ਟਰੀਟਮੈਂਟ ਪਲਾਂਟਾਂ ਦੀ ਕਾਰਗੁਜ਼ਾਰੀ ਤਸੱਲੀਬਖਸ਼ ਨਾ ਹੋਣ 'ਤੇ ਸੰਤ ਸੀਚੇਵਾਲ ਮਾਮਲੇ ਨੂੰ ਮੁੱਖ ਮੰਤਰੀ ਕੋਲ ਰੱਖਣਗੇ
ਬਸਤੀ ਪੀਰ ਦਾਦ ਤੇ ਲੈਦਰ ਕੰਪਲੈਕਸ ਦੇ ਟਰੀਟਮੈਂਟ ਪਲਾਂਟਾਂ ਦਾ ਅਚਨਚੇਤੀ ਲਿਆ ਜਾਇਜ਼ਾ
5 Dariya News (ਕੁਲਜੀਤ ਸਿੰਘ)
ਸੁਲਤਾਨਪੁਰ ਲੋਧੀ 05-Jun-2018
ਬਸਤੀ ਪੀਰ ਦਾਦ ਦੇ ੫੦ ਐਮ.ਐਲ.ਡੀ. ਵਾਲੇ ਟਰੀਟਮੈਂਟ ਪਲਾਂਟ ਦੀ ਕਾਰਗੁਜ਼ਾਰੀ ਤਸੱਲੀਬਖਸ਼ ਨਾ ਹੋਣ 'ਤੇ ਇਸ ਮਾਮਲੇ ਨੂੰ ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ, ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਅਤੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਧਿਆਨ ਵਿਚ ਲਿਆਉਣਗੇ। ਅੱਜ ਵਿਸ਼ਵ ਵਾਤਾਵਰਣ ਦਿਵਸ ਮੌਕੇ ਬਸਤੀ ਪੀਰਦਾਦ ਅਤੇ ਲੈਦਰ ਕੰਪਲੈਕਸ ਦੇ ਟਰੀਟਮੈਂਟ ਪਲਾਂਟਾਂ 'ਚੋਂ ਨਿਕਲਦੇ ਪਾਣੀਆਂ ਦਾ ਜਾਇਜ਼ਾ ਲੈਣ ਲਈ ਸੰਤ ਸੀਚੇਵਾਲ ਵੱਲੋਂ ਅਚਨਚੇਤੀ ਦੌਰਾ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਦੋਵੇਂ ਟਰੀਟਮੈਂਟ ਪਲਾਂਟਾਂ ਵਿਚੋਂ ਨਿਕਲਦਾ ਪਾਣੀ ਮਾਪਦੰਡਾਂ ਅਨੁਸਾਰ ਨਹੀਂ ਹੈ। ਬਸਤੀ ਪੀਰ ਦਾਦ ਵਾਲਾ ਟਰੀਟਮੈਂਟ ਪਲਾਂਟ, ਜਿਹੜਾ ਕਿ ਆਪਣੀ ਸਮਰੱਥਾ ਤੋਂ ਕਾਫੀ ਘੱਟ ਚੱਲ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਹ ਟਰੀਟਮੈਂਟ ਪਲਾਂਟ ਵਿਸ਼ਵ ਵਾਤਾਵਰਣ ਦਿਵਸ ਮੌਕੇ ੨੦੧੪ ਵਿਚ ਸ਼ੁਰੂ ਕੀਤਾ ਗਿਆ ਸੀ। ਉਦੋਂ ਤੋਂ ਲੈ ਕੇ ਹੁਣ ਤੱਕ ਇਸ ਟਰੀਟਮੈਂਟ ਪਲਾਂਟ ਦੀ ਕਾਰਗੁਜ਼ਾਰੀ ਕਦੇ ਵੀ ਤਸੱਲੀਬਖਸ਼ ਨਹੀਂ ਰਹੀ। ਇਸ ਬਾਰੇ ਜ਼ਿਲਾ ਪ੍ਰਸ਼ਾਸਨ ਦੇ ਸਾਰੇ ਅਧਿਕਾਰੀਆਂ ਨੂੰ ਉਹ ਵਾਰ-ਵਾਰ ਜਾਣੂੰ ਕਰਵਾ ਚੁੱਕੇ ਹਨ ਅਤੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੀਆਂ ਮੀਟਿੰਗਾਂ ਵਿਚ ਵੀ ਇਸ ਮੁੱਦੇ ਨੂੰ ਉਠਾ ਚੁੱਕੇ ਹਨ।
ਉਨ੍ਹਾਂ ਦੱਸਿਆ ਕਿ ਜਦੋਂ ਟਰੀਟਮੈਂਟ ਪਲਾਂਟ ਕੰਪਲੈਕਸ ਦੇ ਅੰਦਰ ਜਾ ਕੇ ਦੇਖਿਆ ਤਾਂ ਗੰਦੇ ਪਾਣੀਆਂ 'ਚੋਂ ਨਿਕਲਣ ਵਾਲੀ ਗਾਰ ਤੋਂ ਸਪੱਸ਼ਟ ਹੋ ਰਿਹਾ ਸੀ ਕਿ ਟਰੀਟਮੈਂਟ ਪਲਾਂਟ ਕਈ ਦਿਨਾਂ ਬਾਅਦ ਚਲਾਇਆ ਗਿਆ ਹੈ। ਮੌਕੇ 'ਤੇ ਹਾਜ਼ਰ ਕਰਿੰਦਿਆਂ ਨੇ ਦੱਸਿਆ ਕਿ ਸ਼ਨੀਵਾਰ ਤੋਂ ਬਾਅਦ ਟਰੀਟਮੈਂਟ ਪਲਾਂਟ ਦੀ ਗਾਰ ਬਾਹਰ ਨਹੀਂ ਕੱਢੀ ਗਈ। ਉਨ੍ਹਾਂ ਦੱਸਿਆ ਕਿ ਕਾਲਾ ਸੰਘਿਆਂ ਡਰੇਨ ਦੇ ਜ਼ਹਿਰੀਲੇ ਪਾਣੀਆਂ ਤੋਂ ਪੀੜਤ ਲੋਕਾਂ ਵੱਲੋਂ ਪਹਿਲੀ ਵਾਰ ੨੨ ਫਰਵਰੀ ੨੦੦੮ ਨੂੰ ਬੰਨ੍ਹ ਲਾਇਆ ਗਿਆ ਸੀ। ਇਸ ਤੋਂ ਬਾਅਦ ਕਾਰਵਾਈ ਨਾ ਹੋਣ 'ਤੇ ਮੁੜ ੧੮ ਮਈ ੨੦੧੧ ਨੂੰ ਬੰਨ੍ਹ ਲਾਇਆ ਗਿਆ ਸੀ। ਫਿਰ ਵੀ ਪ੍ਰਸ਼ਾਸਨ ਨੇ ਕੋਈ ਹਰਕਤ ਨਹੀਂ ਕੀਤੀ। ਜਿਹੜਾ ੫੦ ਐਮ.ਐਲ.ਡੀ. ਦਾ ਟਰੀਟਮੈਂਟ ਪਲਾਂਟ ੨੦੧੪ ਵਿਚ ਲਾਇਆ ਸੀ ਉਸ ਦੇ ਚੱਲਣ ਦੀ ਮਿਆਦ ੨੦੨੫ ਤੱਕ ਮਿਥੀ ਗਈ ਸੀ ਪਰ ਇਹ ਟਰੀਟਮੈਂਟ ਪਲਾਂਟ ੨੦੧੬-੧੭ ਵਿਚ ਹੀ ਫੇਲ੍ਹ ਹੋ ਗਿਆ। ਕਿਉਂਕਿ ਇਸ ਵਿਚ ਸਮਰੱਥਾ ਤੋਂ ਵੱਧ ਗੰਦਾ ਪਾਣੀ ਆ ਰਿਹਾ ਹੈ।
ਸੰਤ ਸੀਚੇਵਾਲ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹੁਣ ਪੰਜਾਬ ਦੇ ਦਰਿਆਈ ਪਾਣੀਆਂ ਨੂੰ ਜ਼ਹਿਰਾਂ ਤੋਂ ਮੁਕਤ ਕਰਨ ਲਈ ਗੰਭੀਰਤਾ ਨਾਲ ਸੋਚ ਰਹੇ ਹਨ। ਇਸ ਨੂੰ ਅਮਲ ਵਿਚ ਲਿਆਉਣ ਲਈ ਸੂਬੇ ਵਿਚ ਪਹਿਲਾਂ ਲੱਗੇ ਹੋਏ ਟਰੀਟਮੈਂਟ ਪਲਾਂਟਾਂ ਦਾ ਚੱਲਣਾ ਜ਼ਰੂਰੀ ਹੈ ਤੇ ਜਿਥੇ ਨਵੇਂ ਲਾਉਣ ਦੀ ਲੋੜ ਹੈ ਉਥੇ ਪਹਿਲ ਦੇ ਅਧਾਰ 'ਤੇ ਲਾਏ ਜਾਣ ਤਾਂ ਹੀ ਪੰਜਾਬ ਦੇ ਦਰਿਆਵਾਂ ਨੂੰ ਜ਼ਹਿਰਾਂ ਤੋਂ ਮੁਕਤ ਕੀਤਾ ਜਾ ਸਕਦਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਇਸ ਕੰਮ ਲਈ ਜ਼ਿੰਮੇਵਾਰ ਅਫਸਰਾਂ ਦੀ ਜਵਾਬਦੇਹੀ ਵੀ ਤਹਿ ਕੀਤੀ ਜਾਵੇ। ਸੰਤ ਸੀਚੇਵਾਲ ਨੇ ਦੱਸਿਆ ਕਿ ਕਾਲਾ ਸੰਘਿਆਂ ਡਰੇਨ ਵਿਚ ਈ-ਗਰੇਡ ਦਾ ਪਾਣੀ ਵਗਦਾ ਹੈ। ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੀਆਂ ਰਿਪੋਰਟਾਂ ਅਨੁਸਾਰ ਹੀ ਇਸ ਵਿਚ ਭਾਰੀ ਧਾਤਾਂ ਵੀ ਵਗ ਰਹੀਆਂ ਹਨ, ਜਿਨ੍ਹਾਂ ਵਿਚ ਨਿੱਕਲ ਵੀ ਸ਼ਾਮਲ ਹੈ, ਜੋ ਕਿ ਕੈਂਸਰ ਦਾ ਵੱਡਾ ਕਾਰਨ ਬਣਦਾ ਹੈ। ਕਾਲਾ ਸੰਘਿਆਂ ਡਰੇਨ ਚਿੱਟੀ ਵੇਈਂ 'ਚ ਪੈਂਦੀ ਹੈ ਤੇ ਚਿੱਟੀ ਵੇਈਂ ਗਿੱਦੜਪਿੰਡੀ ਕੋਲ ਜਾ ਕੇ ਸਤਲੁਜ ਦਰਿਆ ਵਿਚ ਪੈ ਜਾਂਦੀ ਹੈ। ਉਥੋਂ ਇਹ ਪਾਣੀ ਦੋ ਨਹਿਰਾਂ ਰਾਹੀਂ ਮਾਲਵੇ ਤੇ ਰਾਜਸਥਾਨ ਨੂੰ ਜਾਂਦਾ ਹੈ। ਜਿਸ ਕਾਰਨ ਲੋਕ ਇਹੋ ਪਾਣੀ ਲੋਕ ਪੀਣ ਲਈ ਮਜਬੂਰ ਹਨ।