5 Dariya News

ਮਿਸ਼ਨ ਮਿਲਾਪ ਮੁਹਿੰਮ ਤਹਿਤ ਛੇ ਲਾਵਾਰਿਸ ਪ੍ਰਾਣੀਆਂ ਨੂੰ ਵਾਰਸਾਂ ਦੇ ਸਪੁਰਦ ਕੀਤਾ

5 Dariya News

ਕੁਰਾਲੀ 26-May-2018

ਸ਼ਹਿਰ ਵਿਚ ਲਾਵਾਰਿਸ ਲੋਕਾਂ ਦੀ ਸੇਵਾ ਸੰਭਾਲ ਕਰ ਰਹੀ ਪਰ੍ਭ ਆਸਰਾ ਦੇ ਪ੍ਰਬੰਧਕਾਂ ਵੱਲੋਂ ' ਮਿਸ਼ਨ ਮਿਲਾਪ ' ਮੁਹਿੰਮ ਤਹਿਤ ਛੇ ਹੋਰ ਲਾਵਾਰਿਸ ਪ੍ਰਾਣੀਆਂ ਨੂੰ ਉਹਨਾਂ ਦੇ ਵਾਰਸਾਂ ਦੇ ਸਪੁਰਦ ਕੀਤਾ ਗਿਆ ਹੈ | ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਸੰਸਥਾਂ ਦੇ ਮੁੱਖ ਪ੍ਰਬੰਧਕ ਭਾਈ ਸ਼ਮਸ਼ੇਰ ਸਿੰਘ ਪਡਿਆਲਾ ਤੇ ਬੀਬੀ ਰਾਜਿੰਦਰ ਕੌਰ ਪਡਿਆਲਾ ਨੇ ਦੱਸਿਆ ਕਿ ਨਾਜਰ ਸਿੰਘ (60 ਸਾਲ) ਜੋ ਕਿ ਅੰਬਾਲਾ ਵਿਖੇ ਸੜਕ ਉੱਤੇ ਲਾਵਾਰਿਸ ਹਾਲਤ ਵਿਚ ਘੁੰਮ ਰਹੇ ਸਨ, ਨੂੰ ਉਥੋਂ ਦੇ ਸਮਾਜਦਰਦੀ ਸੱਜਣਾ ਵਲੋਂ ਸੰਸਥਾਂ ਵਿਚ ਦਾਖਲ ਕਰਵਾਇਆ ਗਿਆ ਸੀ, ਨੂੰ ਲੈਣ ਉਹਨਾਂ ਦੇ ਭਤੀਜੇ ਪਿੰਡ ਝੰਡੂਕੇ ਤੋਂ ਪੁਹੰਚੇ, ਜਿਹਨਾਂ ਮੁਤਾਬਿਕ ਨਾਜਰ ਸਿੰਘ ਦਿਮਾਗੀ ਪਰੇਸ਼ਾਨੀ ਕਾਰਣ ਲਗਭਗ 20 ਸਾਲ ਪਹਿਲਾ ਘਰ ਤੋਂ ਬਿਨਾ ਦੱਸੇ ਕੀਤੇ ਚਲੇ ਗਏ ਸਨ, ਜਿਸਤੋਂ ਬਾਅਦ ਉਹਨਾਂ ਦੀ ਕਾਫੀ ਭਾਲ ਕੀਤੀ ਗਈ ਸੀ | ਇਸੇ ਤਰਾਂ ਮੁਹੰਮਦ ਅਰਮਾਨ (16 ਸਾਲ) ਜੋ ਕਿ ਕੁਰਾਲੀ ਵਿਖੇ ਸੜਕ ਉੱਤੇ ਲਾਵਾਰਿਸ ਹਾਲਤ ਵਿਚ ਮਿਲਿਆ ਸੀ, ਨੂੰ ਲੈਣ ਉਸਦੇ ਪਿਤਾ ਲੁਧਿਆਣਾ ਤੋਂ ਪੁਹੰਚੇ, ਜਿਹਨਾਂ ਨੇ ਦੱਸਿਆ ਕਿ ਮੁਹੰਮਦ ਅਰਮਾਨ ਬੋਲਣ ਤੋਂ ਅਸਮਰਥ ਹੈ ਤੇ ਇਕ ਦਿਨ ਉਹ ਘਰ ਦੇ ਕੋਲ ਗੁਰਦੁਆਰਾ ਸਾਹਿਬ ਗਿਆ ਤੇ ਫਿਰ ਵਾਪਸ ਨਹੀਂ ਆਇਆ ਜਿਸਤੋਂ ਬਾਅਦ ਉਸਦੀ ਲਗਾਤਾਰ ਭਾਲ ਕੀਤੀ ਜਾ ਰਹੀ ਸੀ | ਹੀਰਾ ਸ਼ੇਖ (35 ਸਾਲ) ਜੋ ਕਿ ਖਰੜ ਵਿਖੇ ਲਾਵਾਰਿਸ ਹਾਲਤ ਵਿਚ ਘੁੰਮ ਰਿਹਾ ਸੀ ਨੂੰ ਉਥੋਂ ਦੇ ਸਮਾਜਦਰਦੀ ਸੱਜਣਾ ਵੱਲੋਂ ਸੰਸਥਾਂ ਵਿਚ ਦਾਖਲ ਕਰਵਾਇਆ ਗਿਆ ਸੀ ਜਿਸਨੂੰ ਲੈਣ ਉਸਦੇ ਪਿਤਾ ਪਾਬਰਖਾਈਆਂ, ਪੱਛਮੀ ਬੰਗਾਲ ਤੋਂ ਪਹੁੰਚੇ , ਜਿਨਾਂ ਦੱਸਿਆ ਹੀਰਾ ਸ਼ੇਖ ਦਿਮਾਗ ਤੋਂ ਪ੍ਰੇਸ਼ਾਨ ਸੀ ਤੇ ਨੌਕਰੀ ਦੀ ਭਾਲ ਵਿਚ ਉਹ ਘਰੋਂ ਨਿਕਲ ਗਿਆ ਸੀ ਜਿਸਤੋਂ ਬਾਅਦ ਉਸਦੀ ਕਾਫੀ ਭਾਲ ਕੀਤੀ ਗਈ ਪਰ ਉਸਦਾ ਕੋਈ ਪਤਾ ਨਹੀਂ ਚੱਲਿਆ ਸੀ | ਹਰੀ ਸਿੰਘ (90 ਸਾਲ) ਜੋ ਕਿ ਗੁਰਦੁਆਰਾ ਦਾਊਂ ਸਾਹਿਬ ਸਾਹਿਬ ਵਿਖੇ ਲਵਾਰਿਸ ਹਾਲਤ ਵਿਚ ਮਿਲੇ ਸਨ ਨੂੰ ਲੈਣ ਉਹਨਾਂ ਦੇ ਭਤੀਜੇ ਰੋਪੜ ਤੋਂ ਪੁਹੰਚੇ ਜਿਹਨਾਂ ਦੱਸਿਆ ਕਿ ਹਰੀ ਸਿੰਘ ਅਚਾਨਕ ਕਿਸੇ ਨੂੰ ਬਿਨਾ ਦੱਸੇ ਘਰੋਂ ਚਲੇ ਗਏ ਸਨ | ਲਾਲ ਸਿੰਘ ਮੋਤੀ (45 ਸਾਲ) ਜੋ ਕਿ ਪਰ੍ਭ ਆਸਰਾ ਸੰਸਥਾਂ ਦੇ ਕੋਲ ਲਾਵਾਰਿਸ ਹਾਲਤ ਵਿਚ ਮਿਲਿਆ ਸੀ, ਨੂੰ ਲੈਣ ਗੁਜਰਾਤ ਤੋਂ ਉਥੋਂ ਦੀ ਪੁਲਿਸ ਪੁਹੰਚੀ | ਸਲਾਉਦੀਨ (22 ਸਾਲ), ਜੋ ਕਿ ਅੰਬਾਲਾ ਵਿਖੇ ਲਾਵਾਰਿਸ ਹਾਲਤ ਵਿਚ ਮਿਲਿਆ ਸੀ, ਨੂੰ ਲੈਣ ਉਸਦਾ ਭਰਾ ਸਹਾਰਨਪੁਰ, ਯੂ.ਪੀ ਤੋਂ ਪਹੁੰਚਿਆ ਜਿਸਨੇ ਦੱਸਿਆ ਕਿ ਪਿਛਲੇ ਦੋ ਸਾਲਾਂ ਤੋਂ ਸਲਾਉਦੀਨ ਦਿਮਾਗੀ ਤੋਰ ਤੋਂ ਪ੍ਰੇਸ਼ਾਨ ਸੀ ਤੇ ਉਸਨੇ ਅਚਾਨਕ ਬਿਨਾ ਦੱਸੇ ਘਰ ਛੱਡ ਦਿਤਾ ਸੀ ਜਿਸਤੋਂ ਬਾਅਦ ਉਸਦੀ ਭਾਲ ਕੀਤੀ ਜਾ ਰਹੀ ਸੀ | ਇਸ ਮੌਕੇ ਆਪਣਿਆਂ ਨੂੰ ਮਿਲਕੇ ਵਾਰਸ ਬਹੁਤ ਖੁਸ਼ ਹੋਏ ਤੇ ਉਹਨਾਂ ਨੇ ਸੰਸਥਾਂ ਦੇ ਪ੍ਰਬੰਧਕਾਂ ਦਾ ਧੰਨਵਾਦ ਕੀਤਾ | ਸੰਸਥਾਂ ਦੇ ਪ੍ਰਬੰਧਕਾਂ ਵੱਲੋਂ ਵਾਰਸਾਂ ਦੀ ਸਨਾਖਤ ਕਰਨ ਉਪਰੰਤ ਨਾਗਰਿਕਾਂ ਨੂੰ ਉਹਨਾਂ ਦੇ ਵਾਰਸਾਂ ਦੇ ਸਪੁਰਦ ਕੀਤਾ ਗਿਆ |