5 Dariya News

ਵਿਧਾਇਕ ਬੈਂਸ 15 ਦਿਨ ਵਿੱਚ ਦੋਸ਼ ਸਾਬਿਤ ਕਰਨ ਜਾਂ ਮਾਨਹਾਨੀ ਕੇਸ ਦਾ ਸਾਹਮਣਾ ਕਰਨ ਲਈ ਤਿਆਰ ਰਹਿਣ- ਬ੍ਰਹਮ ਮਹਿੰਦਰਾ

ਦਵਾਈ ਕੰਪਨੀ ਨਾਲ ਕਿਸੇ ਵੀ ਤਰ੍ਹਾਂ ਦੀ ਭਾਈਵਾਲੀ ਦੇ ਦੋਸ਼ਾਂ ਨੂੰ ਸਿਰੇ ਤੋਂ ਨਕਾਰਿਆ, ਕਿਹਾ, ਹਰ ਤਰ੍ਹਾਂ ਦੀ ਜਾਂਚ ਲਈ ਤਿਆਰ ਹਾਂ

5 Dariya News

ਲੁਧਿਆਣਾ 05-Jun-2018

ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਸ੍ਰ. ਬ੍ਰਹਮ ਮਹਿੰਦਰਾ ਨੇ ਵਿਧਾਇਕ ਸ੍ਰ. ਸਿਮਰਜੀਤ ਸਿੰਘ ਬੈਂਸ ਦੇ ਉਨ੍ਹਾਂ ਦੋਸ਼ਾਂ ਨੂੰ ਸਿਰੇ ਤੋਂ ਨਕਾਰ ਦਿੱਤਾ ਹੈ, ਜਿਨ੍ਹਾਂ ਵਿੱਚ ਕਿਹਾ ਗਿਆ ਸੀ ਕਿ ਸੂਬੇ ਵਿਚਲੇ ਨਸ਼ਾ ਛੁਡਾਊ ਕੇਂਦਰਾਂ ਨੂੰ ਦਵਾਈ ਸਪਲਾਈ ਕਰਨ ਵਾਲੀ ਕੰਪਨੀ ਦੀ ਬ੍ਰਹਮ ਮਹਿੰਦਰਾ ਨਾਲ ਕਥਿਤ ਭਾਈਵਾਲੀ ਹੈ। ਅੱਜ ਸਥਾਨਕ ਗੁਰੂ ਨਾਨਕ ਦੇਵ ਭਵਨ ਵਿਖੇ ਮਿਸ਼ਨ ਤੰਦਰੁਸਤ ਪੰਜਾਬ ਦੇ ਸਮਾਗਮ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ੍ਰੀ ਬ੍ਰਹਮ ਮਹਿੰਦਰਾ ਨੇ ਸਪੱਸ਼ਟ ਕੀਤਾ ਕਿ ਉਨ੍ਹਾਂ ਦੀ ਕਿਸੇ ਵੀ ਦਵਾਈ ਕੰਪਨੀ ਨਾਲ ਕੋਈ ਭਾਈਵਾਲੀ ਜਾਂ ਸਾਂਝ ਨਹੀਂ ਹੈ।ਉਨ੍ਹਾਂ ਵਿਧਾਇਕ ਬੈਂਸ ਵੱਲੋਂ ਲਗਾਏ ਗਏ ਦੋਸ਼ਾਂ ਨੂੰ ਦਵਾਈ ਕੰਪਨੀਆਂ ਦੀ ਆਪਸੀ ਲੜਾਈ ਦੀ ਸਾਜਿਸ਼ ਦਾ ਹਿੱਸਾ ਕਰਾਰ ਦਿੰਦਿਆਂ ਕਿਹਾ ਕਿ ਹੋ ਸਕਦਾ ਹੈ ਕਿ ਵਿਧਾਇਕ ਬੈਂਸ ਵੀ ਕਿਸੇ ਕੰਪਨੀ ਦੇ ਇਸ਼ਾਰੇ ਉੱਪਰ ਇਹ ਮਨਘਡ਼ਤ ਦੋਸ਼ ਲਗਾ ਰਹੇ ਹੋਣ, ਜੋ ਕਿ ਗਲਤ ਹੈ। ਉਨ੍ਹਾਂ ਵਿਧਾਇਕ ਬੈਂਸ ਨੂੰ ਖੁੱਲ੍ਹੀ ਚੁਣੌਤੀ ਦਿੰਦਿਆਂ ਕਿਹਾ ਕਿ ਉਹ 15 ਦਿਨਾਂ ਵਿੱਚ ਇਹ ਦੋਸ਼ ਸਾਬਿਤ ਕਰਨ ਨਹੀਂ ਤਾਂ ਉਹ ਮਾਣਹਾਨੀ ਦੇ ਦਾਅਵੇ ਦਾ ਸਾਹਮਣਾ ਕਰਨ ਲਈ ਤਿਆਰ ਰਹਿਣ।ਸ੍ਰੀ ਮਹਿੰਦਰਾ ਨੇ ਕਿਹਾ ਕਿ ਇਸ ਮਾਮਲੇ ਵਿੱਚ ਸਾਹਮਣੇ ਆਈਆਂ ਦੋ ਈਮੇਲਾਂ ਸੰਬੰਧੀ ਉਨ੍ਹਾਂ ਸਾਈਬਰ ਕਰਾਈਮ ਦਾ ਕੰਮ ਦੇਖ ਰਹੇ ਆਈ. ਜੀ. ਸ੍ਰ. ਨੌਨਿਹਾਲ ਸਿੰਘ ਨੂੰ ਬਕਾਇਦਾ ਸ਼ਿਕਾਇਤ ਕਰਕੇ ਸੱਚਾਈ ਸਾਹਮਣੇ ਲਿਆਉਣ ਲਈ ਕਿਹਾ ਹੈ।ਸ੍ਰੀ ਬ੍ਰਹਮ ਮਹਿੰਦਰਾ ਨੇ ਸਾਰੇ ਦੋਸ਼ਾਂ ਨੂੰ ਸਿਰੇ ਤੋਂ ਖਾਰਜ ਕਰਦਿਆਂ ਸਪੱਸ਼ਟ ਕੀਤਾ ਕਿ ਉਹ ਇਸ ਮਾਮਲੇ ਦੀ ਕਿਸੇ ਵੀ ਧਿਰ ਤੋਂ ਜਾਂਚ ਕਰਾਉਣ ਲਈ ਤਿਆਰ ਹਨ।