ਮਾਲ ਵਿਭਾਗ ਦੇ ਕੋਰਟ ਕੇਸਾਂ ਦਾ ਨਿਪਟਾਰਾ ਸਮੇਂ ਸਿਰ ਕਰਨ ਨੂੰ ਯਕੀਨੀ ਬਣਾਇਆ ਜਾਵੇ : ਰਾਹੁਲ ਤਿਵਾੜੀ
ਕਮਿਸ਼ਨਰ ਰੂਪਨਗਰ ਡਵੀਜ਼ਨ ਰਾਹੁਲ ਤਿਵਾੜੀ ਵੱਲੋਂ ਜ਼ਿਲ੍ਹਾ ਐਸ.ਏ.ਐਸ.ਨਗਰ ਦਾ ਡੈਪੋ ਸਬੰਧੀ ਲੋਗੋ ਕੀਤਾ ਜਾਰੀ
5 Dariya News
ਐਸ.ਏ.ਐਸ.ਨਗਰ (ਮੁਹਾਲੀ) 14-Jun-2018
ਰੂਪਨਗਰ ਡਵੀਜ਼ਨ ਵਿਚ ਪੈਂਦੇ ਜ਼ਿਲ੍ਹੇ ਸਾਹਿਬਜ਼ਾਦਾ ਅਜੀਤ ਸਿੰਘ ਨਗਰ, ਰੂਪਨਗਰ ਅਤੇ ਸ਼ਹੀਦ ਭਗਤ ਸਿੰਘ ਨਗਰ ਵਿਚ ਮਾਲ ਵਿਭਾਗ ਦੇ ਕੋਰਟ ਕੇਸਾਂ ਦਾ ਨਿਪਟਾਰਾ ਸਮੇਂ ਸਿਰ ਕਰਨ ਨੂੰ ਯਕੀਨੀ ਬਣਾਇਆ ਜਾਵੇ ਅਤੇ ਇੰਤਕਾਲਾਂ ਦੇ ਕੰਮਕਾਜ ਨੂੰ ਵੀ ਬਿਨ੍ਹਾਂ ਕਿਸੇ ਦੇਰੀ ਤੋਂ ਕੀਤਾ ਜਾਵੇ। ਇੰਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਡਵੀਜ਼ਨਲ ਕਮਿਸ਼ਨਰ ਰੂਪਨਗਰ ਸ੍ਰੀ ਰਾਹੁਲ ਤਿਵਾੜੀ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਮੀਟਿੰਗ ਹਾਲ ਵਿਖੇ ਰੂਪਨਗਰ ਡਵੀਜ਼ਨ ਦੇ ਡਿਪਟੀ ਕਮਿਸ਼ਨਰਾਂ ਤੇ ਸਮੂਹ ਸਬ ਡਵੀਜਨਾਂ ਦੇ ਐਸ.ਡੀ.ਐਮਜ਼ ਅਤੇ ਹੋਰਨਾਂ ਵਿਭਾਗਾਂ ਦੇ ਅਧਿਕਾਰੀਆਂ ਦੀ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀਆਂ ਗਈਆਂ ਲੋਕ ਭਲਾਈ ਦੀਆਂ ਵੱਖ-ਵੱਖ ਸਕੀਮਾਂ ਦਾ ਜਾਇਜ਼ਾ ਲੈਣ ਮੌਕੇ ਸੱਦੀ ਗਈ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਕੀਤਾ। ਇਸ ਮੌਕੇ ਉਨ੍ਹਾਂ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਜ਼ਿਲ੍ਹੇ ਦਾ ਡੈਪੋ ਸਬੰਧੀ ਤਿਆਰ ਕੀਤਾ ਲੋਗੋ 'ਸਹਿਯੋਗ ਦੀ ਸ਼ਕਤੀ ਨਸ਼ੇ ਤੋਂ ਮੁਕਤੀ ' ਵੀ ਜਾਰੀ ਕੀਤਾ। ਉਨ੍ਹਾਂ ਇਸ ਮੌਕੇ ਐਸ.ਏ.ਐਸ.ਨਗਰ ਜ਼ਿਲ੍ਹੇ ਨੂੰ ਡੈਪੋ ਸਬੰਧੀ ਲੋਗੋ ਜਾਰੀ ਕਰਨ ਤੇ ਵਧਾਈ ਵੀ ਦਿੱਤੀ ਅਤੇ ਕਿਹਾ ਕਿ ਹੋਰਨਾਂ ਜ਼ਿਲ੍ਹਿਆਂ ਨੂੰ ਵੀ ਅਜਿਹੇ ਕੰਮ ਲਈ ਅੱਗੇ ਆਉਣਾ ਚਾਹੀਦਾ ਹੈ। ਸ੍ਰੀ ਰਾਹੁਲ ਤਿਵਾੜੀ ਨੇ ਇਸ ਮੌਕੇ ਬੋਲਦਿਆਂ ਸਮੂਹ ਡਿਪਟੀ ਕਮਿਸ਼ਨਰਾਂ ਨੂੰ ਆਖਿਆ ਕਿ ਡਵੀਜ਼ਨ ਵਿਚ ਨਸ਼ਿਆਂ ਦੇ ਖਾਤਮੇ ਲਈ ਜ਼ਿਲਿਆਂ ਵਿਚ ਹੇਠਲੇ ਪੱਧਰ ਤੱਕ ਬਣਾਏ ਗਏ ਡੈਪੋਜ਼ ਨੂੰ ਸਿਖਲਾਈ ਦੇਣ ਦਾ 100 ਫੀਸਦੀ ਟੀਚਾ ਮੁਕੰਮਲ ਕੀਤਾ ਜਾਵੇ ਤਾਂ ਜੋ ਸਿਖਲਾਈ ਪ੍ਰਾਪਤ ਕਰਨ ਉਪਰੰਤ ਡੈਪੋ ਆਪੋ ਆਪਣੇ ਇਲਾਕਿਆਂ ਵਿਚ ਆਮ ਲੋਕਾਂ ਨੂੰ ਨਸ਼ਿਆਂ ਦੀ ਵਰਤੋਂ ਨਾਲ ਸਿਹਤ ਤੇ ਪੈਣ ਵਾਲੇ ਮਾੜੇ ਪ੍ਰਭਾਵ ਬਾਰੇ ਜਾਣੂ ਕਰਵਾ ਸਕਣ। ਉਨ੍ਹਾਂ ਇਸ ਸਬੰਧੀ ਡੈਪੋਜ਼ ਨੂੰ ਪਿੰਡ ਪੱਧਰ ਤੇ ਕਲੱਸਟਰ ਬਣਾ ਕੇ ਟ੍ਰੇਨਰਜ਼ ਰਾਂਹੀ ਸਿਖਲਾਈ ਦੇਣ ਲਈ ਆਖਿਆ। ਸ੍ਰੀ ਤਿਵਾੜੀ ਨੇ ਇਸ ਮੌਕੇ ਮਹਾਤਮਾਂ ਗਾਂਧੀ ਸਰਬੱਤ ਵਿਕਾਸ ਯੋਜਨਾ ਕਿਸਾਨ ਕਰਜ਼ਾ ਰਾਹਤ ਸਕੀਮ ਘਰ ਘਰ ਰੁਜ਼ਗਾਰ, ਐਂਟੀ ਡਰੱਗ ਪ੍ਰੋਗਰਾਮ, ਦਿਹਾਤੀ ਵਾਟਰ ਸਪਲਾਈ ਸਕੀਮ, ਸੋਸ਼ਲ ਸਕੀਮਾਂ ਸਮੇਤ ਹੋਰ ਵੱਖ-ਵੱਖ ਲੋਕ ਭਲਾਈ ਦੀਆਂ ਸਕੀਮਾਂ ਦੀ ਸਮੀਖਿਆ ਵੀ ਕੀਤੀ ਅਤੇ ਇੰਨ੍ਹਾਂ ਸਕੀਮਾਂ ਨੂੰ ਹੇਠਲੇ ਪੱਧਰ ਤੱਕ ਲਾਗੂ ਕਰਨ ਨੂੰ ਯਕੀਨੀ ਬਣਾਉਣ ਲਈ ਆਖਿਆ। ਸ੍ਰੀ ਰਾਹੁਲ ਤਿਵਾੜੀ ਨੇ ਇਸ ਮੌਕੇ ਸਮੂਹ ਡਿਪਟੀ ਕਮਿਸ਼ਨਰਾਂ ਨੂੰ ਜ਼ਿਲ੍ਹਿਆਂ 'ਚ ਪੈਂਦੇ ਸਰਕਾਰੀ ਸਕੂਲਾਂ, ਸਿਹਤ ਸੰਸਥਾਵਾਂ, ਆਂਗਣਵਾੜੀ ਕੇਂਦਰਾਂ ਦੀ ਅਚਨਚੇਤੀ ਚੈਕਿੰਗ ਚੈਕਿੰਗ ਨੂੰ ਯਕੀਨੀ ਬਣਾਉਣ ਲਈ ਵੀ ਆਖਿਆ ਤਾਂ ਜੋ ਇੰਨ੍ਹਾਂ ਸੰਸਥਾਵਾਂ ਦੇ ਸਾਰਥਿਕ ਨਤੀਜ਼ੇ ਸਾਹਮਣੇ ਆਉਣ। ਕਮਿਸ਼ਨਰ ਰੂਪਨਗਰ ਰੇਂਜ ਨੇ ਇਸ ਮੌਕੇ ਡਵੀਜ਼ਨ ਦੇ ਸਮੂਹ ਜ਼ਿਲ੍ਹਿਆਂ ਵਿਚ ਐਨ.ਡੀ.ਪੀ.ਐਸ. ਐਕਟ ਨੂੰ ਵੀ ਸਖਤੀ ਨਾਲ ਲਾਗੂ ਕਰਨ ਦੀਆਂ ਹਦਾਇਤਾਂ ਦਿੱਤੀਆਂ। ਉਨ੍ਹਾਂ ਇਸ ਮੌਕੇ ਮਗਨਰੇਗਾ ਸਕੀਮ ਅਧੀਨ ਵੱਧ ਤੋਂ ਵੱਧ ਜਾਬ ਕਾਰਡ ਬਣਾਉਣ ਦੀਆਂ ਹਦਾਇਤਾਂ ਵੀ ਦਿੱਤੀਆਂ ਤਾਂ ਜੋ ਵੱਧ ਤੋਂ ਵੱਧ ਲੋਕਾਂ ਨੂੰ ਰੁਜ਼ਗਾਰ ਦੇ ਮੌਕੇ ਪੈਦਾ ਕੀਤੇ ਜਾ ਸਕਣ। ਉਨ੍ਹਾਂ ਹੋਰ ਕਿਹਾ ਕਿ ਗਰਮੀ ਦੇ ਮੌਸਮ ਨੂੰ ਮੁੱਖ ਰੱਖਦਿਆਂ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਵੱਲੋਂ ਖਾਸ ਕਰਕੇ ਦਿਹਾਤੀ ਖੇਤਰਾਂ ਵਿਚ ਦਿੱਤੀ ਜਾਣ ਵਾਲੀ ਪੀਣ ਵਾਲੇ ਪਾਣੀ ਦੀ ਸਪਲਾਈ ਨੂੰ ਵੀ ਯਕੀਨੀ ਬਣਾਇਆ ਜਾਵੇ ਤਾਂ ਜੋ ਲੋਕਾਂ ਨੂੰ ਪੀਣ ਵਾਲੇ ਪਾਣੀ ਦੀ ਸਮੱਸਿਆ ਨਾ ਆਵੇ। ਇਸ ਤੋਂ ਪਹਿਲਾਂ ਡਿਪਟੀ ਕਮਿਸ਼ਨਰ ਐਸ.ਏ.ਐਸ.ਨਗਰ ਸ੍ਰੀਮਤੀ ਗੁਰਪ੍ਰੀਤ ਕੌਰ ਸਪਰਾ ਨੇ ਰੂਪਨਗਰ ਡਵੀਜ਼ਨ ਦੇ ਕਮਿਸ਼ਨਰ ਸ੍ਰੀ ਰਾਹੁਲ ਤਿਵਾੜੀ ਨੂੰ ਜੀ ਆਇਆਂ ਆਖਿਆ ਅਤੇ ਜ਼ਿਲ੍ਹੇ ਵਿਚ ਚਲ ਰਹੀਆਂ ਵੱਖ ਵੱਖ ਸਕੀਮਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਜ਼ਿਲ੍ਹਾ ਰੂਪਨਗਰ ਦੀ ਡਿਪਟੀ ਕਮਿਸ਼ਨਰ ਸ੍ਰੀਮਤੀ ਗੁਰਨੀਤ ਤੇਜ਼ ਨੇ ਰੂਪਨਗਰ ਜ਼ਿਲ੍ਹੇ ਵਿਚ ਚਲ ਰਹੀਆਂ ਵੱਖ ਵੱਖ ਸਕੀਮਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਡਿਪਟੀ ਕਮਿਸ਼ਨਰ ਸ੍ਰੀ ਅਮਿਤ ਕੁਮਾਰ ਨੇ ਵੀ ਜ਼ਿਲ੍ਹੇ ਵਿਚ ਚਲ ਰਹੀਆਂ ਸਕੀਮਾਂ ਬਾਰੇ ਜਾਣੂ ਕਰਵਾਇਆ।ਇਸ ਮੌਕੇ ਐਸ.ਡੀ.ਐਮ. ਮੁਹਾਲੀ ਡਾ: ਆਰ.ਪੀ.ਸਿੰਘ, ਸਹਾਇਕ ਕਮਿਸ਼ਨਰ (ਜਨਰਲ)ਸ੍ਰੀ ਜਸਬੀਰ ਸਿੰਘ, ਸਹਾਇਕ ਕਮਿਸ਼ਨਰ ਸ਼ਿਕਾਇਤਾਂ ਡਾ: ਪਾਲਿਕਾ ਅਰੋੜਾ ਸਮੇਤ ਡਵੀਜ਼ਨ 'ਚ ਪੈਂਦੀਆਂ ਹੋਰਨਾਂ ਸਬ ਡਵੀਜ਼ਨਾਂ ਦੇ ਐਸ.ਡੀ.ਐਮਜ਼ ਅਤੇ ਹੋਰ ਅਧਿਕਾਰੀ ਵੀ ਮੌਜੂਦ ਸਨ।