5 Dariya News

ਪਰਕਾਸ਼ ਸਿੰਘ ਬਾਦਲ ਦੇ ਉਪਰਾਲਿਆਂ ਸਦਕਾ ਭਾਰਤੀ ਫੌਜ 'ਚ ਪੰਜਾਬੀ ਅਫਸਰਾਂ ਦੀ ਗਿਣਤੀ ਵਧਣ ਲੱਗੀ : ਅਕਾਲੀ ਦਲ

ਸਰਦਾਰ ਭੂੰਦੜ ਨੇ ਕਿਹਾ ਕਿ ਇਸ ਸਾਲ ਮਹਾਰਾਜਾ ਰਣਜੀਤ ਸਿੰਘ ਪ੍ਰੈਪਰੇਟਰੀ ਇੰਸਟੀਚਿਊਟ ਮੋਹਾਲੀ ਦੇ 17 ਕੈਡੇਟਸ ਦਾ ਲੈਫਟੀਨੈਂਟ ਚੁਣੇ ਜਾਣਾ ਇਕ ਫਖ਼ਰ ਵਾਲੀ ਗੱਲ ਹੈ

5 Dariya News

ਚੰਡੀਗੜ੍ਹ 10-Jun-2018

ਸ਼੍ਰੋਮਣੀ ਅਕਾਲੀ ਦਲ ਨੇ ਕਿਹਾ ਹੈ ਕਿ ਭਾਰਤੀ ਫੌਜ ਅਕਾਦਮੀ (ਆਈਐਮਏ) ਅੰਦਰ ਵੱਡੀ ਗਿਣਤੀ ਵਿਚ ਪੰਜਾਬੀ ਨੌਜਵਾਨਾਂ ਦੀਆਂ ਲੈਫਟੀਨੈਂਟ ਜਿਹੇ ਉੱਚੇ ਅਹੁਦਿਆਂ ਉੱਤੇ ਹੋਰ ਰਹੀਆਂ ਨਿਯੁਕਤੀਆਂ ਨਾਲ  ਸਰਦਾਰ ਪਰਕਾਸ਼ ਸਿੰਘ ਬਾਦਲ ਵੱਲੋਂ ਪੰਜਾਬ ਦੇ ਨੌਜਵਾਨਾਂ ਦਾ ਭਵਿੱਖ ਸੰਵਾਰਨ ਲਈ ਕੀਤੇ ਉਪਰਾਲਿਆਂ ਦੇ  ਸਾਰਥਕ ਸਿੱਟੇ ਦਿੱਸਣ ਲੱਗੇ ਹਨ।ਇੱਥੇ ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਸਾਂਸਦ ਅਤੇ ਸੀਨੀਅਰ ਆਗੂ ਸਰਦਾਰ ਬਲਵਿੰਦਰ ਸਿੰਘ ਭੂੰਦੜ ਨੇ ਦੱਸਿਆ ਕਿ ਸ਼ਨੀਵਾਰ ਨੂੰ ਆਈਐਮਏ ਦੇਹਰਾਦੂਨ ਵਿਖੇ ਚੁਣੇ ਗਏ ਪੰਜਾਬ ਦੇ 29 ਅਫਸਰਾਂ ਵਿਚੋਂ 17 ਕੈਡੇਟਸ ਮਹਾਰਾਜਾ ਰਣਜੀਤ ਸਿੰਘ ਆਰਮਡ ਫੋਰਸਜ਼ ਪ੍ਰੈਪਰੇਟਰੀ ਇੰਸਟੀਚਿਊਟ, ਮੋਹਾਲੀ ਦੀ ਪੈਦਾਵਰ ਹਨ, ਜੋ ਕਿ ਪੰਜਾਬ ਅਤੇ ਇੰਸਟੀਚਿਊਟ ਦੋਵਾਂ ਲਈ ਫਖ਼ਰ ਵਾਲੀ ਗੱਲ ਹੈ। ਉਹਨਾਂ ਕਿਹਾ ਕਿ ਪੰਜਾਬੀ ਨੌਜਵਾਨਾਂ ਲਈ ਭਾਰਤੀ ਫੌਜ ਵਿਚ ਇੱਕ ਸ਼ਾਨਦਾਰ ਅਤੇ ਸਨਮਾਨਜਨਕ ਕਰੀਅਰ ਦਾ ਮੁੱਢ ਬੰਨ੍ਹਣ ਵਾਸਤੇ ਮੁੱਢਲੀ ਸਿਖਲਾਈ ਦੇਣ ਲਈ ਸਰਦਾਰ ਬਾਦਲ ਨੇ ਅਪ੍ਰੈਲ 2011 ਵਿਚ ਇਸ ਪ੍ਰੈਪਰੇਟਰੀ ਇੰਸਟੀਚਿਊਟ ਦੀ ਸਥਾਪਨਾ ਕਰਵਾਈ ਸੀ। ਉਹਨਾਂ ਕਿਹਾ ਕਿ ਅੱਜ ਇਸ ਅਕੈਡਮੀ ਵਿਚੋਂ ਸਿਖਲਾਈ ਲੈ ਕੇ ਨਿਕਲਣ ਵਾਲੇ ਪੰਜਾਬੀ ਗੱਭਰੂ ਭਾਰਤੀ ਜਲ ਸੈਨਾ, ਥਲ ਸੈਨਾ ਅਤੇ ਹਵਾਈ ਸੈਨਾ ਵਿਚ ਵੱਡੇ ਅਹੁਦਿਆਂ ਲਈ ਚੁਣੇ ਜਾ ਰਹੇ ਹਨ। ਸਰਦਾਰ ਬਾਦਲ ਦੀ ਦੂਰ-ਦ੍ਰਿਸ਼ਟੀ ਨੇ ਸੱਚਮੁੱਚ ਪੰਜਾਬੀ ਨੌਜਵਾਨਾਂ ਦਾ ਭਵਿੱਖ ਬਦਲ ਕੇ ਰੱਖ ਦਿੱਤਾ ਹੈ।

ਮਹਾਰਾਜਾ ਰਣਜੀਤ ਸਿੰਘ ਇੰਸਟੀਚਿਊਟ ਵੱਲੋਂ ਸਿਖਲਾਈ ਲੈ ਕੇ ਵੱਡੇ ਫੌਜੀ ਅਫਸਰ ਬਣੇ ਨੌਜਵਾਨਾਂ ਬਾਰੇ ਜਾਣਕਾਰੀ ਦਿੰਦਿਆਂ ਸਰਦਾਰ ਭੂੰਦੜ ਨੇ ਕਿਹਾ ਕਿ ਹੁਣ ਤਕ ਇਸ ਇੰਸਟੀਚਿਊਟ ਦੇ 110 ਤੋਂ ਵੱਧ ਕੈਡੇਟਸ ਤਿੰਨੋਂ ਭਾਰਤੀ ਸੈਨਾਵਾਂ ਅੰਦਰ ਵੱਖ ਵੱਖ ਅਹੁਦਿਆਂ ਉੱਤੇ ਨਿਯੁਕਤ ਹੋ ਚੁੱਕੇ ਹਨ।  ਉਹਨਾਂ ਅੱਗੇ ਦੱਸਿਆ ਕਿ ਇਹ ਇੰਸਟੀਚਿਊਟ ਵੱਲੋਂ 10ਵੀਂ ਕਲਾਸ ਤੋਂ ਬਾਅਦ ਵਿਦਿਆਰਥੀਆਂ ਨੂੰ ਸਖ਼ਸ਼ੀਅਤ ਵਿਕਾਸ ਅਤੇ ਲੀਡਰਸ਼ਿਪ ਦੇ ਗੁਣਾਂ ਬਾਰੇ ਦੋ ਸਾਲ ਦੀ ਸਿਖਲਾਈ ਦਿੱਤੀ ਜਾਂਦੀ ਹੈ। ਜਿਸ ਦੌਰਾਨ ਉਹ 12ਵੀਂ ਕਲਾਸ ਦੀ ਪੜ੍ਹਾਈ ਵੀ ਪੂਰੀ ਕਰਦੇ ਹਨ। ਇਸ ਤੋਂ ਬਾਅਦ ਉਹਨਾਂ ਦੀ ਨੈਸ਼ਨਲ ਡਿਫੈਂਸ ਅਕੈਡਮੀ ਖੜਕਵਸਲਾ ਲਈ ਚੋਣ ਹੁੰਦੀ ਹੈ। ਐਨਡੀਏ ਵਿਚ ਤਿੰਨ ਸਾਲਾਂ ਦੀ ਸਿਖਲਾਈ ਮਗਰੋਂ ਉਹਨਾਂ ਨੂੰ ਇੱਕ ਸਾਲ ਆਈਐਮਏ ਵਿਖੇ ਟਰੇਨਿੰਗ ਕਰਨੀ ਪੈਂਦੀ ਹੈ। ਅਕਾਲੀ ਆਗੂ ਨੇ ਕਿਹਾ ਕਿ ਮਹਾਰਾਜਾ ਇੰਸਟੀਚਿਊਟ ਦੀ ਸਿਖਲਾਈ ਇਹਨਾਂ ਵਿਦਿਆਰਥੀਆਂ ਅੰਦਰ ਫੌਜੀ ਅਫ਼ਸਰ ਬਣਨ ਦੀ ਕਾਬਲੀਅਤ ਨੂੰ ਤਰਾਸ਼ ਦਿੰਦੀ ਹੈ ਅਤੇ ਉਹ ਵੱਡੀ ਗਿਣਤੀ ਵਿਚ ਭਾਰਤੀ ਫੌਜ ਦੇ ਉੱਚੇ ਅਹੁਦਿਆਂ ਲਈ ਚੁਣੇ ਜਾਂਦੇ ਹਨ। ਸਰਦਾਰ ਬਾਦਲ ਵੱਲੋਂ ਬਣਵਾਏ ਮਹਾਰਾਜਾ ਰਣਜੀਤ ਸਿੰਘ ਪ੍ਰੈਪਰੇਟਰੀ ਇੰਸਟੀਚਿਊਟ ਵੱਲੋਂ ਇਸ ਖੇਤਰ ਵਿਚ ਪਾਏ ਜਾ ਰਹੇ ਵੱਡਮੁੱਲੇ ਯੋਗਦਾਨ ਬਾਰੇ ਦੱਸਦਿਆਂ ਅਕਾਲੀ ਆਗੂ ਨੇ ਕਿਹਾ ਕਿ ਇਸ ਇੰਸਟੀਚਿਊਟ ਦੀ ਸਥਾਪਨਾ ਤੋਂ ਪਹਿਲਾਂ ਹਰ ਐਨਡੀਏ ਬੈਚ ਵਿਚ ਪੰਜਾਬ ਤੋਂ ਮਸੀਂ 6 ਜਾਂ 8 ਲੜਕੇ ਚੁਣੇ ਜਾਂਦੇ ਸਨ। ਪਰ 2011 ਤੋਂ ਬਾਅਦ ਪਿਛਲੇ ਸੱਤ ਸਾਲਾਂ ਦੌਰਾਨ ਇਸ ਇੰਸਟੀਚਿਊਟ ਵੱਲੋਂ ਐਨਡੀਏ ਵਿਚ ਲਗਭਗ 40 ਕੈਡੇਟਸ ਦੇ 6 ਬੈਚ ਭੇਜੇ ਜਾ ਚੁੱਕੇ ਹਨ।  ਉਹਨਾਂ ਅੱਗੇ ਦੱਸਿਆ ਕਿ ਇਹ ਏਐਫਪੀਆਈ ਕੈਡੇਟਸ ਦਾ ਦੂਜਾ ਬੈਚ ਸੀ, ਜਿਸ ਵਿਚੋਂ 17 ਕੈਡੇਟਸ ਭਾਰਤੀ ਫੌਜ ਵਿਚ ਉੱਚੇ ਅਹੁਦਿਆਂ ਲਈ ਚੁਣੇ ਗਏ ਹਨ। ਪਹਿਲੇ ਬੈਚ ਦੌਰਾਨ ਇਸ ਇੰਸਟੀਚਿਊਟ ਦੇ 8 ਕੈਡੇਟਸ ਭਾਰਤੀ ਫੌਜ ਲਈ ਚੁਣੇ ਗਏ ਸਨ। ਸਰਦਾਰ ਭੂੰਦੜ ਨੇ ਕਿਹਾ ਕਿ ਇਕੱਲੇ ਮਹਾਰਾਜਾ ਪ੍ਰੈਪਰੇਟਰੀ ਇੰਸਟੀਚਿਊਟ ਨੇ ਹੀ ਭਾਰਤੀ ਫੌਜ ਅੰਦਰ ਪੰਜਾਬੀ ਅਫਸਰਾਂ ਦੀ ਗਿਣਤੀ ਵਧਾ ਦਿੱਤੀ ਹੈ। ਉਹਨਾਂ ਕਿਹਾ ਕਿ ਇਹ ਸਭ ਸਰਦਾਰ ਪਰਕਾਸ਼ ਸਿੰਘ ਬਾਦਲ ਸਰਕਾਰ ਦੀਆਂ ਲੋਕ-ਪੱਖੀ ਅਤੇ ਉਸਾਰੂ ਨੀਤੀਆਂ ਦਾ ਨਤੀਜਾ ਹੈ ਕਿ ਪੰਜਾਬੀ ਨੌਜਵਾਨਾਂ ਨੂੰ ਇੱਕ ਸਨਮਾਨਯੋਗ ਅਤੇ ਰੁਤਬੇ ਵਾਲੀ ਜ਼ਿੰਦਗੀ ਜੀਉਣ ਦੇ ਅਵਸਰ ਪ੍ਰਾਪਤ ਹੋ ਰਹੇ ਹਨ।