5 Dariya News

ਵਿਧਾਇਕ ਬਲਵਿੰਦਰ ਸਿੰਘ ਲਾਡੀ ਨੇ ਕੀੜ੍ਹੀ ਅਫ਼ਗਾਨਾ ਮਿੱਲ ਦੇ ਘਟਨਾ ਵਾਲੇ ਸਥਾਨ ਦਾ ਜਾਇਜਾ ਲਿਆ

ਦਰਿਆ ਦੇ ਪਾਣੀ ਨੂੰ ਦੂਸ਼ਿਤ ਕਰਨ ਵਾਲਿਆਂ ਨੂੰ ਬਖਸ਼ਿਆ ਨਹੀਂ ਜਾਵੇਗਾ - ਬਲਵਿੰਦਰ ਸਿੰਘ ਲਾਡੀ

5 Dariya News

ਬਟਾਲਾ 21-May-2018

ਵਿਧਾਨ ਸਭਾ ਹਲਕਾ ਸ੍ਰੀ ਹਰਗੋਬਿੰਦਪੁਰ ਦੇ ਵਿਧਾਇਕ ਬਲਵਿੰਦਰ ਸਿੰਘ ਲਾਡੀ ਨੇ ਅੱਜ ਚੱਡਾ ਸ਼ੂਗਰ ਮਿੱਲ ਕੀੜੀ ਅਫ਼ਗਾਨਾ ਦਾ ਦੌਰਾ ਕੀਤਾ ਅਤੇ ਬੀਤੇ ਦਿਨੀ ਇਸ ਮਿੱਲ ਤੋਂ ਹੋਏ ਸੀਰੇ ਰਿਸਾਵ ਦੀ ਘਟਨਾ ਬਾਰੇ ਮਿੱਲ ਪ੍ਰਬੰਧਕਾਂ ਅਤੇ ਵੱਖ-ਵੱਖ ਸਰਕਾਰੀ ਵਿਭਾਗਾਂ ਦੇ ਅਧਿਕਾਰੀਆਂ ਕੋਲੋਂ ਜਾਣਕਾਰੀ ਹਾਸਲ ਕੀਤੀ। ਮਿੱਲ ਦੇ ਸੀਰੇ ਕਾਰਨ ਦਰਿਆ ਬਿਆਸ ਦੀਆਂ ਮੱਛੀਆਂ ਅਤੇ ਹੋਰ ਜਲ ਜੀਵਾਂ ਦੇ ਮਰਨ 'ਤੇ ਡੂੰਘੇ ਦੁੱਖ ਦਾ ਇਜ਼ਹਾਰ ਕਰਦਿਆਂ ਵਿਧਾਇਕ ਸ. ਲਾਡੀ ਨੇ ਕਿਹਾ ਕਿ ਇਸ ਘਟਨਾ ਦੇ ਜਿੰਮੇਵਾਰ ਵਿਅਕਤੀਆਂ ਨੂੰ ਬਖਸ਼ਿਆ ਨਹੀਂ ਜਾਵੇਗਾ। ਇਸ ਮੌਕੇ ਉਨ੍ਹਾਂ ਨਾਲ ਐਸ.ਡੀ.ਐਮ. ਬਟਾਲਾ ਸ੍ਰੀ ਰੋਹਿਤ ਗੁਪਤਾ, ਪ੍ਰਦੂਸ਼ਣ ਕੰਟਰੋਲ ਬੋਰਡ ਦੇ ਐਕਸੀਅਨ ਕੁਲਦੀਪ ਸਿੰਘ ਤੋਂ ਇਲਾਵਾ ਹੋਰ ਵਿਭਾਗਾਂ ਦੇ ਅਧਿਕਾਰੀ ਵੀ ਮੌਜੂਦ ਸਨ।ਇਸ ਮੌਕੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਵਿਧਾਇਕ ਸ. ਬਲਵਿੰਦਰ ਸਿੰਘ ਲਾਡੀ ਨੇ ਕਿਹਾ ਕਿ ਮਿੱਲ ਦੇ ਸੀਰੇ ਕਾਰਨ ਜਿਨੀ ਵੱਡੀ ਸੰਖਿਆ ਵਿੱਚ ਮੱਛੀਆਂ ਅਤੇ ਹੋਰ ਜੀਵ ਜੰਤੂ ਮਰੇ ਹਨ ਉਸ ਲਈ ਮਿੱਲ ਪ੍ਰਬੰਧਨ ਨੂੰ ਬਰੀ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਕਿਹਾ ਕਿ ਮਿੱਲ ਵੱਲੋਂ ਸੀਰੇ ਦੇ ਟੈਂਕਾਂ ਕੋਲ ਆਫ਼ਤ ਵੇਲੇ ਯੋਗ ਪ੍ਰਬੰਧ ਨਾ ਕਰਨੇ ਅਤੇ ਹੋਰ ਕਈ ਤਰਾਂ ਦੀਆਂ ਊਣਤਾਈਆਂ ਦੇ ਚੱਲਦਿਆਂ ਇਹ ਸਾਰਾ ਹਾਦਸਾ ਵਾਪਰਿਆ ਹੈ। ਵਿਧਾਇਕ ਸ. ਲਾਡੀ ਨੇ ਕਿਹਾ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨੇ ਇਸ ਸਾਰੀ ਘਟਨਾ ਦੀ ਜਾਂਚ ਦੇ ਹੁਕਮ ਦਿੱਤੇ ਹੋਏ ਹਨ ਅਤੇ ਜਾਂਚ ਮੁਕਮੰਲ ਹੋਣ 'ਤੇ ਜੋ ਵੀ ਦੋਸ਼ੀ ਪਾਇਆ ਗਿਆ ਉਸ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਸਰਕਾਰ ਵੱਲੋਂ ਇਸ ਗੱਲ ਦਾ ਵੀ ਪਤਾ ਲਗਾਇਆ ਜਾਵੇਗਾ ਕਿ ਮਿੱਲ ਦੇ ਘਟੀਆ ਪ੍ਰਬੰਧਾਂ ਨੂੰ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਨੇ ਸਮਾਂ ਰਹਿੰਦਿਆਂ ਚੈੱਕ ਕਿਉਂ ਨਾ ਕੀਤਾ ਅਤੇ ਜੋ ਸਰਕਾਰੀ ਅਧਿਕਾਰੀ ਇਸ ਲਾਪ੍ਰਵਾਹੀ ਲਈ ਜਿੰਮੇਵਾਰ ਪਾਏ ਗਏ ਉਨ੍ਹਾਂ ਖਿਲਾਫ ਵੀ ਸਖਤ ਕਾਰਵਾਈ ਕੀਤੀ ਜਾਵੇਗੀ। ਸ. ਬਲਵਿੰਦਰ ਸਿੰਘ ਲਾਡੀ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸ਼ੂਗਰ ਮਿੱਲ ਨੂੰ ਸੀਲ ਕਰ ਦਿੱਤਾ ਗਿਆ ਹੈ ਅਤੇ ਘਟਨਾ ਦੀ ਬਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਦੇ ਗੰਨੇ ਦੀ ਪੇਮੈਂਟ ਇਸ ਸ਼ੂਗਰ ਮਿੱਲ ਵੱਲ ਬਕਾਇਆ ਹੈ, ਨੂੰ ਦਿਵਾਉਣ ਲਈ ਸਰਕਾਰ ਮਿੱਲ ਮਾਲਕਾਂ ਅਤੇ ਪ੍ਰਬੰਧਕਾਂ ਵਿਰੁੱਧ ਠੋਸ ਕਦਮ ਉਠਾਵੇਗੀ। ਉਨ੍ਹਾਂ ਕਿਹਾ ਕਿ ਵਾਤਾਵਰਨ ਅਤੇ ਜਲ ਸਰੋਤਾਂ ਨੂੰ ਨੁਕਸਾਨ ਪਹੁੰਚਾਉਣ ਦੀ ਕਿਸੇ ਨੂੰ ਵੀ ਆਗਿਆ ਨਹੀਂ ਦਿੱਤੀ ਜਾਵੇਗੀ ਅਤੇ ਭਵਿੱਖ ਵਿੱਚ ਅਜਿਹੀ ਮੰਦਭਾਗੀ ਘਟਨਾ ਮੁੜ ਨਾ ਵਾਪਰੇ ਇਸ ਲਈ ਮਿੱਲ ਪ੍ਰਬੰਧਕਾਂ ਕੋਲੋਂ ਸਾਰਆਂ ਤਕਨੀਕੀ ਜਰੂਰਤਾਂ ਅਤੇ ਯੋਗਤਾਵਾਂ ਪੂਰੀਆਂ ਕਰਾਈਆਂ ਜਾਣਗੀਆਂ। ਇਸ ਮੌਕੇ ਉਨ੍ਹਾਂ ਨਾਲ ਯਕੀਨ ਸਿੰਘ ਔਲਖ, ਸੋਨੂੰ ਭੱਲਾ, ਸਤਪਾਲ ਸਿੰਘ ਔਲਖ, ਗੁਰਨਾਮ ਸਿੰਘ ਅਠਵਾਲ, ਡਾ ਅਵਤਾਰ ਸਿੰਘ ਮਿੰਟਾ, ਨਰਿੰਦਰ ਸਿੰਘ ਨਿੰਦੀ, ਹੈਪੀ ਪੱਡਾ, ਕਰਮਬੀਰ ਸਿੰਘ ਪੱਡਾ, ਕਰਨਬੀਰ ਸਿੰਘ ਮਚਰਾਵਾਂ, ਹਰਬਿੰਦਰ ਸਿੰਘ ਸ਼ਾਹ, ਇਕਬਾਲ ਮਸੀਹ, ਯੂਸਫ ਮਸੀਹ, ਸਰਬਜੀਤ ਸਿੰਘ, ਹੀਰਾ ਮਸੀਹ, ਸਰਪੰਚ ਬਚਨ ਸਿੰਘ, ਪੀਏ ਗੁਰਦੀਪ ਸਿੰਘ, ਗਗਨ ਆਦਿ ਮੌਜੂਦ ਸਨ।