5 Dariya News

ਐਮ.ਆਰ. ਦੇ ਟੀਕੇ ਤੋਂ ਕੋਈ ਵੀ ਬੱਚਾ ਵਾਂਝਾ ਨਾ ਰਹੇ, 50 ਫ਼ੀਸਦੀ ਟੀਚਾ ਪਾਰ : ਡਾ. ਰੀਟਾ ਭਾਰਦਵਾਜ

ਸਿਵਲ ਸਰਜਨ ਵਲੋਂ ਕਈ ਸਕੂਲਾਂ ਦਾ ਦੌਰਾ

5 Dariya News

ਐਸ.ਏ.ਐਸ. ਨਗਰ (ਮੁਹਾਲੀ) 21-May-2018

ਇਕ ਮਈ ਤੋਂ ਸ਼ੁਰੂ ਹੋਈ ਸੂਬਾ ਪੱਧਰੀ ਖਸਰਾ ਤੇ ਰੁਬੈਲਾ ਰੋਕਥਾਮ ਟੀਕਾਕਰਨ ਮੁੰਹਿਮ ਤਹਿਤ ਸਿਵਲ ਸਰਜਨ ਡਾ. ਰੀਟਾ ਭਾਰਦਵਾਜ ਨੇ ਅੱਜ ਜ਼ਿਲ੍ਹਾ ਮੋਹਾਲੀ ਅਧੀਨ ਪੈਂਦੇ ਡੇਰਾਬਸੀ ਬਲਾਕ ਵਿਚ ਟੀਕਾਕਰਨ ਮੁਹਿੰਮ ਦੀ ਪ੍ਰਗਤੀ ਦਾ ਜਾਇਜ਼ਾ ਲਿਆ। ਇਸ ਮੌਕੇ ਸਿਹਤ ਅਧਿਕਾਰੀਆਂ ਨੂੰ ਹਦਾਇਤ ਦਿੰਦਿਆਂ ਡਾ. ਭਾਰਦਵਾਜ ਨੇ ਕਿਹਾ ਕਿ ਜ਼ਿਲ੍ਹੇ ਵਿਚ ਕੋਈ ਵੀ ਬੱਚਾ ਟੀਕਾਕਰਨ ਤੋਂ ਵਾਂਝਾ ਨਹੀਂ ਰਹਿਣਾ ਚਾਹੀਦਾ ਕਿਉਂਕਿ ਬੱਚਿਆਂ ਦੇ ਤੰਦਰੁਸਤ ਭਵਿੱਖ ਲਈ ਐਮ.ਆਰ. ਟੀਕਾ ਬਹੁਤ ਜ਼ਰੂਰੀ ਹੈ। ਟੀਕਾਕਰਨ ਮੁਹਿੰਮ ਦੀ ਪ੍ਰਗਤੀ 'ਤੇ ਤਸੱਲੀ ਪ੍ਰਗਟ ਕਰਦਿਆਂ ਸਿਵਲ ਸਰਜਨ ਨੇ ਕਿਹਾ ਕਿ ਜ਼ਿਲ੍ਹੇ ਵਿਚ ਟੀਕਾਕਰਨ ਮੁਹਿੰਮ ਪੂਰੀ ਸਫ਼ਲਤਾ ਨਾਲ ਚੱਲ ਰਹੀ ਹੈ ਅਤੇ ਸਿਹਤ ਕਾਮੇ ਹਰ ਰੋਜ਼ ਭਾਰੀ ਗਿਣਤੀ ਵਿਚ ਬੱਚਿਆਂ ਨੂੰ ਐਮ.ਆਰ. ਦੇ ਟੀਕੇ ਲਾ ਰਹੇ ਹਨ।    ਡਾ. ਭਾਰਦਵਾਜ ਨੇ ਧਰਮਗੜ੍ਹ ਦੇ ਸਰਕਾਰੀ ਸਕੂਲ, ਡੇਰਾਬੱਸੀ ਦੇ ਗਲੋਬਲ ਇੰਟਰਨੈਸ਼ਨਲ ਸਕੂਲ ਸਮੇਤ ਕਈ ਸਕੂਲਾਂ ਵਿਚ ਜਾ ਕੇ ਟੀਕਾਕਰਨ ਦਾ ਜਾਇਜ਼ਾ ਲਿਆ ਅਤੇ ਟੀਕੇ ਲਗਵਾਉਣ ਵਾਲੇ ਬੱਚਿਆਂ ਤੇ ਅਧਿਆਪਕਾਂ ਨਾਲ ਗੱਲਬਾਤ ਕੀਤੀ। ਉਨ੍ਹਾਂ ਸਿਹਤ ਅਧਿਕਾਰੀਆਂ ਨੂੰ ਕਿਹਾ ਕਿ ਉਹ ਅਪਣੀ ਨਿਗਰਾਨੀ ਹੇਠ 9 ਮਹੀਨੇ ਤੋਂ ਲੈ ਕੇ 15 ਸਾਲ ਤਕ ਦੇ ਬੱਚਿਆਂ ਨੂੰ ਟੀਕੇ ਲਗਵਾਉਣ ਅਤੇ ਜੇ ਕਿਸੇ ਵੀ ਤਰ੍ਹਾਂ ਦੀ ਕੋਈ ਮੁਸ਼ਕਲ ਆਉਂਦੀ ਹੈ ਤਾਂ ਤੁਰਤ ਉਨ੍ਹਾਂ ਦੇ ਧਿਆਨ ਵਿਚ ਲਿਆਂਦੀ ਜਾਵੇ। 

ਸਿਵਲ ਸਰਜਨ ਨੇ ਦਸਿਆ ਕਿ ਜ਼ਿਲ੍ਹਾ ਮੋਹਾਲੀ ਵਿਚ ਅੱਜ ਤਕ   1,65253  ਬੱਚਿਆਂ ਨੂੰ ਐਮ.ਆਰ. ਦੇ ਟੀਕੇ ਲਾਏ ਜਾ ਚੁਕੇ ਹਨ ਅਦੇ ਜ਼ਿਲ੍ਹੇ ਵਿਚ ਲਗਭਗ ਤਿੰਨ ਲੱਖ ਬੱਚਿਆਂ ਨੂੰ ਐਮ.ਆਰ. ਦੇ ਟੀਕੇ ਲਾਉਣ ਦਾ ਟੀਚਾ ਹੈ। ਉਨ੍ਹਾਂ ਕਿਹਾ ਕਿ ਟੀਕਾ ਲੱਗਣ ਮਗਰੋਂ ਕਿਸੇ ਵੀ ਬੱਚੇ ਨੂੰ ਕਿਸੇ ਵੀ ਤਰ੍ਹਾਂ ਦੀ ਪ੍ਰੇਸ਼ਾਨੀ ਦਾ ਸਾਹਮਣਾ ਨਹੀਂ ਕਰਨਾ ਪਿਆ। ਸਿਹਤ ਕਾਮਿਆਂ ਦੀਆਂ ਟੀਮਾਂ ਹਰ ਰੋਜ਼ ਸਰਕਾਰੀ ਤੇ ਨਿਜੀ ਸਕੂਲਾਂ ਅਤੇ ਆਊਟਰੀਚ ਕੇਂਦਰਾਂ ਵਿਚ ਜਾ ਕੇ ਬੱਚਿਆਂ ਨੂੰ ਐਮ.ਆਰ. ਦੇ ਟੀਕੇ ਲਾ ਰਹੀਆਂ ਹਨ। ਮੁਹਿੰਮ ਨੂੰ ਸਫ਼ਲ ਬਣਾਉਣ ਲਈ ਜ਼ਿਲ੍ਹੇ ਵਿਚ  688 ਸਿਹਤ ਕਾਮਿਆਂ ਦੀਆਂ 172 ਟੀਮਾਂ ਦੀਆਂ ਡਿਊਟੀਆਂ ਲਗਾਈਆਂ ਗਈਆਂ ਹਨ ਅਤੇ 80 ਸੁਪਰਵਾਇਜ਼ਰ ਮੁਹਿੰਮ ਦੀ ਦੇਖ-ਰੇਖ ਕਰ ਰਹੇ ਹਨ। ਡਾ. ਭਾਰਦਵਾਜ ਨੇ ਦਸਿਆ ਕਿ ਡੇਰਾਬੱਸੀ, ਘੜੂੰਆਂ ਅਤੇ ਬੂਥਗੜ੍ਹ ਬਲਾਕਾਂ ਨਾਲ ਸਬੰਧਤ ਸਾਰੇ ਸਿਹਤ ਅਧਿਕਾਰੀ ਆਪੋ-ਅਪਣੇ ਖੇਤਰ ਦੇ ਸਕੂਲਾਂ, ਪਿੰਡਾਂ ਅਤੇ ਹੋਰ ਅਹਿਮ ਥਾਵਾਂ 'ਤੇ ਜਾ ਕੇ ਲੋਕਾਂ ਨੂੰ ਇਸ ਟੀਕੇ ਦੀ ਅਹਿਮੀਅਤ ਤੋਂ ਜਾਣੂੰ ਕਰਵਾ ਰਹੇ ਹਨ। ਇਸ ਤੋਂ ਇਲਾਵਾ ਮੀਡੀਆ ਦੇ ਵੱਖ ਵੱਖ ਸਾਧਨਾਂ ਰਾਹੀਂ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਐਮ.ਆਰ. ਟੀਕੇ ਬਾਰੇ ਫੈਲਾਈਆਂ ਜਾ ਰਹੀਆਂ ਅਫ਼ਵਾਹਾਂ 'ਤੇ ਬਿਲਕੁਲ ਵੀ ਯਕੀਨ ਨਾ ਕਰਨ। ਇਸ ਮੌਕੇ ਉਨ੍ਹਾਂ ਨਾਲ ਜ਼ਿਲ੍ਹਾ ਟੀਕਾਕਰਨ ਅਫ਼ਸਰ ਡਾ. ਵੀਨਾ ਜ਼ਰੇਵਾਲ, ਐਸਐਮਓ ਡੇਰਾਬੱਸੀ ਡਾ. ਸੰਗੀਤਾ ਜੈਨ ਅਤੇ ਹੋਰ ਅਧਿਕਾਰੀ ਵੀ ਸਨ।