5 Dariya News

ਭਾਰਤ ਦੇ ਰਾਸ਼ਟਰਪਤੀ ਡਾ. ਵਾਈਐੱਸ ਪਰਮਾਰ ਯੂਨੀਵਰਸਿਟੀ ਆਵ੍ ਹਾਰਟੀਕਲਚਰ ਐਂਡ ਫਾਰੈਸਟਰੀ ਦੀ 9ਵੀਂ ਕਾਨਵੋਕੇਸ਼ਨ ਵਿੱਚ ਸ਼ਾਮਲ ਹੋਏ

5 Dariya News

ਸੋਲਨ 21-May-2018

ਭਾਰਤ ਦੇ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਹਿਮਾਚਲ ਪ੍ਰਦੇਸ਼ ਦੇ ਸੋਲਨ ਵਿਖੇ ਅੱਜ (21 ਮਈ, 2018) ਡਾ. ਵਾਈਐੱਸ ਪਰਮਾਰ ਯੂਨੀਵਰਸਿਟੀ ਆਵ੍ ਹਾਰਟੀਕਲਚਰ ਐਂਡ ਫਾਰੈਸਟਰੀ ਦੀ 9ਵੀਂ ਕਾਨਵੋਕੇਸ਼ਨ ਵਿੱਚ ਸ਼ਾਮਲ ਹੋਏ ਅਤੇ ਸੰਬੋਧਨ ਕੀਤਾ।ਇਸ ਮੌਕੇ ਤੇ ਬੋਲਦੇ ਹੋਏ ਰਾਸ਼ਟਰਪਤੀ ਨੇ ਨੋਟ ਕੀਤਾ ਕਿ ਡਾ. ਵਾਈਐੱਸ ਪਰਮਾਰ ਯੂਨੀਵਰਸਿਟੀ ਨੂੰ ਏਸ਼ੀਆ ਵਿੱਚ ਪਹਿਲੀ ਬਾਗਬਾਨੀ ਯੂਨੀਵਰਸਿਟੀ ਹੋਣ ਦਾ ਮਾਣ ਹਾਸਲ ਹੈ। ਉਨ੍ਹਾਂ ਕਿਹਾ ਕਿ ਬਾਗਬਾਨੀ ਅਤੇ ਜੰਗਲਾਤ ਵਿੱਚ ਖੋਜ ਦੀ ਪਹਾੜੀ ਖੇਤਰਾਂ ਵਿੱਚ ਵੱਸਦੇ ਕਿਸਾਨਾਂ, ਜਿਵੇਂ ਕਿ ਹਿਮਾਚਲ ਪ੍ਰਦੇਸ਼ ਵਿੱਚ ਹੈ, ਲਈ ਵਿਸ਼ੇਸ਼ ਅਹਿਮੀਅਤ ਹੈ। ਪਿਛਲੇ ਤਿੰਨ ਦਹਾਕਿਆਂ ਵਿੱਚ ਡਾ. ਵਾਈਐੱਸ ਪਰਮਾਰ ਯੂਨੀਵਰਸਿਟੀ ਨੇ ਬਾਗਬਾਨੀ ਅਤੇ ਜੰਗਲਾਤ ਨੂੰ ਅੱਗੇ ਵਧਾਉਣ ਵਿੱਚ ਵਿਸ਼ੇਸ਼ ਭੂਮਿਕਾ ਨਿਭਾਈ ਹੈ।ਰਾਸ਼ਟਰਪਤੀ ਨੇ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੂੰ ਖੇਤੀ ਖੇਤਰ ਵਿੱਚ ਸਿੱਖਿਆ ਦੀ ਚੋਣ ਕਰਨ ਉੱਤੇ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਇਹ ਖੇਤਰ ਕਿਸਾਨਾਂ, ਦਿਹਾਤੀ ਭਾਈਚਾਰੇ ਅਤੇ ਸਾਰੇ ਦੇਸ਼ ਦੀ ਖੁਸ਼ਹਾਲੀ ਨਾਲ ਜੁੜਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਉਹ ਮੰਨਦੇ ਹਨ ਕਿ ਇਸ ਯੂਨੀਵਰਸਿਟੀ ਦਾ ਹਰ ਵਿਦਿਆਰਥੀ ਅਤੇ ਅਧਿਆਪਕ ਹਿਮਾਚਲ ਪ੍ਰਦੇਸ਼ ਅਤੇ ਦੇਸ਼ ਦੇ ਹੋਰ ਹਿੱਸਿਆਂ ਦੇ ਕਿਸਾਨਾਂ ਦਾ ਤਕਨੀਕੀ ਤੌਰ ਤੇ ਲੈਸ ਮਿੱਤਰ ਅਤੇ ਭਾਈਵਾਲ ਹੈ। ਗ੍ਰੈਜੂਏਟਿੰਗ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਰਾਸ਼ਟਰਪਤੀ ਨੇ ਕਿਹਾ ਕਿ ਉਨ੍ਹਾਂ ਦੀ ਪੜ੍ਹਾਈ ਦਾ ਟੀਚਾ ਸਿਰਫ ਨੌਕਰੀ ਹਾਸਲ ਕਰਨਾ ਹੀ ਨਹੀਂ ਹੋਣਾ ਚਾਹੀਦਾ, ਉਹ ਆਪਣੀ ਮੁਹਾਰਤ ਅਤੇ ਵਿੱਦਿਆ ਦੀ ਵਰਤੋਂ ਕਰ ਕੇ ਆਪਣੇ ਅਦਾਰੇ ਖੋਲ੍ਹ ਸਕਦੇ ਹਨ। ਫਲਾਂ ਅਤੇ ਸਬਜ਼ੀਆਂ ਦੀ ਪ੍ਰੋਸੈਸਿੰਗ ਦੇ ਖੇਤਰ ਵਿੱਚ ਵਿਸ਼ਾਲ ਸਮਰੱਥਾ ਮੌਜੂਦ ਹੈ। ਆਪਣੇ ਗਿਆਨ ਅਤੇ ਉੱਦਮ ਨਾਲ ਇਸ ਯੂਨੀਵਰਸਿਟੀ ਦੇ ਵਿਦਿਆਰਥੀ ਦੇਸ਼ ਅਤੇ ਵਿਦੇਸ਼ ਦੇ ਖਪਤਕਾਰਾਂ ਲਈ ਵਧੀਆ ਖੁਰਾਕ ਉਤਪਾਦ ਹਾਸਲ ਕਰਨ ਵਿੱਚ ਅਤੇ ਕਿਸਾਨਾਂ ਦੀ ਉਨ੍ਹਾਂ ਦੀ ਉਪਜ ਦਾ ਚੰਗਾ ਮੁੱਲ ਹਾਸਲ ਕਰਨ ਵਿੱਚ ਮਦਦ ਕਰ ਸਕਦੇ ਹਨ। ਉਨ੍ਹਾਂ ਵਿਦਿਆਰਥੀਆਂ ਨੂੰ ਬੇਨਤੀ ਕੀਤੀ ਕਿ ਉਹ ਖੇਤੀ ਖੇਤਰ ਵਿੱਚ ਆਪਣੇ ਵਪਾਰ ਦੀ ਸਥਾਪਨਾ ਲਈ ਕੇਂਦਰ ਅਤੇ ਸੂਬਾ ਸਰਕਾਰਾਂ ਦੀਆਂ ਵੱਖ ਵੱਖ ਸਕੀਮਾਂ ਅਤੇ ਪਹਿਲਕਦਮੀਆਂ ਦਾ ਫਾਇਦਾ ਉਠਾਉਣ।