5 Dariya News

ਪੰਚਾਇਤ ਵਿਭਾਗ ਦੇ ਅਧਿਕਾਰੀਆਂ ਵੱਲੋਂ ਪਿੰਡ ਸੀਚੇਵਾਲ ਦਾ ਦੌਰਾ

ਸੀਚੇਵਾਲ ਮਾਡਲ ਨੂੰ ਲਾਗੂ ਕਰਨ ਲਈ ਪੰਚਾਇਤ ਮੰਤਰੀ ਵੱਲੋਂ ਹਦਾਇਤਾਂ

5 Dariya News (ਕੁਲਜੀਤ ਸਿੰਘ)

ਸੁਲਤਾਨਪੁਰ ਲੋਧੀ 07-Jun-2018

ਪੰਜਾਬ ਸਰਕਾਰ ਸੂਬੇ ਵਿਚ ਪਾਣੀ ਬਚਾਉਣ ਲਈ ਅਤੇ ਸੂਬੇ ਨੂੰ ਹਰਿਆ-ਭਰਿਆ ਕਰਨ ਲਈ ਸੀਚੇਵਾਲ ਮਾਡਲ ਅਪਣਾਏਗੀ । ਸਰਕਾਰ ਵੱਲੋਂ ਮਿਲੀਆਂ ਹਦਾਇਤਾਂ ਦੇ ਚੱਲਦਿਆਂ ਪੰਚਾਇਤੀ ਵਿਭਾਗ ਦੇ ਅਧਿਕਾਰੀਆਂ ਨੇ ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਦੇ ਪਿੰਡ ਸੀਚੇਵਾਲ ਵਿਖੇ ਜਾਣਾ ਸ਼ੁਰੂ ਕਰ ਦਿੱਤਾ ਹੈ। ਸੀਚੇਵਾਲ ਪਿੰਡ ਜਾ ਕੇ ਅਧਿਕਾਰੀ ਜਿਥੇ ਵਰਤੇ ਗਏ ਪਾਣੀ ਨੂੰ ਮੁੜ ਵਰਤੋਂ 'ਚ ਲਿਆਉਣ ਦੀ ਵਿਧੀ ਨੂੰ ਸਮਝ ਰਹੇ ਹਨ ਉਥੇ ਤਿਆਰ ਕੀਤੀਆਂ ਗਈਆਂ ਨਰਸਰੀਆਂ 'ਚ ਬੂਟਿਆਂ ਦੀ ਸਾਂਭ ਸੰਭਾਲ ਬਾਰੇ ਵੀ ਜਾਣਕਾਰੀ ਹਾਸਲ ਕਰ ਰਹੇ ਹਨ। ਜਲੰਧਰ ਜ਼ਿਲੇ ਦੇ ੧੧ ਬਲਾਕ ਵਿਕਾਸ ਤੇ ਪੰਚਾਇਤ ਅਫਸਰ, ੧੩ ਜੇ.ਈ. ਅਤੇ ੩ ਐਸ.ਡੀ.ਓ., ਡਿਪਟੀ ਡਾਇਰੈਕਟਰ ਪੰਚਾਇਤ ਵਿਭਾਗ ਸੁਰਿੰਦਰ ਪਾਲ ਆਂਗਰਾ ਦੀ ਅਗਵਾਈ ਹੇਠ ਸੀਚੇਵਾਲ ਮਾਡਲ ਦਾ ਅਧਿਐਨ ਕਰਨ ਲਈ ਪਹੁੰਚੇ। ਇਨ੍ਹਾਂ ਅਧਿਕਾਰੀਆਂ ਨੂੰ ਵਾਤਾਵਰਣ ਪ੍ਰੇਮੀ ਪਦਮਸ੍ਰੀ ਸੰਤ ਬਲਬੀਰ ਸਿੰਘ ਨੇ ਸੀਚੇਵਾਲ ਮਾਡਲ ਦੀਆਂ ਬਰੀਕੀਆਂ ਨੂੰ ਸਮਝਾਉਂਦਿਆਂ ਕਿਹਾ ਕਿ ਇਹ ਮਾਡਲ ਬਹੁਤ ਹੀ ਸਸਤਾ ਤੇ ਸਰਲ ਹੈ। ਇਸ ਨੂੰ ਚਲਾਉਣ ਤੇ ਦੇਖ ਭਾਲ ਕਰਨ ਉੱਪਰ ਵੀ ਕੋਈ ਖਰਚਾ ਨਹੀਂ ਆਉਂਦਾ ਹੈ। ਪਾਣੀ ਨੂੰ ਕੁਦਰਤੀ ਢੰਗ ਨਾਲ ਨਤਾਰਿਆ ਜਾਂਦਾ ਹੈ ਅਤੇ ਫਿਰ ਪਾਣੀ ਦੇ ਸਾਫ ਹੋਣ ਤੋਂ ਬਾਅਦ ਇਸ ਨੂੰ ਮੋਟਰ ਰਾਹੀਂ ਖੇਤਾਂ ਤੱਕ ਪਹੁੰਚਾਇਆ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਇਸ ਮਾਡਲ ਵਿਚ ਪਿੰਡ ਦੇ ਵਰਤੇ ਹੋਏ ਪਾਣੀ ਨੂੰ ਮੁੜ ਤੋਂ ਵਰਤੋਂ 'ਚ ਲਿਆਉਣ ਦੀ ਵਿਧੀ ਹੀ ਅਪਣਾਈ ਗਈ ਹੈ। 

ਜਿਹੜੇ ਕਿਸਾਨ ਇਹ ਪਾਣੀ ਵਰਤਦੇ ਹਨ ਉਨ੍ਹਾਂ ਨੂੰ ਖਾਦਾਂ ਘੱਟ ਵਰਤਣੀਆਂ ਪੈਂਦੀਆਂ ਹਨ ਅਤੇ ਪੈਦਾਵਾਰ ਵੱਧ ਹੁੰਦੀ ਹੈ। ਸੰਤ ਸੀਚੇਵਾਲ ਨੇ ਦੱਸਿਆ ਕਿ ਪੰਜਾਬ ਦੇ ੧੨,੫੦੦ ਦੇ ਕਰੀਬ ਪਿੰਡ ਹਨ ਤੇ ਇਨ੍ਹਾਂ ਵਿਚ ੧੮੦੦੦ ਦੇ ਕਰੀਬ ਛੱਪੜ ਹਨ, ਜੇਕਰ ਇਨ੍ਹਾਂ ਉੱਪਰ ਇਹ ਮਾਡਲ ਲਾਗੂ ਕਰ ਦਿੱਤਾ ਜਾਂਦਾ ਹੈ ਤਾਂ ਸੂਬੇ ਭਰ 'ਚ ਪਾਣੀ ਦੀ ਬੱਚਤ ਹੋਵੇਗੀ ਅਤੇ ਵਰਤਿਆ ਹੋਇਆ ਪਾਣੀ ਖੇਤੀ ਨੂੰ ਵੀ ਲੱਗੇਗਾ।ਡਿਪਟੀ ਡਾਇਰੈਕਟਰ ਸੁਰਿੰਦਰ ਪਾਲ ਆਂਗਰਾ ਨੇ ਦੱਸਿਆ ਕਿ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਦੇ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਵੱਲੋਂ ਇਹ ਹਦਾਇਤਾਂ ਆਈਆਂ ਸਨ ਕਿ ਜ਼ਿਲੇ ਦੇ ਅਧਿਕਾਰੀਆਂ ਨੂੰ ਸੀਚੇਵਾਲ ਮਾਡਲ ਦਾ ਅਧਿਐਨ ਕਰਵਾਇਆ ਜਾਵੇ ਤਾਂ ਜੋ ਇਸ ਨੂੰ ਹੋਰ ਪਿੰਡਾਂ ਵਿਚ ਵੀ ਲਾਗੂ ਕੀਤਾ ਜਾ ਸਕੇ। ਉਨ੍ਹਾਂ ਦੱਸਿਆ ਕਿ ਪਿੰਡ ਹਰੀਪੁਰ ਵਿਚ ਵੀ ਸੰਤ ਸੀਚੇਵਾਲ ਵੱਲੋਂ ਤਿਆਰ ਕੀਤੇ ਗਏ ਇਸੇ ਮਾਡਲ ਨੂੰ ਦੇਖਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਜਲਦੀ ਹੀ ਇਸ ਬਾਰੇ ਰਿਪੋਰਟ ਬਣਾ ਕੇ ਪੰਜਾਬ ਸਰਕਾਰ ਨੂੰ ਭੇਜੀ ਜਾਵੇਗੀ। ਐਸ.ਡੀ.ਓ. ਪਰਮਜੀਤ ਸਿੰਘ, ਤਰਸੇਮ ਲਾਲ ਅਤੇ ਹਰੀਸ਼ ਵਰਦਨ, ਬਲਾਕ ਵਿਕਾਸ ਅਤੇ ਪੰਚਾਇਤ ਅਫਸਰਾਂ ਵਿਚ ਗੁਰਮੀਤ ਸਿੰਘ ਕਾਹਲੋਂ, ਭੁਪਿੰਦਰ ਸਿੰਘ, ਅਭੈ ਕੁਮਾਰ, ਰਾਮ ਲੁਭਾਇਆ, ਸੁਰਜੀਤ ਸਿੰਘ, ਸੁਖਜੀਤ ਕੌਰ, ਰਮੇਸ਼ ਕੁਮਾਰ, ਕੁਲਵਿੰਦਰ ਪੁਰੀ, ਲਖਵੀਰ ਸਿੰਘ, ਰਣਜੀਤ ਸਿੰਘ, ਸੰਤ ਸੁਖਜੀਤ ਸਿੰਘ, ਸੁਰਜੀਤ ਸਿੰਘ ਸ਼ੰਟੀ, ਸਰਪੰਚ ਰਜਵੰਤ ਕੌਰ, ਮਹਿਲਾ ਮੰਡਲ ਦੀ ਪ੍ਰਧਾਨ ਬੀਬੀ ਗੁਰਬਖਸ਼ ਕੌਰ ਅਤੇ ਹੋਰ ਸੇਵਾਦਾਰ ਵੀ ਹਾਜ਼ਰ ਸਨ।