5 Dariya News

ਸਿਹਤ ਮੰਤਰੀ ਬ੍ਰਹਮ ਮਹਿੰਦਰਾ ਨੇ ਵਿਸ਼ਵ ਵਾਤਾਵਰਨ ਦਿਵਸ ਮੌਕੇ ਮਿਸ਼ਨ ਤੰਦਰੁਸਤ ਪੰਜਾਬ ਲੋਕਾਂ ਨੂੰ ਕੀਤਾ ਸਮਰਪਿਤ

ਲੋਕਾਂ ਨੂੰ ਸ਼ੁੱਧ ਪਾਣੀ, ਹਵਾ ਅਤੇ ਸਾਫ਼ ਭੋਜਨ ਮੁਹੱਈਆ ਕਰਵਾ ਕੇ ਪੰਜਾਬ ਨੂੰ ਸਿਹਤਮੰਦ ਸੂਬਾ ਬਣਾਉਣ ਦੀ ਵਚਨਬੱਧਤਾ ਦੁਹਰਾਈ

5 Dariya News

ਲੁਧਿਆਣਾ 05-Jun-2018

ਪੰਜਾਬ ਸਰਕਾਰ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਸ੍ਰੀ ਬ੍ਰਹਮ ਮਹਿੰਦਰਾ ਨੇ ਅੱਜ ਵਿਸ਼ਵ ਵਾਤਾਵਰਨ ਦਿਵਸ ਮੌਕੇ ਪੰਜਾਬ ਰਾਜ ਦੇ ਸਾਰੇ ਨਾਗਰਿਕਾਂ ਨੂੰ ਮਿਆਰੀ ਹਵਾ, ਮਿਆਰੀ ਪਾਣੀ ਅਤੇ ਮਿਲਾਵਟ ਰਹਿਤ ਭੋਜਨ/ਖੁਰਾਕ ਮੁਹੱਈਆ ਕਰਵਾਉਣ ਦੇ ਨਾਲ-ਨਾਲ ਉਨ੍ਹਾਂ ਨੂੰ ਸਿਹਤ ਸੰਭਾਲ ਪ੍ਰਤੀ ਜਾਗਰੂਕ ਕਰਨ ਲਈ ਸ਼ੁਰੂ ਮਿਸ਼ਨ ਤੰਦਰੁਸਤ ਪੰਜਾਬ ਨੂੰ ਲੋਕਾਂ ਲਈ ਸਮਰਪਿਤ ਕੀਤਾ। ਇਹ ਮਿਸ਼ਨ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਸੋਚ ਦਾ ਪ੍ਰਤੀਕ ਇਸ ਮਿਸ਼ਨ ਦੇ ਟੀਚੇ ਨੂੰ ਪ੍ਰਾਪਤ ਕਰਨਾ ਸਮੇਂ ਦੀ ਲੋਡ਼ ਹੈ। ਅੱਜ ਸਥਾਨਕ ਗੁਰੂ ਨਾਨਕ ਦੇਵ ਭਵਨ ਵਿਖੇ ਮਿਸ਼ਨ ਤੰਦਰੁਸਤ ਪੰਜਾਬ ਨੂੰ ਸ਼ੁਰੂ ਕਰਨ ਲਈ ਰੱਖੇ ਜਿਲ੍ਹਾ ਪੱਧਰੀ ਸਮਾਗਮ ਨੂੰ ਮੁੱਖ ਮਹਿਮਾਨ ਵਜੋਂ ਸੰਬੋਧਨ ਕਰਦਿਆਂ ਸ੍ਰੀ ਮਹਿੰਦਰਾ ਨੇ ਕਿਹਾ ਕਿ ਇਸ ਮਿਸ਼ਨ ਨੂੰ ਸ਼ੁਰੂ ਕਰਨ ਪਿੱਛੇ ਸੋਚ ਹੈ ਕਿ ਪੰਜਾਬ ਦੀ ਆਬੋ-ਹਵਾ, ਪੌਣ ਪਾਣੀ ਅਤੇ ਭੋਜਨ ਦੀ ਗੁਣਵੱਤਾ ਵਿੱਚ ਸੁਧਾਰ ਲਿਆ ਕੇ ਸੂਬੇ ਦੇ ਲੋਕਾਂ ਨੂੰ ਤੰਦਰੁਸਤ ਅਤੇ ਸਿਹਤਮੰਦ ਜੀਵਨ ਮੁਹੱਈਆ ਕਰਾਇਆ ਜਾਵੇ। ਉਨ੍ਹਾਂ ਕਿਹਾ ਕਿ ਇਸ ਮਿਸ਼ਨ ਤਹਿਤ ਪੰਜਾਬ ਸਰਕਾਰ ਦੇ 12 ਵਿਭਾਗਾਂ ਦੇ ਸਾਂਝੇ ਉੱਦਮਾਂ ਨਾਲ ਸੂਬੇ ਨੂੰ ਤੰਦਰੁਸਤ ਸੂਬੇ ਵਜੋਂ ਵਿਕਸਤ ਕੀਤਾ ਜਾਣਾ ਹੈ। ਟੀਚਾ ਪ੍ਰਾਪਤ ਕਰਨ ਲਈ ਵੱਡੇ ਪੱਧਰ ਉੱਪਰ ਜਾਗਰੂਕਤਾ ਮੁਹਿੰਮ ਵਿੱਢੀ ਗਈ ਹੈ।ਉਨ੍ਹਾਂ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਇਸ ਲੋਕ ਹਿਤ ਉਪਰਾਲੇ ਵਿੱਚ ਪੰਜਾਬ ਸਰਕਾਰ ਦਾ ਸਾਥ ਦੇਣ। ਉਨ੍ਹਾਂ ਆਮ ਲੋਕਾਂ ਨੂੰ ਸਿਹਤ ਪ੍ਰਤੀ ਜਾਗਰੂਕ ਕਰਨ ਤੇ ਸਰਕਾਰੀ ਮਹਿਕਮਿਆਂ ਨੂੰ ਮਿਲਾਵਟਖੋਰਾਂ ਤੇ ਪ੍ਰਦੂਸ਼ਣ ਫੈਲਾਉਣ ਵਾਲਿਆਂ ਵਿਰੁੱਧ ਮੁਹਿੰਮ ਚਲਾਉਣ ਲਈ ਵੀ ਆਖਿਆ।ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ੍ਰੀ ਮਹਿੰਦਰਾ ਨੇ ਕਿਹਾ ਕਿ ਸੂਬੇ ਵਿੱਚ ਜਲਦ ਹੀ 306 ਡਾਕਟਰ ਸਿਹਤ ਵਿਭਾਗ ਨੂੰ ਆਪਣੀ ਸੇਵਾਵਾਂ ਦੇਣੀਆਂ ਸ਼ੁਰੂ ਕਰ ਦੇਣਗੇ। ਉਨ੍ਹਾਂ ਜੋਰ ਦੇ ਕੇ ਕਿਹਾ ਕਿ ਪਿਛਲੀ ਸਰਕਾਰ ਵੱਲੋਂ ਸਿਹਤ ਖੇਤਰ ਵਿੱਚ ਕੋਈ ਵੀ ਕੰਮ ਨਹੀਂ ਕੀਤਾ ਗਿਆ। ਜਿਸ ਦਾ ਨਤੀਜਾ ਇਹ ਨਿਕਲਿਆ ਕਿ ਉਨ੍ਹਾਂ ਦੇ ਵਿਭਾਗ ਦਾ ਅਹੁਦਾ ਸੰਭਾਲਣ ਮੌਕੇ ਵਿਭਾਗ ਦੀ ਹਾਲਤ ਬਹੁਤ ਮਾੜੀ ਸੀ ਪਰ ਹੁਣ ਬੜੀ ਤੇਜੀ ਨਾਲ ਹਾਲਾਤ ਸੁਧਰ ਰਹੇ ਹਨ।ਉਨ੍ਹਾਂ ਕਿਹਾ ਕਿ ਸੂਬੇ ਵਿੱਚ ਮੀਜ਼ਲ-ਰੁਬੇਲਾ ਮੁਹਿੰਮ ਸਫ਼ਲਤਾ ਪੂਰਵਕ ਚੱਲ ਰਹੀ ਹੈ। ਸੂਬੇ ਵਿੱਚ ਹੁਣ ਤੱਕ 48.55 ਲੱਖ ਬੱਚਿਆਂ ਦਾ ਟੀਕਾਕਰਨ ਹੋ ਚੁੱਕਾ ਹੈ, ਜਦਕਿ ਕੁੱਲ 73 ਲੱਖ਼ ਵਿੱਚੋਂ ਬਾਕੀ ਰਹਿੰਦੇ ਬੱਚਿਆਂ ਦਾ ਵੀ ਟੀਕਾਕਰਨ ਤੈਅ ਸਮਾਂ ਸੀਮਾ ਵਿੱਚ ਕਰ ਦਿੱਤਾ ਜਾਵੇਗਾ। 

ਉਨ੍ਹਾਂ ਕਿਹਾ ਕਿ ਫੈਕਟਰੀਆਂ ਅਤੇ ਸਨਅਤਾਂ ਦੇ ਗੰਦੇ ਪਾਣੀ ਨੂੰ ਸੋਧਣ ਲਈ ਲੁਧਿਆਣਾ ਵਿੱਚ ਤਿੰਨ ਸਾਂਝੇ ਪ੍ਰਦੂਸ਼ਣ ਪਾਣੀ ਸੋਧਕ ਪਲਾਂਟ ਸਥਾਪਤ ਕੀਤੇ ਜਾ ਰਹੇ ਹਨ, ਜਿਨ੍ਹਾਂ ਦੀ ਸਥਾਪਤੀ ਨਾਲ ਪਾਣੀ ਦੇ ਪ੍ਰਦੂਸ਼ਣ ਦੀ ਸਮੱਸਿਆ ਨੂੰ ਕਾਫੀ ਹੱਦ ਤੱਕ ਸੁਧਾਰ ਲਿਆ ਜਾਵੇਗਾ। ਪਰਾਲੀ ਸਾਡ਼ਨ ਦੇ ਰੁਝਾਨ ਬਾਰੇ ਪੁੱਛੇ ਜਾਣ ਉੱਪਰ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਤਿੰਨ ਕੰਪਨੀਆਂ ਨਾਲ ਰਾਬਤਾ ਕੀਤਾ ਹੋਇਆ ਹੈ, ਜੋ ਕਿ ਕਿਸਾਨਾਂ ਤੋਂ ਪਰਾਲੀ ਖਰੀਦ ਕੇ ਇਸ ਤੋਂ ਬਿਜਲੀ ਪੈਦਾ ਕਰਿਆ ਕਰਨਗੀਆਂ। ਇਸ ਨਾਲ ਕਿਸਾਨ ਪਰਾਲੀ ਵੇਚ ਕੇ ਸੋਹਣੀ ਕਮਾਈ ਵੀ ਕਰ ਸਕਣਗੇ। ਇਸ ਮੌਕੇ ਉਨ੍ਹਾਂ ਪਰਾਲੀ ਨਾ ਸਾਡ਼ਨ ਵਾਲੇ ਜਿਲ੍ਹਾ ਲੁਧਿਆਣਾ ਦੇ 110 ਕਿਸਾਨਾਂ ਦਾ ਸਨਮਾਨ ਵੀ ਕੀਤਾ। ਇਸ ਮੌਕੇ ਵੱਖ-ਵੱਖ ਵਿਭਾਗਾਂ ਵੱਲੋਂ ਕੀਤੇ ਜਾ ਰਹੇ ਕਾਰਜਾਂ ਬਾਰੇ ਪ੍ਰਦਰਸ਼ਨੀ ਵੀ ਲਗਾਈ ਗਈ, ਜਿਸ ਦਾ ਮੁੱਖ ਮਹਿਮਾਨ ਨੇ ਦੌਰਾ ਕੀਤਾ। ਉਨ੍ਹਾਂ ਮਿਸ਼ਨ ਤੰਦਰੁਸਤ ਪੰਜਾਬ ਬਾਰੇ ਇੱਕ ਕਿਤਾਬਚਾ ਵੀ ਜਾਰੀ ਕੀਤਾ। ਇਸ ਮੌਕੇ ਸਿਹਤ ਵਿਭਾਗ ਵੱਲੋਂ ਖੂਨ ਦਾਨ ਅਤੇ ਸਿਹਤ ਜਾਂਚ ਕੈਂਪ ਵੀ ਲਗਾਇਆ ਗਿਆ।ਇਸ ਦੌਰਾਨ ਵਧੀਕ ਡਿਪਟੀ ਕਮਿਸ਼ਨਰ (ਵ) ਡਾ. ਸ਼ੇਨਾ ਅਗਰਵਾਲ ਨੇ ਤੰਦਰੁਸਤ ਪੰਜਾਬ ਬਾਰੇ ਪੇਸ਼ਕਾਰੀ ਪੇਸ਼ ਕੀਤੀ। ਇਸ ਤੋਂ ਇਲਾਵਾ ਨਗਰ ਨਿਗਮ ਲੁਧਿਆਣਾ ਦੇ ਸੰਯੁਕਤ ਕਮਿਸ਼ਨਰ ਸ੍ਰ. ਸਤਵੰਤ ਸਿੰਘ ਨੇ ਨਗਰ ਨਿਗਮ ਵੱਲੋਂ ਸ਼ਹਿਰ ਨੂੰ ਸਾਫ਼ ਸੁਥਰਾ ਅਤੇ ਸੁੰਦਰ ਬਣਾਉਣ ਲਈ ਕੀਤੇ ਜਾ ਰਹੇ ਕਾਰਜਾਂ ਦਾ ਵੇਰਵਾ ਪੇਸ਼ ਕੀਤਾ। ਇਸ ਮੌਕੇ ਦਯਾਨੰਦ ਹਸਪਤਾਲ ਦੇ ਡੀਨ ਡਾ. ਰਾਜੂ ਸਿੰਘ ਛੀਨਾ, ਪੰਜਾਬ ਖੇਤੀਬਾੜੀ ਯੂਨੀਵਰਸਿਟੀ ਸਥਿਤ ਆਰਗੈਨਿਕ ਫਾਰਮਿੰਗ ਸਕੂਲ ਦੇ ਡਾਇਰੈਕਟਰ ਡਾ. ਚਰਨਜੀਤ ਸਿੰਘ ਔਲਖ਼, ਸਵਾਮੀ ਵਿਵੇਕਾਨੰਦ ਟਰੱਸਟ ਲੁਧਿਆਣਾ ਦੇ ਸ੍ਰੀ ਅਨਿਲ ਭਾਰਤੀ ਨੇ ਵਕਤਿਆਂ ਵਜੋਂ ਵੱਖ-ਵੱਖ ਵਿਸ਼ਿਆਂ ਬਾਰੇ ਵਿਚਾਰ ਸਾਂਝੇ ਕੀਤੇ। ਸ੍ਰੀ ਬ੍ਰਹਮ ਮਹਿੰਦਰਾ ਨੇ ਸਮਾਗਮ ਤੋਂ ਪਹਿਲਾਂ ਸਥਾਨਕ ਰੱਖ਼ਬਾਗ ਵਿਖੇ ਪੌਦੇ ਲਗਾ ਕੇ ਵਾਤਾਵਰਨ ਨੂੰ ਹਰਾ-ਭਰਾ ਬਣਾਉਣ ਦਾ ਸੁਨੇਹਾ ਦਿੱਤਾ। ਇਸ ਮੌਕੇ ਵਿਧਾਇਕ ਸ੍ਰੀ ਰਾਕੇਸ਼ ਪਾਂਡੇ, ਸ੍ਰੀ ਸੰਜੇ ਤਲਵਾੜ, ਮੁੱਖ ਮੰਤਰੀ ਦੇ ਪ੍ਰਚਾਰ ਸਕੱਤਰ ਸ੍ਰੀ ਵਿਮਲ ਸੁੰਬਲੀ, ਸਾਬਕਾ ਮੰਤਰੀ ਸ੍ਰ. ਮਲਕੀਤ ਸਿੰਘ ਦਾਖਾ, ਸੀਨੀਅਰ ਡਿਪਟੀ ਮੇਅਰ ਸ੍ਰੀ ਸ਼ਾਮ ਸੁੰਦਰ ਮਲਹੋਤਰਾ, ਡਿਪਟੀ ਕਮਿਸ਼ਨਰ ਸ੍ਰੀ ਪ੍ਰਦੀਪ ਕੁਮਾਰ ਅਗਰਵਾਲ, ਜਿਲ੍ਹਾ ਪ੍ਰਧਾਨ ਕਾਂਗਰਸ ਸ੍ਰ. ਗੁਰਦੇਵ ਸਿੰਘ ਲਾਪਰਾਂ ਅਤੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਅਤੇ ਵੱਡੀ ਗਿਣਤੀ ਵਿੱਚ ਲੋਕ ਹਾਜ਼ਰ ਸਨ।