5 Dariya News

ਡਿਪਟੀ ਕਮਿਸ਼ਨਰ ਵੱਲੋਂ ਬੱਚਿਆਂ ਨੂੰ ਖ਼ਸਰੇ ਤੇ ਰੁਬੈਲਾ ਵਰਗੀ ਬਿਮਾਰੀ ਤੋਂ ਬਚਾਉਣ ਲਈ ਸਿਹਤ ਵਿਭਾਗ ਅਤੇ ਸਿੱਖਿਆ ਵਿਭਾਗ ਨਾਲ ਮੀਟਿੰਗ ਦਾ ਆਯੋਜਨ

ਸਮੂਹ ਸਕੂਲਾਂ ਵਿੱਚ ਬੱਚਿਆਂ ਦੇ ਮਾਤਾ-ਪਿਤਾ ਨਾਲ ਮੀਟਿੰਗਾਂ ਕਰਕੇ ਕੀਤਾ ਜਾਵੇ ਜਾਗਰੂਕ-ਰਾਮਵੀਰ

5 Dariya News

ਫ਼ਿਰੋਜ਼ਪੁਰ 21-May-2018

ਡਿਪਟੀ ਕਮਿਸ਼ਨਰ ਰਾਮਵੀਰ ਆਈ.ਏ.ਐੱਸ. ਵੱਲੋਂ ਖ਼ਸਰਾ ਅਤੇ ਰੁਬੈਲਾ ਵਰਗੀ ਭਿਆਨਕ ਬਿਮਾਰੀ ਤੋਂ ਬੱਚਿਆਂ ਨੂੰ ਬਚਾਉਣ ਸਬੰਧੀ ਜ਼ਿਲ੍ਹੇ ਦੇ ਸਿਹਤ ਵਿਭਾਗ ਅਤੇ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਗਈ। ਜਿਸ ਵਿੱਚ ਉਨ੍ਹਾਂ ਵੱਲੋਂ ਬੱਚਿਆਂ ਦੇ ਮਾਤਾ-ਪਿਤਾ ਨਾਲ ਸਕੂਲ ਵਿੱਚ ਮੀਟਿੰਗਾਂ ਕਰਕੇ ਉਨ੍ਹਾਂ ਨੂੰ ਐੱਮ.ਆਰ.ਟੀਕਾਕਰਨ ਸਬੰਧੀ ਵੱਧ ਤੋਂ ਵੱਧ ਜਾਗਰੂਕ ਕਰਨ ਲਈ ਕਿਹਾ ਗਿਆ।  ਇਸ ਮੌਕੇ ਸਿਵਲ ਸਰਜਨ ਡਾ.ਗੁਰਮਿੰਦਰ ਸਿੰਘ ਵੀ ਹਾਜ਼ਰ ਸਨ। ਡਿਪਟੀ ਕਮਿਸ਼ਨਰ ਸ੍ਰੀ. ਰਾਮਵੀਰ ਵੱਲੋਂ ਸਿੱਖਿਆ ਵਿਭਾਗ ਅਤੇ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਆਦੇਸ਼ ਦਿੱਤੇ ਗਏ ਕਿ ਮੀਜ਼ਲ ਰੁਬੇਲਾ ਟੀਕਾਕਰਨ ਸਬੰਧੀ ਬੱਚਿਆਂ ਦੇ ਮਾਪਿਆਂ ਨੂੰ ਵੱਧ ਤੋਂ ਵੱਧ ਜਾਗਰੂਕ ਕੀਤਾ ਜਾਵੇ ਤਾਂ ਜੋ ਉਹ ਆਪਣੇ ਬੱਚਿਆਂ ਨੂੰ ਵੱਧ ਤੋਂ ਵੱਧ ਇਹ ਟੀਕਾਕਰਨ ਕਰਵਾਉਣ। ਉਨ੍ਹਾਂ ਦੱਸਿਆ ਕਿ ਅਧਿਆਪਕ ਆਪਣੀ ਭੂਮਿਕਾ ਬਾਖ਼ੂਬੀ ਨਾਲ ਨਿਭਾਉਣ ਅਤੇ ਸੋਸ਼ਲ ਮੀਡੀਆ ਤੇ ਫੈਲੀਆਂ ਅਫ਼ਵਾਹਾਂ ਦਾ ਖੰਡਨ ਕਰਦੇ ਹੋਏ ਬੱਚਿਆਂ ਨੂੰ ਇਸ ਵੈਕਸੀਨੇਸ਼ਨ ਦੇ ਲਾਭਾਂ ਪ੍ਰਤੀ ਜਾਗਰੂਕ ਅਤੇ ਪ੍ਰੇਰਿਤ ਕਰਕੇ ਲੋੜ ਅਨੁਸਾਰ ਬੱਚਿਆਂ ਦੇ ਮਾਤਾ ਪਿਤਾ ਨੂੰ ਵੀ ਪ੍ਰੇਰਿਤ ਕਰਨ। ਉਨ੍ਹਾਂ ਕਿਹਾ ਕਿ ਬੱਚਿਆਂ ਦੇ ਮਾਤਾ-ਪਿਤਾ ਨੂੰ ਸਕੂਲਾਂ ਵਿੱਚ ਇਹ ਦੱਸਿਆ ਜਾਵੇ ਕਿ ਇਹ ਟੀਕਾ ਡਬਲਿਊ. ਐੱਚ. ਓ. ਤੋਂ ਪ੍ਰਮਾਣਿਤ ਹੈ ਅਤੇ ਬਿਲਕੁਲ ਸੇਫ਼ ਹੈ ਅਤੇ ਇਸ ਦਾ ਮਨੁੱਖੀ ਸਰੀਰ ਤੇ ਕੋਈ ਮਾੜਾ ਪ੍ਰਭਾਵ ਨਹੀਂ ਪੈਂਦਾ। ਕੁੱਝ ਸਮਾਜ ਵਿਰੋਧੀ ਅਨਸਰਾਂ ਵੱਲੋਂ ਮੀਜ਼ਲ ਰੁਬੇਲਾ ਟੀਕਾਕਰਨ ਸਬੰਧੀ ਅਫ਼ਵਾਹਾਂ ਫੈਲਾਈਆਂ ਜਾ ਰਹੀਆਂ ਹਨ ਜੋ ਕਿ ਬਿਲਕੁਲ ਗ਼ਲਤ ਹਨ।  ਉਨ੍ਹਾਂ ਦੱਸਿਆ ਕਿ ਭਾਰਤ ਸਰਕਾਰ ਵੱਲੋਂ 2020 ਤੱਕ ਖ਼ਸਰੇ ਦੀ ਬਿਮਾਰੀ ਨੂੰ ਖ਼ਤਮ ਕਰਨ ਅਤੇ ਰੁਬੇਲਾ (ਜਰਮਨ ਮੀਜ਼ਲ) ਦੀ ਬਿਮਾਰੀ ਤੇ ਕਾਬੂ ਪਾਉਣ ਦਾ ਟੀਚਾ ਮਿਥਿਆ ਗਿਆ ਹੈ ਅਤੇ ਇਸ ਟੀਚੇ ਨੂੰ ਪੂਰਾ ਕਰਨ ਲਈ ਜੂਨ ਦੀਆਂ ਛੁੱਟੀਆਂ ਤੋਂ ਪਹਿਲਾਂ ਸਾਰੇ ਬੱਚਿਆਂ ਨੂੰ ਇਹ ਟੀਕਾਕਰਨ ਕੀਤਾ ਜਾਵੇ। 

ਇਸ ਤੋਂ ਇਲਾਵਾ ਉਨ੍ਹਾ ਦੱਸਿਆ ਕਿ ਖ਼ਸਰਾ ਅਤੇ ਰੁਬੈਲਾ ਟੀਕਾਕਰਨ ਮੁਹਿੰਮ ਵਿੱਚ ਫ਼ਿਰੋਜ਼ਪੁਰ ਵਾਸੀਆਂ ਵੱਲੋਂ ਭਰਵਾ ਹੁੰਗਾਰਾ ਮਿਲਣਾ ਸ਼ੁਰੂ ਹੋ ਗਿਆ ਹੈ।ਡਾ. ਗੁਰਮਿੰਦਰ ਸਿੰਘ ਸਿਵਲ ਸਰਜਨ ਫ਼ਿਰੋਜ਼ਪੁਰ ਨੇ ਦੱਸਿਆ ਕਿ ਖ਼ਸਰਾ ਰੋਗ ਦੇ ਖ਼ਾਤਮੇ ਅਤੇ ਰੁਬੇਲਾ ਨੂੰ ਕਾਬੂ ਕਰਨ ਲਈ 9 ਮਹੀਨੇ ਤੋਂ 15 ਸਾਲ ਦੇ ਬੱਚਿਆਂ ਨੂੰ ਇਹ ਟੀਕਾ ਲਗਵਾਉਣਾ ਬਹੁਤ ਜ਼ਰੂਰੀ ਹੈ ਕਿਉਂਕਿ ਖ਼ਸਰਾ ਇੱਕ ਵਾਇਰਲ ਬਿਮਾਰੀ ਹੈ ਜਿਸ ਨਾਲ ਕਈ ਬੱਚਿਆਂ ਦੀਆਂ ਮੌਤਾਂ ਹੋ ਜਾਂਦੀਆਂ ਹਨ ਅਤੇ ਇਸੇ ਤਰਾਂ ਰੁਬੈਲਾ ਵੀ ਵਾਇਰਲ ਵਾਂਗ ਹੈ ਜੋ ਗਰਭਵਤੀ ਔਰਤ ਨੂੰ ਜੇਕਰ ਗਰਭ ਦੇ ਪਹਿਲੇ ਤਿੰਨ ਮਹੀਨਿਆਂ ਵਿੱਚ ਹੋ ਜਾਵੇ ਤਾਂ ਬੱਚੇ ਵਿੱਚ ਜਮਾਂਦਰੂ ਰੋਗ ਹੋਣ ਦਾ ਖ਼ਤਰਾ ਹੁੰਦਾ ਹੈ। ਉਨ੍ਹਾਂ ਇਸ ਮੁਹਿੰਮ ਨੂੰ ਸਫਲ ਕਰਨ ਲਈ ਜ਼ਿਲ੍ਹੇ ਦੇ ਲੋਕਾਂ ਤੋਂ ਸਹਿਯੋਗ ਦੀ ਮੰਗ ਕਰਦਿਆਂ ਕਿਹਾ ਕਿ ਲੋਕਾਂ ਦੀ ਸਹਿਯੋਗ ਤੋਂ ਬਿਨਾਂ ਕੋਈ ਵੀ ਮੁਹਿੰਮ ਸਫਲ ਨਹੀਂ ਹੋ ਸਕਦੀ ਇਸ ਲਈ ਜ਼ਿਲ੍ਹੇ ਦੇ ਸਮੂਹ ਨਾਗਰਿਕ ਸਿਹਤ ਵਿਭਾਗ ਨੂੰ ਖ਼ਸਰਾ ਤੇ ਰੁਬੇਲਾ ਵਰਗੀਆਂ ਬਿਮਾਰੀਆਂ ਦੇ ਖ਼ਾਤਮੇ ਸਬੰਧੀ ਟੀਕਾਕਰਨ ਵਿਚ ਪੂਰਨ ਸਹਿਯੋਗ ਦੇਣ ਅਤੇ ਆਪਣੇ  ਬੱਚਿਆਂ ਨੂੰ ਸਮੇਂ-ਸਿਰ ਇਹ ਟੀਕਾਕਰਨ ਜ਼ਰੂਰ ਕਰਵਾਉਣ।ਇਸ ਮੌਕੇ ਐੱਸ.ਡੀ.ਐੱਮ. ਸ੍ਰ. ਹਰਜੀਤ ਸਿੰਘ ਸੰਧੂ,  ਜ਼ਿਲ੍ਹਾ ਟੀਕਾਕਰਨ ਅਫ਼ਸਰ ਡਾ. ਮੀਨਾਕਸ਼ੀ ਧੀਂਗੜਾ, ਜ਼ਿਲ੍ਹਾ ਸਿਹਤ ਅਫ਼ਸਰ ਡਾ. ਰਜਿੰਦਰ ਮਨਚੰਦਾ, ਜ਼ਿਲ੍ਹਾ ਪਰਿਵਾਰ ਭਲਾਈ ਅਫ਼ਸਰ ਡਾ. ਰਾਜਕਰਨੀ, ਡਾ. ਸੰਜੀਵ ਗੁਪਤਾ ਸਹਾਇਕ ਸਿਵਲ ਸਰਜਨ, ਡਿਪਟੀ ਡੀ.ਈ.ਓ (ਸੈਕੰਡਰੀ) ਸ੍ਰ. ਪਰਗਟ ਸਿੰਘ ਬਰਾੜ , ਡਿਪਟੀ ਡੀ.ਈ.ਓ (ਐਲੀਮੈਂਟਰੀ) ਸੁਖਵਿੰਦਰ ਸਿੰਘ,  ਡਾ. ਆਸ਼ੂਤੋਸ਼ ਤਲਵਾੜ, ਡਾ. ਤੁਸ਼ਟੀ, ਸ੍ਰੀ. ਵਿਕਾਸ ਕਾਲੜਾ, ਡਾ. ਯੁਵਰਾਜ ਸਮੇਤ ਸਰਕਾਰੀ/ਅਰਧ ਸਰਕਾਰੀ ਸਕੂਲਾਂ ਦੇ ਪ੍ਰਿੰਸੀਪਲ ਅਤੇ ਸਕੂਲ ਮੁਖੀ ਵੱਡੀ ਗਿਣਤੀ ਵਿਚ ਹਾਜ਼ਰ ਸਨ।