5 Dariya News

ਜ਼ਿਲ੍ਹੇ ਵਿਚ ਪੀੜਤ ਔਰਤਾਂ ਦੀ ਸਹਾਇਤਾ ਲਈ 'ਵਨ ਸਟਾਪ ਸੈਂਟਰ' ਦੀ ਸਥਾਪਨਾ ਕੀਤੀ ਜਾਵੇਗੀ : ਗੁਰਪ੍ਰੀਤ ਕੌਰ ਸਪਰਾ

ਸੈਂਟਰ ਹਿੰਸਾਂ ਦਾ ਸ਼ਿਕਾਰ ਔਰਤਾਂ ਦੀ ਸਹਾਇਤਾ ਲਈ ਹੋਵੇਗਾ ਵਰਦਾਨ ਸਾਬਿਤ

5 Dariya News

ਐਸ.ਏ.ਐਸ. ਨਗਰ (ਮੁਹਾਲੀ) 21-May-2018

ਇਸਤਰੀ ਤੇ ਬਾਲ ਵਿਕਾਸ ਵਿਭਾਗ ਪੰਜਾਬ ਵੱਲੋਂ ਜ਼ਿਲ੍ਹੇ ਵਿਚ  ਕਿਸੇ ਵੀ ਪ੍ਰਕਾਰ ਦੀ ਹਿੰਸਾ/ਘਰੇਲੂ ਹਿੰਸਾ, ਜਿਣਸੀ ਅਤੇ ਸਰੀਰਕ ਸੋਸ਼ਣ, ਤੇਜਾਬੀ ਹਮਲਾ, ਅਤੇ ਛੇੜਛਾੜ ਆਦਿ ਤੋਂ ਪੀੜਤ ਔਰਤਾਂ ਨੂੰ ਅਸਥਾਈ ਆਸਰਾ ਅਤੇ ਮੁਫਤ ਕਾਨੂੰਨੀ ਸਹਾਇਤਾ, ਪੁਲਿਸ ਸਹਾਇਤਾ, ਕਾਊਂਸਲਿੰਗ ਅਤੇ ਹੋਰ ਸੇਵਾਵਾਂ ਦੇਣ ਲਈ ਸਿਵਲ ਹਸਪਤਾਲ ਫੇਜ਼-6 ਵਿਖੇ 'ਵਨ ਸਟਾਪ ਸੈਂਟਰ ਦੀ ਸਥਾਪਨਾ ਕੀਤੀ ਜਾਵੇਗੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਗੁਰਪ੍ਰੀਤ ਕੌਰ ਸਪਰਾ ਨੇ ਦੱਸਿਆ ਕਿ ਸੈਂਟਰ ਲਈ ਕੋਈ ਵੀ ਨਾਮਵਰ ਗੈਰ ਸਰਕਾਰੀ ਸੰਸਥਾ, ਵਿਅਕਤੀ ਵਿਸੇਸ਼  ਇਸ ਸੈਂਟਰ ਦੇ ਰੱਖ ਰਖਾਵ ਅਤੇ ਹੋਰ ਸਹਾਇਤਾ ਵਿਚ ਆਪਣਾ ਯੋਗਦਾਨ ਪਾ ਸਕਦੇ ਹਨ।  ਇਸ ਸੈਂਟਰ ਨੂੰ ਚਲਾਊਣ ਲਈ ਸਿਵਲ ਸੁਸਾਇਟੀ ਦੇ ਮੈਂਬਰ ਵੀ ਨਾਮਜਦ ਕੀਤੇ ਜਾਣਗੇ। ਸ੍ਰੀਮਤੀ ਸਪਰਾ ਨੇ ਦੱਸਿਆ ਕਿ ਔਰਤਾਂ ਦੀ ਭਲਾਈ ਵਿਚ ਰੁਚੀ ਰੱਖਣ ਵਾਲੇ ਸੰਗਠਨ, ਸੰਸਥਾਵਾਂ, ਵਿਅਕਤੀ ਵਿਸੇਸ਼, ਕਿਸੇ ਵੀ ਪ੍ਰਕਾਰ ਦੀ ਹਿੰਸਾ ਤੋਂ ਪੀੜ੍ਹਤ ਔਰਤਾਂ ਦੀ ਸਹਾਇਤਾ ਲਈ ਖੋਲੇ ਜਾਣ ਵਾਲੇ, ਇਸ ਸੈਂਟਰ ਵਿਚ ਆਪਣਾ ਯੋਗਦਾਨ ਪਾਉਣ ਦੀ ਇੱਛਾ ਰੱਖਣ ਵਾਲੇ ਜਾਂ ਆਪਣੀਆਂ ਸੇਵਾਵਾਂ ਦੇਣ ਦੇ ਚਾਹਵਾਨ ਹੋਣ ਤਾਂ ਉਹ ਆਪਣੀ ਸੰਸਥਾ ਦਾ ਪੂਰਾ ਵੇਰਵਾ ਅਤੇ ਸਮਾਜ ਭਲਾਈ ਲਈ ਪਾਏ ਯੋਗਦਾਨ ਸਬੰਧੀ ਵੇਰਵੇ ਸਮੇਤ ਅਰਜ਼ੀਆਂ  ਜ਼ਿਲ੍ਹਾ ਪ੍ਰੋਗਰਾਮ ਅਫਸਰ ਐਸ.ਏ.ਐਸ.ਨਗਰ ਦੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਸਥਿਤ ਦਫਤਰ ਦੇ ਕਮਰਾ ਨੰਬਰ-532,ਚੌਥੀ ਮੰਜਿਲ ਸੈਕਟਰ 76 ਐਸ.ਏ.ਐਸ. ਨਗਰ ਵਿਖੇ ਭੇਜ ਸਕਦੇ ਹਨ। ਜ਼ਿਲ੍ਹਾ ਪ੍ਰੋਗਰਾਮ ਅਫਸਰ ਸ੍ਰੀਮਤੀ ਸੁਮਨਦੀਪ ਕੌਰ ਨੇ ਦੱਸਿਆ ਕਿ ਵਨ ਸਟਾਪ ਸੈਂਟਰ ਡਿਪਟੀ ਕਮਿਸ਼ਨਰ ਦੀ ਰਹਿਨੁਮਾਈ ਹੇਠ ਸਮਾਜ ਸੇਵੀਆਂ ਦੇ ਸਹਿਯੋਗ ਨਾਲ ਸਫਲਤਾ ਪੂਰਵਕ ਚਲਾਇਆ ਜਾਵੇਗਾ।