ਗੰਗਾ ਦੀ ਸਫ਼ਾਈ ਲਈ ਸੰਤ ਸੀਚੇਵਾਲ ਦੇ ਤਜ਼ਰਬੇ ਦਾ ਲਾਭ ਲਵੇਗੀ ਕੇਂਦਰ ਸਰਕਾਰ
ਕੇਂਦਰ ਸਰਕਾਰ ੫੫੦ ਸਾਲ ਪ੍ਰਕਾਸ਼ ਪੁਰਬ ਤੱਕ ਪੰਜਾਬ ਨੂੰ ਪ੍ਰਦੂਸ਼ਣ ਮੁਕਤ ਕਰੇ- ਸੰਤ ਸੀਚੇਵਾਲ
5 Dariya News (ਕੁਲਜੀਤ ਸਿੰਘ)
ਸੁਲਤਾਨਪੁਰ ਲੋਧੀ 11-Jun-2018
ਜੂਨ ਭਾਜਪਾ ਵੱਲੋਂ ਦੇਸ਼ ਭਰ ਦੀਆਂ ਪ੍ਰਮੁੱਖ ਸ਼ਖਸ਼ੀਅਤਾਂ ਨਾਲ ਜਨ ਸੰਪਰਕ ਕਰਨ ਦੀ ਚਲਾਈ ਜਾ ਰਹੀ ਜਨ ਸੰਪਰਕ ਤਹਿਤ ਭਾਜਪਾ ਦੇ ਕੌਮੀ ਸਕੱਤਰ ਆਰ.ਪੀ ਸਿੰਘ ਨੇ ਵਾਤਾਵਰਣ ਪ੍ਰੇਮੀ ਪਦਮਸ੍ਰੀ ਸੰਤ ਬਲਬੀਰ ਸਿੰਘ ਸੀਚੇਵਾਲ ਨਾਲ ਪਵਿੱਤਰ ਕਾਲੀ ਵੇਈ ਕਿਨਾਰੇ ਮੁਲਾਕਾਤ ਕੀਤੀ। ਭਾਜਪਾ ਆਗੂ ਨੇ ਸੰਤ ਬਲਬੀਰ ਸਿੰਘ ਸੀਚੇਵਾਲ ਵੱਲੋਂ ਸੰਗਤਾਂ ਦੇ ਸਹਿਯੋਗ ਨਾਲ ਮੁੜ ਸੁਰਜੀਤ ਕੀਤੀ ਪਵਿੱਤਰ ਕਾਲੀ ਵੇਈਂ ਦਾ ਜ਼ਿਕਰ ਕਰਦਿਆ ਕਿਹਾ ਕਿ ਵੇਈਂ ਦੀ ਕਾਰ ਸੇਵਾ ਨੇ ਦੂਜੀਆਂ ਨਦੀਆਂ ਨੂੰ ਸਾਫ਼ ਰੱਖਣ ਦਾ ਸਫ਼ਲ ਮਾਡਲ ਜੋ ਦੇਸ਼ ਸਾਹਮਣੇ ਰੱਖਿਆ ਹੈ ਉਸ ਨਾਲ ਦੇਸ਼ ਦੀ ਕੌਮੀ ਨਦੀਂ ਨੂੰ ਵੀ ਸਹਿਜੇ ਹੀ ਪ੍ਰਦੂਸ਼ਣ ਮੁਕਤ ਕੀਤਾ ਜਾ ਸਕਦਾ ਹੈ।ਭਾਜਪਾ ਆਗੂ ਆਰ.ਪੀ ਸਿੰਘ ਨੇ ਕਿਹਾ ਕਿ ਕੇਂਦਰ ਸਰਕਾਰ ਗੰਗਾ ਦੀ ਸਫਾਈ ਲਈ ਸੰਤ ਸੀਚੇਵਾਲ ਜੀ ਵੱਲੋਂ ਕਾਲੀ ਵੇਈਂ 'ਤੇ ਕੀਤੇ ਗਏ ਤਜ਼ਰਬਿਆਂ ਦਾ ਲਾਭ ਲਵੇਗੀ।ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ ੫੫੦ ਸਾਲਾਂ ਬਾਰੇ ਜੋ ਸੁਝਾਅ ਸੰਤ ਸੀਚੇਵਾਲ ਨੇ ਦਿੱਤੇ ਹਨ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੱਕ ਪਹੁੰਚਾ ਦਿੱਤੇ ਜਾਣਗੇ। ਉਨ੍ਹਾ ਦਸਿਆ ਕਿ ਗੰਗਾ ਨਾਲ ਕਰੋੜਾਂ ਲੋਕਾਂ ਦਾ ਜੀਵਨ ਜੁੜਿਆ ਹੋਇਆ ਹੈ।ਉਨ੍ਹਾਂ ਕਿਹਾ ਕਿ ਦੇਸ਼ ਦੀਆਂ ਨਦੀਆਂ ਅਤੇ ਦਰਿਆ ਤੇਜ਼ੀ ਨਾਲ ਪ੍ਰਦੂਸ਼ਿਤ ਹੋ ਰਹੇ ਹਨ ਇੰਨ੍ਹਾਂ ਨੂੰ ਬਚਾਉਣ ਨਾਲ ਹੀ ਦੇਸ਼ ਅੰਦਰੋ ਜਲ ਸੰਕਟ ਦੀ ਸਮਸਿਆ 'ਤੇ ਕਾਬੂ ਪਾਇਆ ਜਾ ਸਕਦਾ ਹੈ। ਭਾਜਪਾ ਆਗੂ ਆਰ.ਪੀ ਸਿੰਘ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਪਵਿੱਤਰ ਕਾਲੀ ਵੇਈਂ ਦੀ ਜੋ ਕਾਰ ਸੇਵਾ ਸੰਤ ਸੀਚੇਵਾਲ ਦੀ ਅਗਵਾਈ ਹੇਠ ਕੀਤੀ ਹੈ ਉਸ ਦੀ ਮਿਸਾਲ ਦੁਨੀਆਂ ਵਿੱਚ ਕਿਧਰੇ ਨਹੀਂ ਮਿਲਦੀ।
ਗੰਗਾ ਸਮੇਤ ਹੋਰ ਦੂਸ਼ਿਤ ਨਦੀਆਂ ਨੂੰ ਸਾਫ਼ ਰੱਖਣ ਲਈ ਪੰਜਾਬ ਦੇ ਲੋਕਾਂ ਵੱਲੋਂ ਜੋ ਤਜ਼ਰਬੇ ਕਾਲੀ ਵੇਈਂ 'ਤੇ ਕੀਤੇ ਹਨ ਉਹ ਲੋੜਾਂ ਮੁਤਾਬਿਕ ਕੀਤੇ ਗਏ ਹਨ। ਸੰਤ ਬਲਬੀਰ ਸਿੰਘ ਸੀਚੇਵਾਲ ਨੇ ਗੱਲਬਾਤ ਦੌਰਾਨ ਆਰ.ਪੀ ਸਿੰਘ ਨੂੰ ਦਸਿਆ ਕਿ ਪੰਜਾਬ ਵਿੱਚ ਕੈਂਸਰ ਤੇ ਕਾਲਾ ਪੀਲੀਆ ਨਾਲ ਲੋਕ ਮਰ ਰਹੇ ਹਨ ਕਿਉਂਕਿ ਪੰਜਾਬ ਦੇ ਪਾਣੀਆਂ ਵਿੱਚ ਜ਼ਹਿਰਾਂ ਘੁਲ ਚੁੱਕੀਆਂ ਹਨ।ਸੂਬੇ ਦੇ ਲੋਕਾਂ ਨੂੰ ਕੈਂਸਰ ਤੋਂ ਬਚਾਉਣ ਲਈ ਕੇਂਦਰ ਸਰਕਾਰ ਪੰਜਾਬ ਦੀ ਬਾਂਹ ਫੜੇ। ਸਾਲ ੨੦੧੯ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਦਾ ੫੫੦ ਵਾਂ ਪ੍ਰਕਾਸ਼ ਪੁਰਬ ਮਨਾਇਆ ਜਾ ਰਿਹਾ ਹੈ। ਇਸ ਵਿੱਚ ਕੇਂਦਰ ਸਰਕਾਰ ਪੰਜਾਬ ਨੂੰ ਪ੍ਰਦੂਸ਼ਣ ਮੁਕਤ ਕਰਨ ਦਾ ਟੀਚਾ ਮਿੱਥੇ। ਸੁਲਤਾਨਪੁਰ ਲੋਧੀ ਨੂੰ ਸੋਲਰ ਸਿਟੀ ਬਣਾਉਣ।ਰੇਲਵੇ ਲਾਈਨਾਂ 'ਤੇ ਬਣਨ ਵਾਲੇ ਫਲਾਈ ਓਵਰ ਬਣਾਏ ਜਾਣ। ਜਦੋਂ ਉਨ੍ਹਾਂ ਨੇ ਸੰਗਤਾਂ ਦੇ ਸਹਿਯੋਗ ਨਾਲ ਵੇਈਂ ਦੀ ਕਾਰ ਸੇਵਾ ਸ਼ੁਰੂ ਕੀਤੀ ਸੀ ਉਦੋਂ ਉਨ੍ਹਾਂ ਨੂੰ ਆਰਥਿਕ ਸੰਕਟ ਵਿੱਚੋਂ ਵੀ ਲੰਘਣਾ ਪਿਆ ਸੀ ਪਰ ਗੰਗਾ ਦੀ ਸਫ਼ਾਈ ਲਈ ਤਾਂ ਸਰਕਾਰ ਪਹਿਲਾਂ ਹੀ ੨੦ ਹਜ਼ਾਰ ਕਰੋੜ ਰੂਪਏ ਦਾ ਪ੍ਰਬੰਧ ਕਰਕੇ ਚੱਲ ਰਹੀ ਹੈ। ਸੰਤ ਸੀਚੇਵਾਲ ਨੇ ਕਿਹਾ ਕਿ ਮੋਦੀ ਸਰਕਾਰ ਦੇ ਚਾਰ ਸਾਲਾਂ ਦੌਰਾਨ ਜਿੰਨ੍ਹਾਂ ਕੰਮ ਹੋਣਾ ਚਾਹੀਦਾ ਸੀ ਉਨ੍ਹਾਂ ਨਹੀਂ ਹੋਇਆ। ਆਰ.ਪੀ ਸਿੰਘ ਨੂੰ ਸੰਤ ਸੀਚੇਵਾਲ ਨੇ ਰੇਲਵੇ ਸ਼ਟੇਸ਼ਨ ਅਤੇ ਸੀਚੇਵਾਲ ਮਾਡਲ ਦਿਖਾਇਆ।ਉਨ੍ਹਾਂ ਨੂੰ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਉਨ੍ਹਾਂ ਨਾਲ ਭਾਜਪਾ ਦੇ ਆਗੂ ਰਾਕੇਸ਼ ਕੁਮਾਰ ਵੀ ਹਾਜ਼ਰ ਸਨ।