5 Dariya News

ਸ਼੍ਰੋਮਣੀ ਅਕਾਲੀ ਦਲ ਵੱਲੋਂ ਚੋਣ ਪ੍ਰਬੰਧਾਂ ਉੱਤੇ ਨਾਖੁਸ਼ੀ ਦਾ ਪ੍ਰਗਟਾਵਾ

5 Dariya News

ਚੰਡੀਗੜ੍ਹ 27-May-2018

ਸ਼੍ਰੋਮਣੀ ਅਕਾਲੀ ਦਲ ਨੇ ਅੱਜ ਭਾਰਤੀ ਚੋਣ ਕਮਿਸ਼ਨ ਵੱਲੋਂ ਸ਼ਾਹਕੋਟ ਜ਼ਿਮਨੀ ਚੋਣ ਸੰਬੰਧੀ ਕੀਤੇ ਗਏ ਚੋਣ ਪ੍ਰਬੰਧਾਂ ਉਤੇ ਨਾਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਹੈ ਕਿ ਜੇ ਮੌਜੂਦਾ ਹਾਲਾਤ ਇਸੇ ਤਰ੍ਹਾਂ ਬਰਕਰਾਰ ਰਹੇ ਤਾਂ ਕੱਲ੍ਹ ਨੂੰ ਕਾਂਗਰਸ ਪਾਰਟੀ ਨੂੰ ਵੱਡੇ ਪੱਧਰ ਉੱਤੇ ਚੋਣ ਧਾਂਦਲੀਆਂ ਕਰਨ ਤੋਂ ਕੋਈ ਨਹੀਂ ਰੋਕ ਸਕਦਾ। ਇੱਥੇ ਪਾਰਟੀ ਦੇ ਮੁੱਖ ਦਫਤਰ ਵਿਚੋਂ ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਬੁਲਾਰੇ ਡਾਕਟਰ ਦਲਜੀਤ ਸਿੰਘ ਚੀਮਾ ਨੇ ਦੋਸ਼ ਲਾਇਆ ਹੈ ਕਿ ਪੁਲਿਸ ਸੱਤਾਧਾਰੀ ਪਾਰਟੀ ਨਾਲ ਮਿਲੀ ਹੋਈ  ਹੈ। ਉਹਨਾਂ ਮੁੱਖ ਚੋਣ ਅਧਿਕਾਰੀ ਨੂੰ ਫੋਨ ਉੱਤੇ ਸ਼ਾਹਕੋਟ ਅੰਦਰਲੀਆਂ ਜ਼ਮੀਨੀ ਹਕੀਕਤਾਂ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਜ਼ਿਲ੍ਹਾ ਪ੍ਰਸਾਸ਼ਨ ਪੂਰੀ ਤਰ੍ਹਾਂ ਸੱਤਾਧਾਰੀ ਪਾਰਟੀ ਦੇ ਦਬਾਅ ਅੱਗੇ ਗੋਡੇ ਟੇਕ ਚੁੱਕਿਆ ਹੈ। ਇਲਾਕੇ ਦੇ ਸਾਰੇ ਸੀਨੀਅਰ ਅਕਾਲੀ ਅਤੇ ਭਾਜਪਾ ਆਗੂਆਂ ਨੂੰ ਪਰੇਸ਼ਾਨ ਕੀਤਾ ਜਾ ਰਿਹਾ ਹੈ ਅਤੇ ਕੁੱਝ ਆਗੂਆਂ ਨੂੰ ਤਾਂ ਧਮਕੀ ਭਰੇ ਫੋਨ ਵੀ ਆ ਚੁੱਕੇ ਹਨ। ਉਹਨਾਂ ਕਿਹਾ ਕਿ ਕਾਂਗਰਸ ਪਾਰਟੀ ਵੱਲੋਂ ਸ਼ਰੇਆਮ ਸ਼ਰਾਬ ਵੰਡੀ ਜਾ ਰਹੀ ਹੈ ਅਤੇ ਕਾਂਗਰਸੀ ਸਾਰੇ ਹਲਕੇ ਵਿਚ ਖੁੱਲ੍ਹੇਆਮ ਵੋਟਾਂ ਖਰੀਦ ਰਹੇ ਹਨ।

ਉਹਨਾਂ ਚੋਣ ਅਧਿਕਾਰੀ ਨੂੰ ਦੱਸਿਆ ਕਿ ਡਿਸਟਿੱਲਰੀ ਵਿਚੋਂ ਗੈਰਕਾਨੂੰਨੀ ਢੰਗ ਨਾਲ ਸ਼ਾਹਕੋਟ ਵਾਸਤੇ ਨਿਕਲੇ ਇੱਕ ਸ਼ਰਾਬ ਦੇ ਭਰੇ ਟਰੱਕ  ਨੂੰ ਲੋਕਾਂ ਨੇ ਘੇਰ ਕੇ ਪੁਲਿਸ ਦੇ ਹਵਾਲੇ ਕਰ ਦਿੱਤਾ। ਪਰ ਪੁਲਿਸ ਨੇ ਤੁਰੰਤ ਜਾਂਚ ਕਰਕੇ ਸੱਚਾਈ ਦਾ ਪਤਾ ਲਾਉਣ ਦੀ ਥਾਂ ਡਰਾਇਵਰ ਨੂੰ ਹੀ ਮੌਕੇ ਤੋਂ ਭਜਾ ਦਿੱਤਾ। ਡਾਕਟਰ ਚੀਮਾ ਨੇ ਕਿਹਾ ਕਿ ਸੀਨੀਅਰ ਕਾਂਗਰਸੀ ਆਗੂ ਅਜੇ ਹਲਕੇ ਅੰਦਰ ਡੇਰਾ ਜਮਾਈ ਬੈਠੇ ਹਨ ਅਤੇ ਵੋਟਾਂ ਦੀ ਖਰੀਦੋ-ਫਰੋਖ਼ਤ ਅਤੇ ਸ਼ਰਾਬ ਵੰਡੇ ਜਾਣ ਦੇ ਕੰਮਾਂ ਦੀ ਨਿਗਰਾਨੀ ਕਰ ਰਹੇ ਹਨ। ਉਹਨਾਂ ਕਿਹਾ ਕਿ ਸਭ ਤੋਂ ਅਫਸੋਸਨਾਕ ਗੱਲ ਇਹ ਹੈ ਕਿ ਚੋਣ ਅਮਲਾ ਪੂਰੀ ਤਰ੍ਹਾਂ ਬੇਹਰਕਤ ਹੋਇਆ ਬੈਠਾ ਹੈ। ਟੀਵੀ ਚੈਨਲਾਂ ਨੇ ਸਿੱਧਾ ਪ੍ਰਸਾਰਣ ਕਰਕੇ ਸਾਫ ਵਿਖਾਇਆ ਹੈ ਕਿ ਹਲਕੇ ਅੰਦਰ ਦਾਖ਼ਲ ਹੋਣ ਵਾਲੇ ਸਾਰੇ ਰਸਤਿਆਂ ਉੱਤੇ ਕੋਈ ਸੁਰੱਖਿਆ ਚੈਕਿੰਗ ਨਹੀਂ ਹੋ ਰਹੀ ਹੈ,ਪਰ ਇਸ ਦੇ ਬਾਵਜੂਦ ਚੋਣ ਕਮਿਸ਼ਨ ਨੇ ਨੂੰ ਇਸ ਗੰਭੀਰਤਾ ਨਾਲ ਨਹੀਂ ਲਿਆ ਹੈ। ਉਹਨਾਂ ਕਿਹਾ ਕਿ ਸਾਨੂੰ ਫੋਕੀਆਂ ਤਸੱਲੀਆਂ ਦਿੱਤੀਆਂ ਜਾ ਰਹੀਆਂ ਹਨ, ਜਿਹਨਾਂ ਨਾਲ ਜਮਹੂਰੀਅਤ ਦੀ ਰਾਖੀ ਨਾਲ ਕੀਤੀ ਜਾ ਸਕਦੀ। ਡਾਕਟਰ ਚੀਮਾ ਨੇ ਚੋਣ ਕਮਿਸ਼ਨ ਨੂੰ ਅਪੀਲ ਕੀਤੀ ਕਿ ਉਹ ਲੋਕਾਂ ਅੰਦਰ ਭਰੋਸਾ ਬਹਾਲ ਕਰਨ ਲਈ ਬਿਨਾਂ ਦੇਰੀ ਕੀਤੇ ਠੋਸ ਕਦਮ ਚੁੱਕਣ। ਉਹਨਾਂ ਕਿਹਾ ਕਿ ਜੇਕਰ ਮੌਜੂਦਾ ਹਾਲਾਤ ਬਣੇ ਰਹੇ ਤਾਂ ਕੱਲ੍ਹ ਨੂੰ ਸਥਿਤੀ ਬਦ ਤੋਂ ਬਦਤਰ ਹੋ ਜਾਵੇਗੀ।