5 Dariya News

ਦਰਿਆਵਾਂ ਦੇ ਪਾਣੀਆਂ ਨੂੰ ਗੰਦਲਾ ਹੋਣ ਤੋਂ ਰੋਕਣ ਲਈ ਕੇਂਦਰ ਸਰਕਾਰ ਬਣਾਵੇਗੀ ਠੋਸ ਨੀਤੀ - ਅਰਜੁਨ ਰਾਮ ਮੇਘਵਾਲ

ਕੇਂਦਰੀ ਰਾਜ ਮੰਤਰੀ ਅਰਜੁਨ ਰਾਮ ਮੇਘਵਾਲ ਨੇ ਚੱਢਾ ਸ਼ੂਗਰ ਮਿੱਲ ਦਾ ਕੀਤਾ ਦੌਰਾ, ਬਿਆਸ ਦਰਿਆ ਦੇ ਪਾਣੀ ਨੂੰ ਸਾਫ਼ ਕਰਨ ਲਈ ਕੇਂਦਰ ਸਰਕਾਰ ਕਰੇਗੀ ਯਤਨ

5 Dariya News

ਬਟਾਲਾ 06-Jun-2018

ਵਾਟਰ ਰਿਸੋਰਸ, ਰਿਵਰ ਡਿਵੈਲਪਮੈਂਟ ਅਤੇ ਸੰਸਦੀ ਮਾਮਲਿਆਂ ਬਾਰੇ ਕੇਂਦਰੀ ਰਾਜ ਮੰਤਰੀ ਅਰਜੁਨ ਰਾਮ ਮੇਘਵਾਲ ਨੇ ਕਿਹਾ ਹੈ ਕਿ ਦਰਿਆਵਾਂ ਦੇ ਪਾਣੀਆਂ ਨੂੰ ਗੰਦਲਾ ਹੋਣ ਤੋਂ ਰੋਕਣ ਲਈ ਕੇਂਦਰ ਸਰਕਾਰ ਵਲੋਂ ਇੱਕ ਅਜਿਹੀ ਠੋਸ ਨੀਤੀ ਬਣਾਈ ਜਾਵੇਗੀ ਤਾਂ ਜੋ ਭਵਿੱਖ ਵਿੱਚ ਬਿਆਸ ਦਰਿਆ ਦੇ ਪਾਣੀ ਦੂਸ਼ਿਤ ਹੋਣ ਵਰਗੀਆਂ ਘਟਨਾਵਾਂ ਮੁੜ ਨਾ ਵਾਪਰ ਸਕਣ। ਇਹ ਪ੍ਰਗਟਾਵਾ ਉਨ੍ਹਾਂ ਅੱਜ ਚੱਢਾ ਸ਼ੂਗਰ ਮਿੱਲ ਕੀੜ੍ਹੀ ਅਫ਼ਗਾਨਾ ਦਾ ਦੌਰਾ ਕਰਨ ਮੌਕੇ ਪੱਤਰਕਾਰਾਂ ਨਾਲ ਗਲਬਾਤ ਕਰਦਿਆਂ ਕੀਤਾ। ਕੇਂਦਰੀ ਰਾਜ ਮੰਤਰੀ ਸ੍ਰੀ ਮੇਘਵਾਲ ਨੇ ਇਸਤੋਂ ਪਹਿਲਾਂ ਚੱਢਾ ਸ਼ੂਗਰ ਮਿੱਲ ਦੇ ਉਸ ਸਥਾਨ ਦਾ ਨਿਰੀਖਣ ਕੀਤਾ ਜਿਥੋਂ ਸੀਰਾ ਉਭਾਲ ਖਾ ਕੇ ਦਰਿਆ ਬਿਆਸ ਵਿੱਚ ਗਿਆ ਸੀ। ਇਸ ਮੌਕੇ ਉਨ੍ਹਾਂ ਮਿੱਲ ਕੰਪਲੈਕਸ ਵਿੱਚ ਸ਼ੈਂਟਰਲ ਵਾਟਰ ਕਮਿਸ਼ਨ ਅਤੇ ਪੰਜਾਬ ਸਰਕਾਰ ਦੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਅਤੇ ਮਿੱਲ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਅਤੇ ਸੀਰਾ ਰਿਸਾਵ ਦੀ ਹੋਈ ਘਟਨਾ ਬਾਰੇ ਪੂਰੀ ਜਾਣਕਾਰੀ ਹਾਸਲ ਕੀਤੀ। ਕੇਂਦਰੀ ਰਾਜ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਪਹਿਲਾਂ ਹੀ ਸ਼ੂਗਰ ਮਿੱਲ ਖਿਲਾਫ਼ ਸਖਤ ਕਦਮ ਚੁਕੇ ਗਏ ਹਨ ਅਤੇ ਜਾਂਚ ਰਿਪੋਰਟ ਆਉਣ 'ਤੇ ਜੋ ਵੀ ਖਾਮੀਆਂ ਸਾਹਮਣੇ ਆਉਣਗੀਆਂ ਉਸ ਤਹਿਤ ਕੇਂਦਰ ਸਰਕਾਰ ਵਲੋਂ ਵੀ ਬਣਦੀ ਕਾਰਵਾਈ ਕੀਤੀ ਜਾਵੇਗੀ।  ਆਪਣੇ ਇਸ ਦੌਰੇ ਬਾਰੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਕੇਂਦਰੀ ਰਾਜ ਮੰਤਰੀ ਸ੍ਰੀ ਅਰਜੁਨ ਰਾਮ ਮੇਘਵਾਲ ਨੇ ਕਿਹਾ ਕਿ ਉਨ੍ਹਾਂ ਦੇ ਇਸ ਦੌਰੇ ਦਾ ਮਕਸਦ ਬੀਤੇ ਦਿਨੀ ਜੋ ਸੀਰਾ ਰਿਸਾਵ ਹੋਈ ਘਟਨਾ ਹੋਈ ਸੀ ਉਸ ਘਟਨਾ ਬਾਰੇ ਜਾਣਕਾਰੀ ਹਾਸਲ ਕਰਨਾ ਸੀ। 

ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵਲੋਂ ਅਜਿਹੀ ਠੋਸ ਨੀਤੀ ਬਣਾਈ ਜਾਵੇਗੀ ਤਾਂ ਜੋ ਭਵਿੱਖ ਵਿੱਚ ਅਜਿਹੀ ਘਟਨਾ ਫਿਰ ਨਾ ਵਾਪਰੇ। ਉਨ੍ਹਾਂ ਕਿਹਾ ਕਿ ਚੱਢਾ ਸ਼ੂਗਰ ਮਿੱਲ ਦੀ ਘਟਨਾ ਤੋਂ ਬਾਅਦ ਦਰਿਆ ਬਿਆਸ ਦਾ ਪਾਣੀ ਦੂਸ਼ਿਤ ਹੋਣ ਕਾਰਨ ਪੰਜਾਬ ਅਤੇ ਰਾਜਸਥਾਨ ਵਿੱਚ ਇੱਕ ਜਨ-ਅੰਦੋਲਨ ਪੈਦਾ ਹੋਇਆ ਹੈ, ਜਿਸ ਤਹਿਤ ਉਹ ਸਾਰੀ ਸਥਿਤੀ ਦਾ ਜਾਇਜਾ ਲੈਣ ਆਏ ਹਨ। ਰਾਵੀ ਦਰਿਆ ਦਾ ਪਾਣੀ ਪਾਕਿਸਤਾਨ ਜਾਣ ਬਾਰੇ ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਇਸ ਬਾਰੇ ਵੀ ਨੀਤੀ ਬਣਾਏਗੀ ਤਾਂ ਜੋ ਇਹ ਪਾਣੀ ਅੰਮ੍ਰਿਤਸਰ ਜ਼ਿਲ੍ਹੇ ਵਿੱਚ ਵਰਤਿਆ ਜਾ ਸਕੇ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵਲੋਂ ਚੰਡੀਗੜ੍ਹ ਵਿਖੇ ਬਹੁਤ ਛੇਤੀ ਇੱਕ ਰੀਜ਼ਨਲ ਕਾਨਫਰੰਸ ਕੀਤੀ ਜਾਵੇਗੀ ਜਿਸ ਵਿੱਚ ਦਰਿਆਵਾਂ, ਨਦੀਆਂ ਅਤੇ ਨਾਲਿਆਂ ਦੇ ਪਾਣੀ ਨੂੰ ਦੂਸ਼ਿਤ ਹੋਣ ਤੋਂ ਬਚਾਉਣ ਲਈ ਵਿਚਾਰ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਦੱਖਣੀ ਭਾਰਤ ਅਤੇ ਕਲਕੱਤਾ ਵਿੱਚ ਵੀ ਅਜਿਹੀਆਂ ਕਾਨਫਰੰਸ ਕੀਤੀਆਂ ਜਾ ਚੁਕੀਆਂ ਹਨ।  ਮੇਘਵਾਲ ਨੇ ਕਿਹਾ ਕਿ ਕੇਂਦਰ ਸਰਕਾਰ ਵਲੋਂ ਗੰਗਾ ਦਰਿਆ ਨੂੰ ਸਾਫ਼ ਕਰਨ ਲਈ ਜਿਥੇ ਯਤਨ ਕੀਤੇ ਜਾ ਰਹੇ ਹਨ ਉਥੇ ਹੋਰ ਨਦੀਆਂ ਦੇ ਪਾਣੀ ਨੂੰ ਵੀ ਸਾਫ਼ ਕਰਨ ਲਈ ਯੋਜਨਾ ਬਣਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਦਰਿਆ ਬਿਆਸ ਨੂੰ ਵੀ ਸਾਫ਼ ਕਰਨ ਦੀ ਯੋਜਨਾ ਬਣਾਈ ਜਾਵੇਗੀ।ਇਸ ਮੌਕੇ ਐੱਸ.ਡੀ.ਐੱਮ. ਸ੍ਰੀ ਰਮਨ ਕੋਛੜ, ਐੱਸ.ਪੀ. ਸੂਬਾ ਸਿੰਘ, ਤਹਿਸੀਲਦਾਰ ਲਖਵਿੰਦਰ ਸਿੰਘ ਤੋਂ ਇਲਾਵਾ ਹੋਰ ਅਧਿਕਾਰੀ ਵੀ ਮੌਜੂਦ ਸਨ।