5 Dariya News

ਪਰ੍ਭ ਆਸਰਾ ਨੇ ਤਾਮਿਲਨਾਡੂ ਦੀ ਔਰਤ ਨੂੰ ਉਸਦੇ ਵਾਰਸਾਂ ਨਾਲ ਮਿਲਾਇਆ

5 Dariya News

ਕੁਰਾਲੀ 03-Jun-2018

ਸ਼ਹਿਰ ਵਿਚ ਲਵਾਰਿਸ ਲੋਕਾਂ ਦੀ ਸਾਂਭ ਸੰਭਾਲ ਕਰ ਰਹੀ ਪਰ੍ਭ ਆਸਰਾ ਸੰਸਥਾਂ ਵਿਚ ਲਗਭਗ 4 ਸਾਲ ਪਹਿਲਾਂ ਦਾਖਲ ਹੋਈ ਮੈਰੀ (44 ਸਾਲ) ਨਾਮਕ ਔਰਤ ਨੂੰ ਤਾਮਿਲਨਾਡੂ ਵਿਖੇ ਬਨਯਨ ਸੰਸਥਾਂ ਦੀ ਮਦਦ ਨਾਲ ਉਸਦੇ ਵਾਰਸਾਂ ਨਾਲ ਮਿਲਾਇਆ ਗਿਆ ਹੈ | ਇਸ ਸੰਬੰਧੀ ਗਲਬਾਤ ਕਰਦਿਆਂ ਸੰਸਥਾਂ ਦੇ ਮੁਖ ਪ੍ਰਬੰਧਕ ਭਾਈ ਸ਼ਮਸ਼ੇਰ ਸਿੰਘ ਪਡਿਆਲਾ ਤੇ ਬੀਬੀ ਰਾਜਿੰਦਰ ਕੌਰ ਨੇ ਦੱਸਿਆ ਕਿ ਮੈਰੀ ਅੱਜ ਤੋਂ ਲਗਭਗ 4 ਸਾਲ ਪਹਿਲਾਂ ਅੰਬਾਲਾ ਵਿਖੇ ਲਵਾਰਿਸ ਹਾਲਤ ਵਿਚ ਮਿਲੀ ਸੀ ਜਿਸਤੋਂ ਬਾਅਦ ਉਥੋਂ ਦੇ ਸਮਾਜਦਰਦੀ ਸੱਜਣਾਂ ਵੱਲੋਂ ਪੁਲਿਸ ਦੀ ਮਦਦ ਨਾਲ ਉਸਨੂੰ ਸੰਸਥਾਂ ਵਿਚ ਦਾਖਲ ਕਰਵਾਇਆ ਗਿਆ ਸੀ ਜੋ ਕਿ ਦਿਮਾਗੀ ਤੌਰ ਤੋਂ ਠੀਕ ਨਹੀਂ ਸੀ | ਦਾਖਲੇ ਉਪਰੰਤ ਉਸਦੀ ਸਾਂਭ ਸੰਭਾਲ ਤੇ ਇਲਾਜ ਸ਼ੁਰੂ ਕਰ ਦਿਤਾ ਗਿਆ ਸੀ | ਕੁਝ ਸਾਲਾਂ ਬਾਅਦ ਉਸਦੀ ਹਾਲਤ ਠੀਕ ਹੋਣ ਮਗਰੋਂ ਉਸਨੇ ਆਪਣਾ ਪਤਾ ਤਾਮਿਲਨਾਡੂ ਦਾ ਦੱਸਿਆ, ਜਿਸਤੋਂ ਬਾਅਦ ਲਗਾਤਾਰ ਸੰਸਥਾਂ ਵੱਲੋਂ ਮਿਸ਼ਨ ਮਿਲਾਪ ਮੁਹੀਮ ਤਹਿਤ ਉਸਦੇ ਵਾਰਸਾਂ ਦਾ ਪਤਾ ਕੀਤਾ ਜਾ ਰਿਹਾ ਸੀ | ਮੈਰੀ ਦੀ ਭਾਸ਼ਾ ਤਾਮਿਲ ਹੋਣ ਕਾਰਣ ਉਸਨੂੰ ਸੰਸਥਾਂ ਵਿਚ ਹੋਰਨਾਂ ਨਾਗਰਿਕਾਂ ਨਾਲ ਗਲਬਾਤ ਕਰਨ ਤੇ ਉਹਨਾਂ ਦੇ ਸਭਿਆਚਾਰ ਵਿਚ ਘੁਲਣ ਮਿਲਣ ਵਿਚ ਮੁਸ਼ਕਿਲ ਆ ਰਹੀ ਸੀ | 

ਜਿਸ ਕਾਰਣ ਸੰਸਥਾਂ ਦੇ ਪ੍ਰਬੰਧਕਾਂ ਵੱਲੋਂ ਤਾਮਿਲਨਾਡੂ ਵਿਖੇ ਬਨਯਨ ਸੰਸਥਾਂ ਨਾਲ ਸੰਪਰਕ ਕੀਤਾ ਗਿਆ ਤੇ ਬਾਅਦ ਵਿਚ ਬੀਬੀ ਰਾਜਿੰਦਰ ਕੌਰ ਦੀ ਅਗਵਾਈ ਵਿਚ ਮੈਰੀ ਨੂੰ ਤਾਮਿਲਨਾਡੂ ਵਿਖੇ ਬਨਯਨ ਸੰਸਥਾਂ ਵਿਚ ਦਾਖਲ ਕਰਵਾਇਆ ਗਿਆ | ਉਹਨਾਂ ਦੱਸਿਆ ਕਿ ਬਨਯਨ ਸੰਸਥਾਂ ਵੱਲੋਂ ਕੁਝ ਦਿਨਾਂ ਵਿਚ ਹੀ ਉਸਦੇ ਵਾਰਸਾਂ ਦਾ ਪਤਾ ਕਰ ਕੇ ਉਸਨੂੰ ਉਸਦੇ ਵਾਰਸਾਂ ਹਵਾਲੇ ਕਰ ਦਿਤਾ ਗਿਆ ਹੈ, ਉਹਨਾਂ ਦੱਸਿਆ ਕਿ ਮੈਰੀ ਆਪਣੇ ਸੱਭਿਆਚਾਰ ਵਿਚ ਜਾ ਕੇ ਬਹੁਤ ਖੁਸ਼ ਹੈ ਤੇ ਉਸਨੇ ਸੰਸਥਾਂ ਦੇ ਪ੍ਰਬੰਧਕਾਂ ਦਾ ਧੰਨਵਾਦ ਕੀਤਾ | ਇਸ ਸੰਬੰਧੀ ਗਲਬਾਤ ਕਰਦਿਆਂ ਭਾਈ ਸ਼ਮਸ਼ੇਰ ਸਿੰਘ ਪਡਿਆਲਾ ਨੇ ਦੱਸਿਆ ਕਿ ਸਮਾਜ ਵਿਚ ਜੇਕਰ ਇਹਨਾਂ ਪ੍ਰਾਣੀਆਂ ਨੂੰ ਇਲਾਜ ਅਤੇ ਪੁਨਰਵਾਸ ਦਾ ਮੌਕਾ ਮਿਲੇ ਤਾਂ ਇਹ ਵੀ ਪਰਮਾਤਮਾ ਦੀ ਕਿਰਪਾ ਨਾਲ ਠੀਕ ਹੋ ਕੇ ਜਿਥੇ ਆਪਣਿਆਂ ਨੂੰ ਮਿਲਣ ਵਿਚ ਕਾਮਯਾਬ ਹੋ ਜਾਂਦੇ ਹਨ ਉਥੇ ਆਪਣੇ ਪੈਰਾਂ ਤੇ ਖੜੇ ਹੋ ਕੇ ਆਦਰ ਸਤਿਕਾਰ ਵਾਲੀ ਜ਼ਿੰਦਗੀ ਜੀਣ ਦੇ ਦੁਬਾਰਾ ਸਮਰਥ ਵੀ ਬਨ ਜਾਂਦੇ ਹਨ, ਉਹਨਾਂ ਅਪੀਲ ਕੀਤੀ ਕਿ ਸਮਾਜਿਕ ਪਰਿਵਾਰ ਦੇ ਇਹਨਾਂ ਪ੍ਰਾਣੀਆਂ ਨੂੰ ਅਣਗੌਲਿਆ ਨਾ ਜਾਵੇ |