ਸੁਖਨਾ ਝੀਲ 'ਚ ਹੋਣ ਵਾਲੇ ਕੌਮੀ ਮੁਕਾਬਲਿਆਂ ਲਈ ਪਵਿੱਤਰ ਵੇਈਂ 'ਚ ਹੋਏ ਟਰਾਇਲ
੨੫ ਤੋਂ ੩੦ ਜੂਨ ਤੱਕ ਚੰਡੀਗੜ੍ਹ 'ਚ ਸੁਖਨਾ ਝੀਲ 'ਚ ਹੋਵੇਗੀ ਨੈਸ਼ਨਲ ਚੈਂਪੀਅਨਸ਼ਿਪ ਅਤੇ ਫੈਡਰੇਸ਼ਨ ਕੱਪ
5 Dariya News (ਕੁਲਜੀਤ ਸਿੰਘ)
ਸੁਲਤਾਨਪੁਰ ਲੋਧੀ 11-Jun-2018
ਸੁਖਨਾ ਝੀਲ ਵਿਚ ਹੋਣ ਵਾਲੇ ਕੌਮੀ ਕਿਸ਼ਤੀ ਮੁਕਾਬਲਿਆਂ ਲਈ ਪੰਜਾਬ ਦੀ ਟੀਮ ਦੀ ਚੋਣ ਕਰਨ ਲਈ ਪਵਿੱਤਰ ਵੇਈਂ 'ਚ ਟਰਾਇਲ ਹੋਏ। ਚੰਡੀਗੜ੍ਹ ਦੀ ਸੁਖਨਾ ਝੀਲ ਵਿਚ ਹੋਣ ਵਾਲੀ ਨੈਸ਼ਨਲ ਚੈਂਪੀਅਨਸ਼ਿਪ, ਫੈਡਰੇਸ਼ਨ ਕੱਪ ਡਰੈਗਨ ਬੋਟ ਅਤੇ ਕਿਯਾਕਿੰਗ ਕਨੋਇੰਗ ਮੈਰਾਥਨ ਲੜਕੇ ਲੜਕੀਆਂ ਮੁਕਾਬਲਿਆਂ ਲਈ ਪੰਜਾਬ ਪੁਲੀਸ ਸਮੇਤ ਸੂਬੇ ਭਰ ਤੋਂ ਆਏ ਖਿਡਾਰੀਆਂ ਨੇ ਇਨ੍ਹਾਂ ਟਰਾਇਲਾਂ 'ਚ ਹਿੱਸਾ ਲਿਆ। ਸੰਤ ਸੀਚੇਵਾਲ ਵਾਟਰ ਸਪੋਰਟਸ ਸੈਂਟਰ ਦੇ ਕੋਚ ਅਮਨਦੀਪ ਸਿੰਘ ਖਹਿਰਾ ਨੇ ਦੱਸਿਆ ਕਿ ਚੰਡੀਗੜ੍ਹ 'ਚ ਇਹ ਮੁਕਾਬਲੇ ੨੫ ਤੋਂ ੩੦ ਜੂਨ ਤੱਕ ਸੁਖਨਾ ਝੀਲ ਵਿਚ ਹੋਣਗੇ। ਇਨ੍ਹਾਂ ਮੁਕਾਬਲਿਆਂ 'ਚ ਹਿੱਸਾ ਲੈਣ ਲਈ ਜਿਹੜੇ ਟਰਾਇਲ ਪਵਿੱਤਰ ਵੇਈਂ 'ਤੇ ਹੋਏ ਹਨ ਉਨ੍ਹਾਂ ਵਿਚ ੬੦ ਦੇ ਕਰੀਬ ਲੜਕੇ ਲੜਕੀਆਂ ਨੇ ਹਿੱਸਾ ਲਿਆ। ਜਿੰਨ੍ਹਾਂ ਵਿੱਚੋਂ ੨੦ ਲੜਕੇ ਅਤੇ ੧੪ ਲੜਕੀਆਂ ਪੰਜਾਬ ਟੀਮ ਲਈ ਟਰਾਇਲ ਪਾਸ ਕਰ ਸਕੇ। ਇਨ੍ਹਾਂ ਖਿਡਾਰੀਆਂ ਲਈ ਰਿਹਾਇਸ਼ ਅਤੇ ਖਾਣੇ ਦਾ ਪ੍ਰਬੰਧ ਸੰਤ ਸੀਚੇਵਾਲ ਵਾਟਰ ਸਪੋਰਟਸ ਸੈਂਟਰ ਵੱਲੋਂ ਕੀਤਾ ਗਿਆ। ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪਵਨ ਕੁਮਾਰ ਜੋ ਕਿ ਕਿਯਾਕਿੰਗ ਕਨੋਇੰਗ ਚੋਣ ਲਈ ਭੇਜੇ ਗਏ ਸਨ ਉਹਨਾਂ ਨੇ ਕਿਹਾ ਕਿ ਇਹ ਜੋ ਖਿਡਾਰੀ ਟਰਾਇਲ ਪਾਸ ਕਰ ਚੁੱਕੇ ਉਹਨਾਂ ਦੇ ਕੈਂਪ ੨੪ ਜੂਨ ਤੱਕ ਪਵਿੱਤਰ ਵੇਈਂ ਕਿਨਾਰੇ ਲਗਾਇਆ ਜਾਵੇਗਾ।ਪੰਜਾਬ ਭਰ ਤੋਂ ਆਏ ਖਿਡਾਰੀਆਂ ਨੂੰ ਹੱਲਾਸ਼ੇਰੀ ਦਿੰਦਿਆਂ ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਕਿਹਾ ਕਿ ਪਾਣੀ ਦੇ ਕੁਦਰਤੀ ਸਰੋਤਾਂ ਨੂੰ ਬਚਾਉਣ ਨਾਲ ਪਵਿੱਤਰ ਕਾਲੀ ਵੇਈਂ ਖਿਡਾਰੀਆਂ ਲਈ ਵੀ ਲਾਹੇਵੰਦ ਸਾਬਤ ਹੋ ਰਹੀ ਹੈ। ਸੂਬੇ ਵਿਚ ਸਾਫ ਪਾਣੀ ਦੀ ਨਦੀ ਇਹੋ ਹੀ ਬਚੀ ਹੈ ਜਿਥੇ ਪਾਣੀ ਵਾਲੀਆਂ ਖੇਡਾਂ ਕਰਵਾਈਆਂ ਜਾ ਰਹੀਆਂ ਹਨ। ਸਤਲੁਜ ਤੇ ਬਿਆਸ ਦੇ ਪਾਣੀ ਪਲੀਤ ਹੋਣ ਕਾਰਨ ਉਥੇ ਖੇਡ ਮੁਕਾਬਲੇ ਕਰਾਉਣੇ ਔਖੇ ਹਨ। ਉਨ੍ਹਾਂ ਪੰਜਾਬ ਦੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਨਸ਼ਿਆਂ ਨੂੰ ਤਿਆਗ ਕੇ ਖੇਡਾਂ ਵੱਲ ਪਰਤਣ ਤੇ ਕਿਸ਼ਤੀ ਮੁਕਾਬਲੇ ਉਨ੍ਹਾਂ ਨੂੰ ਨੌਕਰੀਆਂ ਵਿਚ ਵੱਡੇ ਮੌਕੇ ਪ੍ਰਦਾਨ ਕਰਾਉਣ ਦੇ ਸਮਰੱਥ ਹਨ।