ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ ਵੱਲੋਂ ਕੇਂਦਰੀ ਜੇਲ੍ਹ ਫ਼ਿਰੋਜ਼ਪੁਰ ਵਿਖੇ ਔਰਤਾਂ ਲਈ ਲਗਾਇਆ ਗਿਆ ਮੈਡੀਕਲ ਕੈਂਪ
ਚਾਹਵਾਨ ਔਰਤਾਂ ਨੂੰ ਦਿੱਤੀ ਜਾਵੇਗੀ ਸਿਲਾਈ ਕਢਾਈ ਦੀ ਸਿਖਲਾਈ- ਐਸ.ਕੇ. ਅਗਰਵਾਲ
5 Dariya News
ਫ਼ਿਰੋਜ਼ਪੁਰ 25-May-2018
ਕੇਂਦਰੀ ਜੇਲ੍ਹ ਫ਼ਿਰੋਜ਼ਪੁਰ ਵਿਖੇ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਕੈਦੀ/ਬੰਦੀ ਔਰਤਾਂ ਦੀ ਸਿਹਤ ਸਬੰਧੀ ਸਪੈਸ਼ਲ 10 ਦਿਨਾਂ ਦੀ ਮੁਹਿੰਮ ਚਲਾਈ ਗਈ ਸੀ ਜਿਸ ਦੇ ਅੱਜ ਆਖਰੀਲੇ ਦਿਨ ਮੈਡੀਕਲ ਕੈਂਪ ਲਗਾਇਆ ਗਿਆ। ਇਸ ਕੈਂਪ ਵਿੱਚ ਔਰਤਾਂ ਦੀ ਸਿਹਤ ਦਾ ਚੈੱਕਅੱਪ ਕੀਤਾ ਗਿਆ ਅਤੇ ਉਨ੍ਹਾਂ ਦੀਆਂ ਸਮੱਸਿਆਵਾਂ ਵੀ ਸੁਣੀਆਂ ਗਈਆਂ । ਇਸ ਸਬੰਧੀ ਜਾਣਕਾਰੀ ਦਿੰਦਿਆਂ ਸ੍ਰੀ. ਐਸ.ਕੇ.ਅਗਰਵਾਲ ਜ਼ਿਲ੍ਹਾ ਤੇ ਸੈਸ਼ਨ ਜੱਜ ਫਿਰੋਜ਼ਪੁਰ ਨੇ ਦੱਸਿਆ ਕਿ ਇਸ ਕੈਂਪ ਦਾ ਮੁੱਖ ਮਕਸਦ ਕੈਦੀ ਔਰਤਾਂ ਦੀਆਂ ਸਿਹਤ ਸਬੰਧੀ ਮੁਸ਼ਕਲਾਂ ਦਾ ਹੱਲ ਕਰਨਾ ਹੈ। ਉਨ੍ਹਾਂ ਦੱਸਿਆ ਕਿ ਜੋ ਔਰਤਾਂ ਕਿਸੇ ਵੀ ਬਿਮਾਰੀ ਤੋਂ ਪੀੜ੍ਹਤ ਹਨ ਉਨ੍ਹਾਂ ਦਾ ਚੈਕਅੱਪ ਕਰਕੇ ਇਲਾਜ ਕਰਵਾਇਆ ਜਾਵੇਗਾ। ਕੈਂਪ ਦੌਰਾਨ ਚਮੜੀ ਦੇ ਮਾਹਿਰ, ਅੱਖਾਂ ਦੇ ਮਾਹਿਰ, ਔਰਤ ਰੋਗਾਂ ਦੇ ਮਾਹਿਰ, ਹੱਡੀਆਂ ਦੇ ਮਾਹਿਰ ਆਦਿ ਡਾਕਟਰਾਂ ਦੁਆਰਾ ਮਰੀਜ਼ਾਂ ਦਾ ਚੈੱਕਅਪ ਕੀਤਾ ਗਿਆ। ਉਨ੍ਹਾਂ ਕਿਹਾ ਕਿ ਜੇਲ੍ਹ ਅੰਦਰ ਹੀ ਕੈਦੀ ਔਰਤਾਂ ਨੂੰ ਸਿਲਾਈ ਕਢਾਈ ਲਈ 1 ਜੂਨ 2018 ਤੋਂ 31 ਜੁਲਾਈ 2018 ਤੱਕ ਟ੍ਰੇਨਿੰਗ ਦਿੱਤੀ ਜਾਵੇਗੀ ਤਾਂ ਜੋ ਉਹ ਰਿਹਾਈ ਉਪਰੰਤ ਵਧੀਆ ਜੀਵਨ ਨਿਰਬਾਹ ਕਰ ਸਕਣ।
ਇਸ ਮੌਕੇ ਜੇਲ੍ਹ ਵਿੱਚ ਬੰਦ ਔਰਤਾਂ ਜਿੰਨ੍ਹਾਂ ਦੇ ਬੱਚੇ ਵੀ ਉਨ੍ਹਾਂ ਦੇ ਨਾਲ ਰਹਿ ਰਹੇ ਹਨ ਬਾਰੇ ਵੀ ਜੱਜ ਸਾਹਿਬ ਨੇ ਕਿਹਾ ਕਿ ਇਨ੍ਹਾਂ ਬੱਚਿਆਂ ਦੀ ਪੜ੍ਹਾਈ-ਲਿਖਾਈ, ਖ਼ੁਰਾਕ ਅਤੇ ਖੇਡਣ ਵਿਚ ਕਿਸੇ ਤਰ੍ਹਾਂ ਦੀ ਕੋਈ ਪ੍ਰੇਸ਼ਾਨੀ ਨਹੀਂ ਆਉਣ ਦਿੱਤੀ ਜਾਵੇਗੀ। ਉਨ੍ਹਾਂ ਨੇ ਅੱਜ ਬੱਚਿਆਂ ਦੇ ਖੇਡਣ ਅਤੇ ਖਾਣ-ਪੀਣ ਲਈ ਉਨ੍ਹਾਂ ਦੇ ਵੱਖਰੇ ਬਰਤਨ ਵੀ ਮੁਹੱਈਆ ਕਰਵਾਏ ਅਤੇ ਬੱਚਿਆਂ ਦੀਆਂ ਮਾਂਵਾਂ ਲਈ ਦੋ ਬੈੱਡ ਲਗਾਉਣ ਲਈ ਸਬੰਧਤ ਅਧਿਕਾਰੀਆਂ ਨੂੰ ਕਿਹਾ। ਉਨ੍ਹਾਂ ਸਾਰੀਆਂ ਕੈਦੀ ਔਰਤਾਂ ਨੂੰ ਇਹ ਪ੍ਰਣ ਲੈਣ ਲਈ ਕਿਹਾ ਕਿ ਉਹ ਜੋ ਵੀ ਗ਼ਲਤੀ ਕਾਰਨ ਸਜ਼ਾ ਕੱਟ ਰਹੀਆਂ ਹਨ ਅੱਗੇ ਤੋਂ ਸਜ਼ਾ ਕੱਟਣ ਉਪਰੰਤ ਆਪਣੀ ਜ਼ਿੰਦਗੀ ਵਿੱਚ ਇਸ ਤਰ੍ਹਾਂ ਦੀ ਕੋਈ ਗ਼ਲਤੀ ਨਹੀਂ ਕਰਨਗੀਆਂ। ਇਸ ਮੌਕੇ ਉਨ੍ਹਾਂ ਨੇ ਔਰਤਾਂ ਨੂੰ ਪੇਸ਼ ਆ ਰਹੀਆਂ ਮੁਸ਼ਕਲਾਂ ਵੀ ਸੁਣੀਆਂ। ਇਸ ਮੌਕੇ ਸਹਾਇਕ ਕਮਿਸ਼ਨਰ ਸ. ਰਣਜੀਤ ਸਿੰਘ , ਸੀ.ਜੇ.ਐਮ. ਸ. ਬਲਜਿੰਦਰ ਸਿੰਘ ਮਾਨ, ਸਿਵਲ ਸਰਜਨ ਸ. ਗੁਰਮਿੰਦਰ ਸਿੰਘ, ਜੇਲ੍ਹ ਸੁਪਰਡੈਂਟ ਸ. ਅਜਮੇਰ ਸਿੰਘ ਰਾਣਾ, ਡਾ. ਸੰਜੀਵ ਗੁਪਤਾ, ਡਾ. ਰਚਨਾ ਮਿੱਤਲ, ਡਾ. ਗੁਰਮੇਜ ਰਾਮ, ਡਾ. ਪ੍ਰਿਤਪਾਲ ਸਿੰਘ, ਡਾ. ਦਵਿੰਦਰ ਗਿੱਲ, ਡਾ. ਨਵੀਨ ਸੇਠੀ, ਡਾ. ਪੂਜਾ, ਡਾ. ਸੰਦੀਪ ਬਜਾਜ, ਡਾ. ਨਾਰੇਸ਼ ਖੰਨਾ ਤੇ ਐਨ.ਜੀ.ਓਜ਼. ਆਦਿ ਹਾਜ਼ਰ ਸਨ।