ਪੰਜਾਬ ਮੰਡੀ ਬੋਰਡ ਦੇ ਸੇਵਾਮੁਕਤ ਮੁਲਾਜ਼ਮਾਂ ਨੂੰ ਕੋਈ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ : ਲਾਲ ਸਿੰਘ
ਮੰਡੀ ਬੋਰਡ ਦੇ ਸੇਵਾਮੁਕਤ ਮੁਲਾਜ਼ਮ ਆਨਲਾਈਨ ਦੇ ਸਕਣਗੇ ਜੀਵਨ ਪ੍ਰਮਾਣ ਪੱਤਰ
5 Dariya News
ਐਸ.ਏ.ਐਸ. ਨਗਰ (ਮੁਹਾਲੀ) 25-May-2018
ਅਜੋਕੇ ਦੌਰ ਵਿੱਚ ਕੰਪਿਊਟਰੀ ਢਾਂਚਾ ਨਿੱਤ ਨਵੀਆਂ ਪੁਲਾਂਘਾਂ ਪੁੱਟ ਰਿਹਾ ਹੈ ਤੇ ਦਿਨ ਪ੍ਰਤੀ ਦਿਨ ਨਵੀਆਂ ਤਕਨੀਕਾਂ ਹੋਂਦ ਵਿੱਚ ਆਉਣ ਸਦਕਾ ਲੋਕਾਂ ਦਾ ਜੀਵਨ ਖੁਸ਼ਹਾਲ ਹੋ ਰਿਹਾ ਹੈ। ਮੰਡੀ ਬੋਰਡ ਵੱਲੋਂ ਵੀ ਸਮੇਂ ਦਾ ਹਾਣੀ ਬਣਦਿਆਂ, ਡਿਜੀਟਲ ਇੰਡੀਆ ਅਧੀਨ ਆਪਣੇ ਸਮੂਹ ਪੈਨਸ਼ਨਰਾਂ ਨੂੰ 'ਆਨ ਲਾਈਨ ਡਿਜੀਟਲ ਲਾਈਫ ਸਰਟੀਫਿਕੇਟ' ਰਾਹੀਂ ਜੀਵਨ ਪ੍ਰਮਾਣ ਪੱਤਰ ਜਮ੍ਹਾਂ ਕਰਵਾਉਣ ਦੀ ਸਹੂਲਤ ਦੇ ਕੇ ਇੱਕ ਨਵੀਂ ਸ਼ੁਰੂਆਤ ਕੀਤੀ ਹੈ। ਇਹ ਗੱਲ ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਸ.ਲਾਲ ਸਿੰਘ ਨੇ ਆਖੀ। ਇਸ ਸਬੰਧੀ ਵਿਸਥਾਰਤ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਹੁਣ ਪੰਜਾਬ ਮੰਡੀ ਬੋਰਡ ਦੇ ਸੇਵਾਮੁਕਤ ਮੁਲਾਜ਼ਮਾਂ ਨੂੰ ਪਹਿਲਾਂ ਵਾਂਙ ਹਰ ਸਾਲ ਮੁੱਖ ਦਫਤਰ ਵਿਖੇ ਆ ਕੇ ਆਪਣਾ ਲਾਈਫ ਸਰਟੀਫਿਕੇਟ ਦੇਣ ਦੀ ਜ਼ਰੂਰਤ ਨਹੀਂ ਪਵੇਗੀ। ਪੈਨਸ਼ਨਰ ਹੁਣ ਘਰ ਬੈਠੇ ਹੀ ਆਨ ਲਾਈਨ ਡਿਜੀਟਲ ਲਾਈਫ ਸਰਟੀਫਿਕੇਟ ਰਾਹੀਂ ਆਪਣਾ ਜੀਵਨ ਪ੍ਰਮਾਣ ਪੱਤਰ ਦਫਤਰ ਵਿਖੇ ਸਬਮਿਟ ਕਰ ਸਕਣਗੇ। ਆਨ ਲਾਈਨ ਸਬਮਿਸ਼ਨ ਨਾਲ ਦਫਤਰ ਦੀ ਕਾਰਜਕੁਸ਼ਲਤਾ ਵਧੇਗੀ ਅਤੇ ਸਮੇਂ ਦੀ ਬੱਚਤ ਹੋਵੇਗੀ। ਪੰਜਾਬ ਮੰਡੀ ਬੋਰਡ ਦੇ ਸਕੱਤਰ ਅਮਿਤ ਢਾਕਾ, ਆਈ.ਏ.ਐਸ. ਨੇ ਕਿਹਾ ਕਿ ਪੈਨਸ਼ਨਰ ਆਪਣਾ ਜੀਵਨ ਪ੍ਰਮਾਣ ਪੱਤਰ ਰਜਿਸਟਰਡ ਸਕੈਨਰ ਮਾਰਕੀਟ ਤੋਂ ਖ਼ਰੀਦ ਕੇ ਆਪਣੇ ਨਿੱਜੀ ਕੰਪਿਊਟਰਾਂ ਤੋਂ ਵੀ ਸਬਮਿਟ ਕਰ ਸਕਦੇ ਹਨ।ਪੰਜਾਬ ਮੰਡੀ ਬੋਰਡ ਦੇ ਅਧਿਕਾਰੀ ਦਲਵਿੰਦਰਜੀਤ ਸਿੰਘ, ਪੀ. ਸੀ. ਐਸ. ਜੁਆਇੰਟ ਡਾਇਰੈਕਟਰ (ਪ੍ਰਸ਼ਾਸਨ) ਅਤੇ ਯੂ. ਡੀ. ਐਸ. ਘੁੰਮਣ, ਚੀਫ ਜਨਰਲ ਮੈਨੇਜਰ (ਵਿਤ ਤੇ ਲੇਖਾ) ਨੇ ਵੀ ਸਾਂਝੇ ਤੌਰ 'ਤੇ ਦੱਸਿਆ ਕਿ ਬੋਰਡ ਦੇ ਪੈਨਸ਼ਨਰਾਂ ਨੂੰ ਕਿਸੇ ਵੀ ਕਿਸਮ ਦੀ ਮੁਸਕਿਲ ਪੇਸ਼ ਨਾ ਆਵੇ, ਇਸ ਗੱਲ ਦਾ ਖਾਸ ਧਿਆਨ ਰੱਖਿਆ ਜਾ ਰਿਹਾ ਹੈ। ਪੈਨਸ਼ਨਰ ਜੀਵਨ ਪ੍ਰਮਾਣ ਪੱਤਰ ਦੇਣ ਲਈ ਮੁੱਖ ਦਫਤਰ ਐਸ. ਏ. ਐਸ. ਨਗਰ ਤੋਂ ਇਲਾਵਾ ਆਪਣੇ ਨਜ਼ਦੀਕੀ ਜ਼ਿਲ੍ਹਾ ਮੰਡੀ ਦਫਤਰਾਂ, ਕਾਰਜਕਾਰੀ ਇੰਜਨੀਅਰਾਂ, ਮਾਰਕੀਟ ਕਮੇਟੀ ਦੇ ਦਫਤਰਾਂ ਜਾਂ ਪੰਜਾਬ ਸਰਕਾਰ ਵੱਲੋਂ ਸਥਾਪਿਤ ਕੀਤੇ ਸੇਵਾ ਕੇਂਦਰਾਂ ਜਾਂ ਕਾਮਨ ਸਰਵਿਸ ਸੈਂਟਰਾਂ ਤੋਂ ਮਦਦ ਲੈ ਸਕਦੇ ਹਨ।