5 Dariya News

ਬਰਸਾਤਾਂ ਤੋਂ ਪਹਿਲਾਂ ਜ਼ਿਲ੍ਹੇ ਵਿਚ ਹੜ੍ਹਾਂ ਦੀ ਰੋਕਥਾਮ ਵਾਸਤੇ ਸਾਰੇ ਪ੍ਰਬੰਧ ਕੀਤੇ ਜਾਣਗੇ ਮੁਕੰਮਲ : ਚਰਨਦੇਵ ਸਿੰਘ ਮਾਨ

ਡੀ.ਸੀ.ਦਫਤਰ ਵਿਖੇ ਸਥਾਪਿਤ ਕੀਤਾ ਜਾਵੇਗਾ ਫਲੱਡ ਕੰਟਰੋਲ ਰੂਮ , ਹੜ੍ਹਾਂ ਦੀ ਰੋਕਥਾਮ ਸਬੰਧੀ ਵੱਖ ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਕੀਤੀ ਮੀਟਿੰਗ

5 Dariya News

ਐਸ.ਏ.ਐਸ. ਨਗਰ (ਮੁਹਾਲੀ) 01-Jun-2018

ਬਰਸਾਤਾਂ ਦਾ ਮੌਸਮ ਸ਼ੁਰੂ ਹੋਣ ਤੋਂ ਪਹਿਲਾਂ ਹਰ ਹਾਲ ਜ਼ਿਲ੍ਹੇ ਵਿਚ ਹੜ੍ਹਾਂ ਦੀ ਰੋਕਥਾਮ ਵਾਸਤੇ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਜਾਣਗੇ। ਇੰਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਵਧੀਕ ਡਿਪਟੀ ਕਮਿਸ਼ਨਰ  (ਜਨਰਲ) ਚਰਨਦੇਵ ਸਿੰਘ ਮਾਨ ਨੇ ਹੜ੍ਹਾਂ ਦੀ ਰੋਕਥਾਮ ਸਬੰਧੀ ਵੱਖ ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ  ਜਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਮੀਟਿੰਗ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਇਸ ਸਬੰਧੀ ਵਿਸ਼ੇਸ਼  ਤੌਰ 'ਤੇ ਕੁਦਰਤੀ ਆਫਤ ਪ੍ਰਬੰਧਨ ਪਲਾਨ ਵੀ ਬਣਾਇਆ ਜਾ ਰਿਹਾ ਹੈ। ਮੀਟਿੰਗ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਨੇ ਡਰੇਨਜ਼ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ  ਨਦੀਆਂ, ਨਾਲਿਆਂ ਜਾਂ ਚੋਆਂ ਦੇ ਪੁਲਾਂ ਦੇ ਦੋਵੇਂ ਪਾਸੇ ਘੱਟੋ-ਘੱਟ 100-100 ਮੀਟਰ ਤੱਕ ਗਾਰ ਨਹੀਂ ਜੰਮੀ ਹੋਣੀ ਚਾਹੀਦੀ ਤੇ ਗਾਰ ਨੂੰ ਬਾਹਰ ਕੱਢਣ ਲਈ ਮਗਨਰੇਗਾ ਤਹਿਤ ਕੰਮ ਕਰਵਾਇਆ ਜਾਵੇ। ਉਨ੍ਹਾਂ ਹੋਰ ਕਿਹਾ ਕਿ ਜੇਕਰ ਨਦੀਆਂ ਨਾਲਿਆਂ ਜਾਂ ਚੋਆਂ ਦੇ ਖੇਤਰ ਵਿਚ ਕੋਈ ਨਜਾਇਜ਼ ਉਸਾਰੀ  ਹੋਈ ਹੈ ਤਾਂ ਉਸ ਸਬੰਧੀ ਫੌਰੀ ਕਾਰਵਾਈ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਬਰਸਾਤਾਂ ਦੌਰਾਨ ਜੇਕਰ ਅਜਿਹੀਆਂ ਉਸਾਰੀਆਂ ਕਾਰਨ ਕੋਈ ਨੁਕਸਾਨ ਹੁੰਦਾ ਹੈ ਤਾਂ ਮਾਲਕ ਖਿਲਾਫ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਵਿਚੋਂ ਲੰਘਦੇ ਘੱਗਰ ਦਰਿਆ ਅਤੇ ਹੋਰਨਾਂ ਨਦੀਆਂ, ਨਾਲਿਆਂ ਅਤੇ ਚੋਆਂ ਦੀ ਸਫਾਈ ਅਤੇ ਪਾਣੀ ਦੀ ਨਿਕਾਸੀ  ਲਈ ਕਾਰਜਕਾਰੀ ਇੰਜਨੀਅਰ, ਜਲ ਨਿਕਾਸ ਸਰਕਲ/ਜਲ ਪ੍ਰਬੰਧ ਖੋਜ਼ ਮੰਡਲ ਪਟਿਆਲਾ ਅਤੇ ਰੂਪਨਗਰ ਪ੍ਰਬੰਧ ਕਰਨਗੇ। ਸਾਰੇ ਜ਼ਿਲ੍ਹੇ ਵਿਚ ਮਿਤੀ 18-06-2018 ਤੋਂ 30-09-2018 ਤੱਕ ਤਹਿਸੀਲ ਪੱਧਰ ਤੇ ਫਲੱਡ ਕੰਟਰੋਲ ਰੂਮ ਸਬੰਧਿਤ ਤਹਿਸੀਲਦਾਰ ਦੀ ਨਿਗਰਾਨੀ ਹੇਠ ਕੰਮ ਕਰਨਗੇ। ਜ਼ਿਲ੍ਹਾ ਪੱਧਰ ਦਾ ਫਲੱਡ ਕੰਟਰੋਲ ਰੂਮ ਡੀ.ਸੀ.ਦਫਤਰ ਵਿਖੇ ਸਥਾਪਿਤ ਕੀਤਾ ਜਾਵੇਗਾ। 

ਇਹ ਕੰਟਰੋਲ ਰੂਮ 24 ਘੰਟੇ ਕਾਰਜ਼ਸੀਲ ਰਹਿਣਗੇ।  ਸ੍ਰ: ਮਾਨ ਨੇ ਅਧਿਕਾਰੀਆਂ ਨੂੰ ਹਦਾਇਤ ਦਿੱਤੀ ਕਿ ਕਿਸ਼ਤੀਆਂ, ਲਾਇਫ ਜੈਕਟਾਂ,  ਤ੍ਰਿਪਾਲਾਂ, ਪੰਪ ਸੈਟਾਂ ਆਦਿ ਦਾ ਪ੍ਰਬੰਧ ਮੁਕੰਮਲ ਕਰਕੇ ਰਿਪੋਰਟ ਉਨ੍ਹਾਂ ਨੂੰ ਸੌਂਪੀ ਜਾਵੇ।  ਇਸ ਤੋਂ ਇਲਾਵਾ ਉਨ੍ਹਾਂ ਨੇ ਹੜ੍ਹਾਂ ਦੀ ਸਥਿਤੀ ਪੈਦਾ ਹੋਣ 'ਤੇ ਖਾਣ ਪੀਣ ਦੀ ਸਮੱਗਰੀ, ਦਵਾਈਆਂ, ਮੈਡੀਕਲ ਟੀਮਾਂ, ਟਰਾਂਸਪੋਰਟ, ਪਸ਼ੂਆਂ ਦੇ ਇਲਾਜ ਸਬੰਧੀ ਪ੍ਰਬੰਧ ਕਰਨ ਲਈ ਵੀ ਅਧਿਕਾਰੀਆਂ ਨੂੰ ਦਿਸ਼ਾ ਨਿਰਦੇਸ਼ ਜਾਰੀ ਕੀਤੇ ਹਨ। ਉਨ੍ਹਾਂ ਨੇ ਅਧਿਕਾਰੀਆਂ ਨੂੰ ਹਦਾਇਤ ਦਿੱਤੀ ਜ਼ਿਲ੍ਹੇ ਵਿਚ ਰੇਲਵੇ ਅੰਡਰ ਪਾਸਾ ਦਾ ਖਾਸ ਖਿਆਲ ਰੱਖਿਆ ਜਾਵੇਗਾ ਤੇ ਉੱਥੇ ਲਾਲ ਝੰਡੀਆਂ ਲਾਉਣ ਦੇ ਨਾਲ ਨਾਲ ਪੰਪਿੰਗ ਸੈਟਾਂ ਸਮੇਤ ਇੱਕ ਮੁਲਾਜਮ ਵੀ ਤਾਇਨਾਤ ਕੀਤਾ ਜਾਵੇਗਾ ਤਾਂ ਜੋ ਅੰਡਰ ਪਾਸ ਵਿਚ ਪਾਣੀ ਭਰਨ ਤੇ ਕਿਸੇ ਵੀ ਕਿਸਮ ਦੀ ਅਣਸੁਖਾਵੀ ਘਟਨਾਂ ਤੋਂ ਬਚਿਆ ਜਾ ਸਕੇ। ਸ੍ਰ: ਮਾਨ ਨੇ ਦੱਸਿਆ ਕਿ ਪੁਲਿਸ ਵੱਲੋਂ ਆਰਜੀ ਟ੍ਰੇਫਿਕ ਰੂਟ ਪਲਾਨ ਤਿਆਰ ਕੀਤਾ ਗਿਆ ਹੈ ਤਾਂ ਜੋ ਲੋੜ ਪੈਣ ਤੇ ਉਸਦੀ ਵਰਤੋਂ ਕੀਤੀ ਜਾ ਸਕੇ। ਉਨ੍ਹਾਂ ਦੱਸਿਆ ਕਿ ਬਰਸਾਤਾਂ ਦੇ ਮੱਦੇਨਜ਼ਰ  ਵਿਸੇਸ਼ ਰਿਕਵਰੀ ਵੈਨਾਂ ਦਾ ਵੀ ਪ੍ਰਬੰਧ ਕੀਤਾ ਜਾਵੇਗਾ ਤਾਂ ਜੋ ਕੋਈ ਵੀ ਵਾਹਨ ਖਰਾਬ ਹੋਣ ਤੇ ਟ੍ਰੈਫਿਕ ਵਿਚ ਵਿਘਨ ਪੈਣ ਤੋ ਰੋਕਿਆ ਜਾ ਸਕੇ।  ਡੀ.ਈ.ਓ. ਸੈਕੰਡਰੀ ਅਤੇ ਪ੍ਰਾਇਮਰੀ ਜ਼ਿਲ੍ਹੇ ਦੇ ਸਾਰੇ ਸਕੂਲਾਂ ਦੀਆਂ ਇਮਾਰਤਾਂ ਚੈਕ ਕਰਨਗੇ ਅਤੇ ਫਲੱਡ ਸੀਜ਼ਨ ਦੌਰਾਨ ਅਸੁਰੱਖਿਅਤ ਇਮਾਰਤਾਂ ਦੀ ਵਰਤੋਂ ਨਹੀ ਕਰਨਗੇ। ਮੀਟਿੰਗ ਵਿਚ ਐਸ.ਡੀ.ਮੁਹਾਲੀ ਡਾ: ਆਰ.ਪੀ.ਸਿੰਘ, ਸੰਯੁਕਤ ਸਕੱਤਰ ਨਗਰ ਨਿਗਮ ਸ੍ਰੀਮਤੀ ਅਵਨੀਤ ਕੌਰ, ਡੀ.ਐਸ.ਪੀ. ਅਮਰੋਜ ਸਿੰਘ, ਸਕੱਤਰ ਰਿਜਨਲ ਟਰਾਂਸਪੋਰਟ ਅਥਾਰਟੀ ਸ੍ਰੀ ਸੁਖਵਿੰਦਰ ਕੁਮਾਰ, ਜ਼ਿਲ੍ਹਾ ਮਾਲ ਅਫਸਰ ਬਲਵਿੰਦਰ ਪਾਲ ਸਿੰਘ, ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫਸਰ ਸ੍ਰੀ ਡੀ.ਕੇ.ਸਾਲਦੀ ਸਮੇਤ ਵੱਖ ਵੱਖ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।