5 Dariya News

ਨੌਜਵਾਨ ਸਮੇਂ ਦੇ ਹਾਣ ਦੀ ਸਿੱਖਿਆ ਗ੍ਰਹਿਣ ਕਰਕੇ ਦੇਸ਼ ਦੇ ਵਿਕਾਸ ਵਿੱਚ ਯੋਗਦਾਨ ਪਾਉਣ- ਐੱਨ. ਐੱਨ. ਵੋਹਰਾ

ਜ਼ਿੰਦਗੀ ਵਿੱਚ ਅੱਗੇ ਵਧਣ ਲਈ ਨਿਸ਼ਾਨੇ ਮਿੱਥਣ ਦੀ ਲੋੜ 'ਤੇ ਜ਼ੋਰ, ਸਰਕਾਰੀ ਕਾਲਜ (ਲੜਕੇ) ਦੇ ਸਾਲਾਨਾ ਸਮਾਰੋਹ 'ਚ 340 ਵਿਦਿਆਰਥੀਆਂ ਨੂੰ ਡਿਗਰੀਆਂ ਦੀ ਵੰਡ

5 Dariya News

ਲੁਧਿਆਣਾ 27-May-2018

ਜੰਮੂ ਅਤੇ ਕਸ਼ਮੀਰ ਦੇ ਰਾਜਪਾਲ ਸ੍ਰੀ ਐੱਨ. ਐੱਨ. ਵੋਹਰਾ ਨੇ ਨੌਜਵਾਨਾਂ ਨੂੰ ਸੱਦਾ ਦਿੱਤਾ ਹੈ ਕਿ ਉਹ ਸਮੇਂ ਦੇ ਹਾਣ ਦੀ ਸਿੱਖਿਆ ਗ੍ਰਹਿਣ ਕਰਕੇ ਆਪਣੇ ਪੈਰ੍ਹਾਂ 'ਤੇ ਖੜ੍ਹੇ ਹੋਣ ਅਤੇ ਦੇਸ਼ ਵਿੱਚ ਵਿਕਾਸ ਵਿੱਚ ਆਪਣਾ ਯੋਗਦਾਨ ਪਾਉਣ। ਉਹ ਅੱਜ ਸਤੀਸ਼ ਚੰਦਰ ਧਵਨ ਸਰਕਾਰੀ ਕਾਲਜ (ਲੜਕੇ) ਦੇ ਸਾਲਾਨਾ ਡਿਗਰੀ ਵੰਡ ਸਮਾਰੋਹ ਵਿੱਚ ਬਤੌਰ ਮੁੱਖ ਮਹਿਮਾਨ ਪੁੱਜੇ ਸਨ। ਜਿਸ ਦੌਰਾਨ ਉਨ੍ਹਾਂ ਕਾਲਜ ਦੇ ਪੋਸਟ ਗ੍ਰੇਜੂਏਸ਼ਨ ਕਰ ਚੁੱਕੇ 340 ਵਿਦਿਆਰਥੀਆਂ ਨੂੰ ਡਿਗਰੀਆਂ ਦੀ ਵੰਡ ਕੀਤੀ। ਇਸ ਤੋਂ ਇਲਾਵਾ ਵੱਖ-ਵੱਖ ਖੇਤਰਾਂ ਵਿੱਚ ਸ਼ਲਾਘਾਯੋਗ ਕਾਰਗੁਜ਼ਾਰੀ ਦਿਖਾਉਣ ਵਾਲੇ 40 ਤੋਂ ਵਧੇਰੇ ਵਿਦਿਆਰਥੀਆਂ ਨੂੰ 'ਰੋਲ ਆਫ਼ ਆਨਰ', 'ਕਾਲਜ ਕਲਰ' ਅਤੇ ਵਿਸ਼ੇਸ਼ ਇਨਾਮਾਂ ਨਾਲ ਸਨਮਾਨਿਤ ਕੀਤਾ ਗਿਆ।  ਸੈਂਕੜੇ ਵਿਦਿਆਰਥੀਆਂ ਨਾਲ ਭਰੇ ਸਾਹਿਰ ਆਡੀਟੋਰੀਅਮ ਵਿੱਚ ਹੋਏ ਪ੍ਰਭਾਵਸ਼ਾਲੀ ਸਮਾਰੋਹ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਕਿਸੇ ਦੇਸ਼ ਦੀ ਤਾਕਤ ਉਥੋਂ ਦੇ ਨੌਜਵਾਨ ਹੁੰਦੇ ਹਨ, ਜਿਸ ਦੇਸ਼ ਦੇ ਨੌਜਵਾਨ ਚੰਗੀ ਸਿੱਖਿਆ ਹਾਸਲ ਕਰਕੇ ਦੇਸ਼ ਦੀ ਅਗਵਾਈ ਕਰਨ ਲਈ ਅੱਗੇ ਆਉਂਦੇ ਹਨ, ਉਹ ਦੇਸ਼ ਵਿਸ਼ਵ ਦ੍ਰਿਸ਼ਟੀਕੋਣ ਤੋਂ ਸਰਬਪੱਖੀ ਤਰੱਕੀ ਕਰਦੇ ਹਨ। ਉਨ੍ਹਾਂ ਨੌਜਵਾਨਾਂ ਨੂੰ ਕਿਹਾ ਕਿ ਉਹ ਦੇਸ਼ ਦੇ ਵਿਕਾਸ ਵਿੱਚ ਯੋਗਦਾਨ ਪਾਉਣ ਲਈ ਅੱਗੇ ਆਉਣ। ਉਨ੍ਹਾਂ ਕਿਹਾ ਕਿ ਪੁਰਾਣੇ ਸਮੇਂ ਵਿੱਚ ਨੌਜਵਾਨਾਂ ਨੂੰ ਆਪਣੀ ਕਾਬਲੀਅਤ ਦਿਖਾਉਣ ਦੇ ਮੌਕੇ ਘੱਟ ਮਿਲਦੇ ਸਨ, ਜਦਕਿ ਹੁਣ ਕਾਰਜ ਕਰਨ ਯੋਗ ਖੇਤਰ ਬਹੁਤ ਵਿਸ਼ਾਲ ਹੋ ਗਏ ਹਨ ਅਤੇ ਮੌਕਿਆਂ ਦੀ ਗਿਣਤੀ ਵੀ ਵਧ ਗਈ ਹੈ। 

ਉਹਨਾਂ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉਹ ਕਾਮਯਾਬੀ ਅਤੇ ਅੱਗੇ ਵਧਣ ਲਈ ਆਪਣੇ ਨਿਸ਼ਾਨੇ ਮਿੱਥ ਲੈਣ, ਕਿਉਂਕਿ ਪੜ੍ਹਾਈ ਉਹਨਾਂ ਦੀ ਨਿੱਜੀ ਜ਼ਿੰਦਗੀ ਨੂੰ ਸੰਵਾਰਨ ਲਈ ਬਹੁਤ ਜ਼ਰੂਰੀ ਹੈ। ਉਨ੍ਹਾਂ ਜ਼ੋਰ ਦਿੱਤਾ ਕਿ ਕੋਈ ਮੁਕਾਮ ਹਾਸਿਲ ਕਰਨ ਲਈ ਪੜਾਈ ਦੇ ਨਾਲ-ਨਾਲ ਆਤਮ ਵਿਸ਼ਵਾਸ਼ ਵੀ ਬਹੁਤ ਜ਼ਰੂਰੀ ਹੁੰਦਾ ਹੈ। ਉਨ੍ਹਾਂ ਕਿਹਾ ਕਿ ਅੱਜ ਸਮੇਂ ਦੇ ਨਾਲ-ਨਾਲ ਭਾਰਤੀ ਵਿਦਿਆਰਥੀਆਂ ਵਿਸ਼ਵ ਦੇ ਮੁਕਾਬਲੇ ਜਿਆਦਾ ਆਤਮ ਵਿਸ਼ਵਾਸ਼ੀ ਬਣਦੇ ਜਾ ਰਹੇ ਹਨ। ਉਨ੍ਹਾਂ ਸੰਬੋਧਨ ਦੌਰਾਨ ਕਾਲਜ ਵਿੱਚ ਵਿਦਿਆਰਥੀ ਵਜੋਂ ਅਤੇ ਅਧਿਆਪਕ ਵਜੋਂ ਬਿਤਾਏ ਪਲਾਂ ਨੂੰ ਯਾਦ ਕਰਦਿਆਂ ਕਾਲਜ ਦੇ ਸੁਨਹਿਰੇ ਭਵਿੱਖ ਲਈ ਕਾਮਨਾ ਕੀਤੀ।  ਇਸ ਮੌਕੇ ਕਾਲਜ ਦੇ ਪ੍ਰਿੰਸੀਪਲ ਧਰਮ ਸਿੰਘ ਸੰਧੂ ਨੇ ਮੁੱਖ ਮਹਿਮਾਨ ਦਾ ਸਵਾਗਤ ਕੀਤਾ ਅਤੇ ਕਾਲਜ ਦੇ ਸੈਸ਼ਨ ਦੀ ਰਿਪੋਰਟ ਪੜ੍ਹ ਕੇ ਸੁਣਾਈ ਤੇ ਪ੍ਰਾਪਤੀਆਂ ਦੱਸੀਆਂ। ਇਸ ਮੌਕੇ ਕਾਲਜ ਦਾ ਮੈਗਜ਼ੀਨ 'ਸਤਲੁੱਜ' ਵੀ ਰਿਲੀਜ਼ ਕੀਤਾ ਗਿਆ। ਇਸ ਮੌਕੇ ਸ੍ਰੀ ਐੱਨ. ਐੱਨ. ਵੋਹਰਾ ਨੂੰ ਕਾਲਜ ਵੱਲੋਂ ਜੀਵਨ ਭਰ ਦੀਆਂ ਪ੍ਰਾਪਤੀਆਂ ਲਈ 'ਲਾਈਫ਼ਟਾਈਮ ਅਚੀਵਮੈਂਟ ਅਵਾਰਡ' ਨਾਲ ਸਨਮਾਨਿਤ ਕੀਤਾ। ਹਲਕਾ ਗਿੱਲ ਦੇ ਵਿਧਾਇਕ ਸ੍ਰ. ਕੁਲਦੀਪ ਸਿੰਘ ਵੈਦ ਨੇ ਮੁੱਖ ਮਹਿਮਾਨ ਅਤੇ ਸਮੂਹ ਹਾਜ਼ਰੀਨ ਲਈ ਧੰਨਵਾਦੀ ਸ਼ਬਦ ਬੋਲੇ। ਇਸ ਮੌਕੇ ਸੇਵਾਮੁਕਤ ਪ੍ਰੋਫੈਸਰ ਸ੍ਰੀ ਰਾਜਿੰਦਰ ਜੈਨ, ਪ੍ਰੋਫੈਸਰ ਸ੍ਰ. ਡੀ. ਐੱਸ. ਸਿੱਧੂ, ਪ੍ਰੋਫੈਸਰ ਹਰਜਾਪ ਕੌਰ, ਪ੍ਰੋਫੈਸਰ ਸ੍ਰ. ਹਰਵਿੰਦਰ ਸਿੰਘ ਜੋਸ਼ੀ, ਪ੍ਰੋਫੈਸਰ ਸ੍ਰ. ਪਰਮਜੀਤ ਸਿੰਘ ਸੈਂਕੜੇ ਵਿਦਿਆਰਥੀਆਂ ਤੋਂ ਇਲਾਵਾ ਹੋਰ ਪ੍ਰਮੁੱਖ ਸ਼ਖਸ਼ੀਅਤਾਂ ਵੱਡੀ ਗਿਣਤੀ ਵਿੱਚ ਸ਼ਾਮਿਲ ਸਨ।