੂੰ ਬਚਾਉਣ ਲਈ ਸਾਰੇ ਕਾਨੂੰਨ ਛਿੱਕੇ ਉੱਤੇ ਟੰਗ ਦਿੱਤੇ ਸਨ। ਉਹਨਾਂ ਕਿਹਾ ਕਿ ਲਾਡੀ ਖ਼ਿਲਾਫ ਇੱਕ ਸਟਿੰਗ ਦੇ ਰੂਪ ਵਿਚ ਵੀਡਿਓਗ੍ਰਾਫਿਕ ਸਬੂਤ ਹੋਣ ਦੇ ਬਾਵਜੂਦ ਵੀ ਉਸ ਖ਼ਿਲਾਫ ਕੋਈ ਕਾਰਵਾਈ ਨਹੀਂ ਸੀ ਕੀਤੀ ਗਈ। ਸੂਬਾ ਸਰਕਾਰ ਦੇ ਇਸ ਵਤੀਰੇ ਨੇ ਰੇਤ ਮਾਫੀਆ ਦੇ ਹੌਂਸਲੇ ਖੋਲ ਦਿੱਤੇ ਅਤੇ ਹੁਣ ਉਹ ਬਿਨਾਂ ਕਿਸੇ ਡਰ ਤੋਂ ਸੂਬੇ ਦੇ ਕੁਦਰਤੀ ਸਰੋਤਾਂ ਨੂੰ ਤਹਿਸ ਨਹਿਸ ਕਰ ਰਿਹਾ ਹੈ ਅਤੇ ਲੁੱਟ ਰਿਹਾ ਹੈ। ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਕਾਂਗਰਸ ਸਰਕਾਰ ਗੈਰਕਾਨੂੰਨੀ ਮਾਈਨਿੰਗ ਦੀਆਂ ਹੈਲੀਕਾਪਟਰ ਤੋਂ ਬਣਾਈਆਂ ਵੀਡਿਓਜ਼ ਜਾਰੀ ਕਰਨ ਅਤੇ ਫੋਕੇ ਦਬਕੇ ਮਾਰਨ ਤੋਂ ਇਲਾਵਾ ਰੇਤ ਮਾਫੀਆ ਨੂੰ ਨੱਥ ਪਾਉਣ ਲਈ ਕੁੱਝ ਨਹੀਂ ਕਰ ਰਹੀ ਹੈ, ਇਸ ਲਈ ਉਹਨਾਂ ਦੀ ਪਾਰਟੀ ਰਾਜਪਾਲ ਵੀਪੀ ਸਿੰਘ ਬਦਨੌਰ ਨੂੰ ਮਿਲੇਗੀ ਅਤੇ ਉਹਨਾਂ ਨੂੰ ਕਹੇਗੀ ਕਿ ਉਹ ਸੂਬਾ ਸਰਕਾਰ ਨੂੰ ਰੇਤ ਮਾਫੀਆ ਅਤੇ ਸਰਕਾਰ ਅੰਦਰ ਬਹਿ ਕੇ ਰੇਤ ਮਾਫੀਆ ਦੀ ਪੁਸ਼ਤਪਨਾਹੀ ਕਰ ਰਹੇ ਕਾਂਗਰਸੀਆਂ ਖ਼ਿਲਾਫ ਕਾਰਵਾਈ ਕਰਨ ਦਾ ਨਿਰਦੇਸ਼ ਦੇਣ। 

ਉਹਨਾਂ ਕਿਹਾ ਕਿ ਅਸੀਂ ਇਹ ਵੀ ਮੰਗ ਕਰਾਂਗੇ ਕਿ ਗੈਰਕਾਨੂੰਨੀ ਤੌਰ ਤੇ ਕੱਢੇ ਗਏ ਰੇਤੇ ਉੱਤੇ ਮਾਫੀਆ ਵੱਲੋਂ ਲਾਏ ਜਾ ਰਹੇ ਗੁੰਡਾ ਟੈਕਸ ਨੂੰ ਬੰਦ ਕਰਵਾਇਆ ਜਾਵੇ। ਇਸ ਤੋਂ ਇਲਾਵਾ ਇਸ ਮੁੱਦੇ ਉੱਤੇ ਆਮ ਆਦਮੀ ਨੂੰ ਹੋ ਰਹੀ ਤਕਲੀਫ ਦਾ ਹੱਲ ਕੱਢਣ ਲਈ ਰੇਤ ਦੀਆਂ ਕੀਮਤਾਂ ਘਟਾਉਣ ਵਾਸਤੇ ਇੱਕ ਠੋਸ ਨੀਤੀ ਬਣਾਈ ਜਾਵੇ। ਉਹਨਾਂ ਕਿਹਾ ਕਿ ਗੈਰਕਾਨੂੰਨੀ ਮਾਈਨਿੰਗ ਰਾਹੀਂ ਵਾਤਾਵਰਣ ਦੀ ਹੋ ਰਹੀ ਤਬਾਹੀ ਤੋਂ ਇਲਾਵਾ ਕਈ ਥਾਂਵਾਂ ਉੱਤੇ ਸਤਲੁਜ ਦਰਿਆ ਦੇ ਰੁਖ਼ ਵਿਚ ਆਈ ਤਬਦੀਲੀ ਅਤੇ ਉਪਜਾਊ ਭੂਮੀ ਦੇ ਪਾਣੀ ਨਾਲ ਰੁੜ ਜਾਣ ਬਾਰੇ ਵੀ ਇੱਕ ਮੰਗ ਪੱਤਰ ਰਾਹੀਂ ਰਾਜਪਾਲ ਨੂੰ ਜਾਣੂ ਕਰਵਾਇਆ ਜਾਵੇਗਾ। ਸਰਦਾਰ ਬਾਦਲ ਨੇ ਕਿਹਾ ਕਿ ਕਾਂਗਰਸ ਪਾਰਟੀ ਦੀ ਸਾਰੀਆਂ ਰੇਤ ਖੱਡਾਂ ਉੱਤੇ ਕਬਜ਼ੇ ਕਰਨ ਦੀ ਲਾਲਸਾ ਇਸ ਪਾਰਟੀ ਦੀ ਸਰਕਾਰ ਬਣਦੇ ਹੀ ਉਸ ਸਮੇਂ ਸਾਹਮਣੇ ਆ ਗਈ ਸੀ, ਜਦੋਂ ਉਸ ਸਮੇਂ ਦੇ ਸਿੰਜਾਈ ਅਤੇ ਬਿਜਲੀ ਮੰਤਰੀ ਰਾਣਾ ਗੁਰਜੀਤ ਸਿੰਘ ਨੇ ਆਪਣੇ ਨੇਪਾਲੀ ਖਾਨਸਾਮੇ ਅਤੇ ਦਫਤਰ ਕਰਮਚਾਰੀਆਂ ਦੇ ਨਾਂ ਉੱਤੇ ਰੇਤ ਦੀਆਂ ਖੱਡਾਂ ਹਾਸਿਲ ਕਰ ਲਈਆਂ ਸਨ। ਉਹਨਾਂ ਕਿਹਾ ਕਿ ਇਕਹਿਰੀਆਂ ਬੋਲੀਆਂ ਰਾਹੀਂ ਕਾਂਗਰਸੀ ਵਿਧਾਇਕਾਂ ਦੇ ਸਹਿਯੋਗੀਆਂ ਅਤੇ ਪਰਿਵਾਰਕ ਮੈਂਬਰਾਂ ਨੇ 17 ਖੱਡਾਂ ਹਾਸਿਲ ਕਰ ਲਈਆਂ ਸਨ, ਜਿਸ ਤੋਂ ਸਾਬਿਤ ਹੋ ਗਿਆ ਸੀ ਕਿ ਕਾਂਗਰਸ ਪਾਰਟੀ ਨੇ ਸਾਰੀਆਂ ਰੇਤ ਖੱਡਾਂ ਦੀ ਬੋਲੀ ਦੀ ਪ੍ਰਕਿਰਿਆ ਨੂੰ ਆਪਣੇ ਹੱਕ ਵਿਚ ਭੁਗਤਾਇਆ ਸੀ। ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਸਿਰਫ ਇੰਨਾ ਹੀ ਨਹੀਂ। ਗੈਰਕਾਨੂੰਨੀ ਮਾਈਨਿੰਗ ਨੂੰ ਰੋਕਣ ਦੀ ਕੋਸ਼ਿਸ਼ ਕਰ ਰਹੇ ਸਰਕਾਰੀ ਅਧਿਕਾਰੀਆਂ ਉੱਤੇ ਹਮਲੇ ਹੋਣ ਦੀਆਂ ਖਬਰਾਂ ਵੀ ਆਉਂਦੀਆਂ ਰਹੀਆਂ ਹਨ। ਉਹਨਾਂ ਕਿਹਾ ਕਿ ਇਹਨਾਂ ਘਟਨਾਵਾਂ ਵਿਚ ਮਾਈਨਿੰਗ ਵਿਭਾਗ ਦੇ ਜਨਰਲ ਮੈਨੇਜਰ ਟੀਐਸ ਸੇਖੋਂ ਉੱਤੇ ਕੀਤਾ ਕਾਤਲਾਨਾ ਹਮਲਾ ਵੀ ਸ਼ਾਮਿਲ ਸੀ। ਉਹਨਾਂ ਕਿਹਾ ਕਿ ਇਸ ਅਧਿਕਾਰੀ ਨੇ ਸ਼ਿਕਾਇਤ ਕੀਤੀ ਸੀ ਕਿ ਜਦੋਂ ਰੇਤ ਮਾਫੀਆ ਨਾਲ ਜੁੜੇ ਕਾਂਗਰਸੀ ਵਿਧਾਇਕ ਮਦਨ ਲਾਲ ਜਲਾਲਪੁਰ ਦੇ ਬੰਦਿਆਂ ਨੇ ਘਨੌਰ ਵਿਚ ਉਸ ਨੂੰ ਸ਼ਰੇਆਮ ਲੋਕਾਂ ਦੇ ਸਾਹਮਣੇ ਕੁੱਟਿਆ ਸੀ ਅਤੇ ਟਿੱਪਰ ਥੱਲੇ ਦੇ ਕੇ ਕੁਚਲਣ ਦੀ ਕੋਸ਼ਿਸ਼ ਕੀਤੀ ਸੀ ਤਾਂ ਵੀ ਪੁਲਿਸ ਨੇ ਕੋਈ ਕਾਰਵਾਈ ਨਹੀਂ ਸੀ ਕੀਤੀ। ਸਰਦਾਰ ਬਾਦਲ ਨੇ ਕਿਹਾ ਕਿ ਅਜਿਹੇ ਕੇਸਾਂ ਦੀ ਵੀ  ਭਰਮਾਰ ਹੈ, ਜਿੱਥੇ ਪੂਰੀ ਜਾਂਚ ਮਗਰੋਂ ਅਪਰਾਧੀਆਂ ਖ਼ਿਲਾਫ ਗੈਰਕਾਨੂੰਨੀ ਮਾਈਨਿੰਗ ਦੇ ਕੇਸ ਦਰਜ ਕਰ ਲਏ ਗਏ ਪਰ ਉਹਨਾਂ ਦੇ ਸਿਰ ਉੱਤੇ ਸਿਆਸੀ ਹੱਥ ਹੋਣ ਕਰਕੇ ਉਹਨਾਂ ਵਿਰੁੱਧ ਕਾਰਵਾਈ ਨਹੀਂ ਕੀਤੀ ਗਈ। ਉਹਨਾਂ ਕਿਹਾ ਕਿ ਇਹ ਸਭ ਫਰੀਦਕੋਟ ਦੇ ਕਾਂਗਰਸੀ ਵਿਧਾਇਕ ਕੁਸ਼ਲਦੀਪ ਢਿੱਲੋਂ ਦੇ ਖਾਸ ਬੰਦੇ ਅਤੇ ਕਰਮਚਾਰੀ ਬਲਵਿੰਦਰ ਸਿੰਘ ਦੇ ਮਾਮਲੇ ਵਿਚ ਵਾਪਰਿਆ ਸੀ। ਉਹਨਾਂ ਕਿਹਾ ਕਿ ਰੇਤ ਮਾਫੀਆ ਇੰਨਾ ਤਾਕਤਵਰ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਹੈਲੀਕਾਪਟਰ ਰਾਹੀਂ ਨਵਾਂਸ਼ਹਿਰ ਵਿਚ ਸਤਲੁਜ ਦਰਿਆ ਦੇ ਕੰਢੇ ਹੁੰਦੀ ਗੈਰਕਾਨੂੰਨੀ ਮਾਈਨਿੰਗ ਬਾਰੇ ਕੀਤੇ ਟਵੀਟ ਤੋਂ ਬਾਅਦ  ਵੀ ਇਸ ਮਾਮਲੇ ਵਿਚ ਕੋਈ ਠੋਸ ਕਾਰਵਾਈ ਨਹੀਂ ਕੀਤੀ ਗਈ।