5 Dariya News

ਨਿਊਜ਼ੀਲੈਂਡ ਦੇ ਰੇਡੀਉ ਵਿਰਸਾ ਤੇ ਨੇਕੀ ਖ਼ਿਲਾਫ਼ ਸਿਖ ਸੰਗਤਾਂ ਅਤੇ ਪੰਜਾਬੀ ਭਾਈਚਾਰੇ ਵੱਲੋਂ ਜ਼ਬਰਦਸਤ ਰੋਸ ਮੁਜ਼ਾਹਰਾ

ਭਾਰਤੀ ਮੂਲ ਦੇ ਲੋਕਾਂ ਵਿਚ ਆਪਸੀ ਨਫ਼ਰਤ ਫੈਲਾ ਰਹੇ ਰੇਡੀਉ ਵਿਰਸਾ ਨਿਊਜ਼ੀਲੈਂਡ ਬੰਦ ਕਰਾਉਣ ਦੀ ਕੀਤੀ ਮੰਗ

5 Dariya News (ਕੁਲਜੀਤ ਸਿੰਘ)

ਆਕਲੈਂਡ 20-May-2018

ਨਿਊਜ਼ੀਲੈਂਡ ਦੀਆਂ ਸਿਖ ਸੰਗਤਾਂ ਨੇ ਇਕ ਜੁੱਟਤਾ ਦਾ ਪ੍ਰਗਟਾਵਾ ਕਰਦਿਆਂ ਸਿੱਖ ਧਰਮ ਪ੍ਰਤੀ ਕੂੜ ਅਤੇ ਗੁਮਰਾਹਕੁਨ ਪ੍ਰਚਾਰ ਕਰਨ ਵਾਲੇ ਰੇਡੀਉ ਵਿਰਸਾ 107 ਐਫ ਐਮ ਵਿਰੁੱਧ ਸ਼ਾਂਤਮਈ ਪਰ ਜ਼ਬਰਦਸਤ ਰੋਸ ਮੁਜ਼ਾਹਰਾ ਕੀਤਾ ਅਤੇ ਰੇਡੀਉ ਵਿਰਸਾ ਬੰਦ ਕਰਾਉਣ ਦੀ ਸਰਕਾਰ ਤੋਂ ਮੰਗ ਕੀਤੀ। 25 ਮੈਂਬਰੀ ਐਕਸ਼ਨ ਕਮੇਟੀ ਦੀ ਅਗਵਾਈ 'ਚ ਰੇਡੀਉ ਵਿਰਸਾ ਸਟੇਸ਼ਨ ਦੇ ਬਾਹਰ ਸ਼ਰਲੀ ਰੋਡ ਪਾਪਾਟੋਏਟੋਏ, ਆਕਲੈਂਡ ਵਿਖੇ ਇਹ ਰੋਸ ਮੁਜ਼ਾਹਰਾ ਨਿਊਜ਼ੀਲੈਂਡ ਦੇ ਸਮੇਂ ਅਨੁਸਾਰ 2 ਵਜੇ ਸ਼ੁਰੂ ਕੀਤਾ ਗਿਆ, ਜੋ ਕਰੀਬ ਇਕ ਘੰਟਾ ਚਲਿਆ। ਇਸ ਵਿਚ ਔਰਤਾਂ ਅਤੇ ਬਚਿਆਂ ਸਮੇਤ ਹਜ਼ਾਰਾਂ ਦੀ ਗਿਣਤੀ 'ਚ ਸਿਖ ਸੰਗਤਾਂ ਅਤੇ ਪੰਜਾਬੀਆਂ ਨੇ ਵਾਹਿਗੁਰੂ ਨਾਮ ਜਾਪ ਕਰਦਿਆਂ ਹਿੱਸਾ ਲਿਆ ਅਤੇ ਜੈਕਾਰਿਆਂ ਦੀ ਗੂੰਜ 'ਚ ਸਮਾਪਤ ਕੀਤਾ। 25 ਮੈਂਬਰੀ ਕਮੇਟੀ ਦੇ ਆਗੂ ਭਾਈ ਗੁਰਿੰਦਰ ਸਿੰਘ ਤੋਂ ਪ੍ਰਾਪਤ ਸੂਚਨਾ ਪੈੱ੍ਰਸ ਨਾਲ ਸਾਂਝੀ ਕਰਦਿਆਂ ਪ੍ਰੋ: ਸਰਚਾਂਦ ਸਿੰਘ ਨੇ ਦਸਿਆ ਕਿ ਮੁਜ਼ਾਹਰਾਕਾਰੀਆਂ ਨੇ ਹੱਥਾਂ ਵਿਚ ਨੇਕੀ ਸ਼ਰਮ ਕਰੋ, ਰੇਡੀਉ ਸਟੇਸ਼ਨ ਬੰਦ ਕਰੋ, ਔਰਤਾਂ ਦਾ ਅਪਮਾਨ ਬੰਦ ਕਰੋ, ਨੇਕੀ ਕੁੱਝ ਨੇਕੀ ਦਾ ਕੰਮ ਵੀ ਕਰ, ਸ਼ਰਮ ਕਰੋ ਸ਼ਰਮ ਕਰੋ ਨੇਕੀ ਸ਼ਰਮ ਕਰੋ ਆਦਿ ਨਾਅਰੇ ਲਿਖੇ ਹੋਏ ਬੈਨਰ ਚੁਕੇ ਹੋਏ ਸਨ। ਸੰਗਤ ਦਾ ਉਤਸ਼ਾਹ ਦੇਖਿਆਂ ਹੀ ਬਣਦਾ ਸੀ। ਰੇਡੀਉ ਸਟੇਸ਼ਨ ਕੰਪਲੈਕਸ ਤਿੰਨ ਪੜਾਓ ਜਿੰਦਰਿਆਂ ਦੇ ਅੰਦਰ ਹੋਣ ਅਤੇ  ਰੇਡੀਉ ਦੇ ਮਾਲਕ ਹਰਨੇਕ ਨੇਕੀ ਰੇਡੀਉ ਸਟੇਸ਼ਨ 'ਚ ਮੌਜੂਦ ਹੋਣ ਦੇ ਬਾਵਜੂਦ ਵੀ ਅਜ ਉਸ ਨੇ ਰੇਡੀਉ ਪ੍ਰਸਾਰਨ ਬੰਦ ਹੀ ਰਖਿਆ। ਰੋਸ ਮੁਜ਼ਾਰੇ ਦੀ ਸਫਲਤਾ ਲਈ 25 ਮੈਂਬਰੀ ਐਕਸ਼ਨ ਕਮੇਟੀ ਦੇ ਮੈਂਬਰਾਨ ਭਾਈ ਗੁਰਿੰਦਰਪਾਲ ਸਿੰਘ, ਸਰਵਨ ਸਿੰਘ ਅਗਵਾਨ, ਦਲਜੀਤ ਸਿੰਘ, ਰਣਬੀਰ ਸਿੰਘ, ਗੁਰਿੰਦਰ ਸਿੰਘ ਖ਼ਾਲਸਾ, ਅਮਰਦੀਪ ਸਿੰਘ, ਅੰਮ੍ਰਿਤਪਾਲ ਸਿੰਘ ਟਕਸਾਲੀ, ਭੁਪਿੰਦਰ ਸਿੰਘ, ਡਾ ਇੰਦਰਪਾਲ ਸਿੰਘ, ਗੁਰਿੰਦਰ ਸਿੰਘ ਸਾਧੀ ਪੁਰਾ, ਜਗਜੀਤ ਸਿੰਘ, ਕਰਮਜੀਤ ਸਿੰਘ, ਖੜਕ ਸਿੰਘ, ਨਵਤੇਜ ਸਿੰਘ, ਪਰਗਟ ਸਿੰਘ, ਪਰਮਿੰਦਰ ਸਿੰਘ, ਰਾਜਿੰਦਰ ਸਿੰਘ ਜਿੰਡੀ, ਉੱਤਮ ਚੰਦ, ਮੁਖ਼ਤਿਆਰ ਸਿੰਘ, ਹਰਪ੍ਰੀਤ ਸਿੰਘ, ਵੀਰਪਾਲ ਸਿੰਘ, ਸਤਿੰਦਰ ਸਿੰਘ ਚੌਹਾਨ, ਮਨਜਿੰਦਰ ਸਿੰਘ ਬਾਸੀ ਆਦਿ ਨੇ ਸੰਗਤ ਦਾ ਧੰਨਵਾਦ ਕੀਤਾ।  ਆਗੂਆਂ ਨੇ ਕਿਹਾ ਕਿ ਗੁਰਬਾਣੀ ਦੀ ਤੌਹੀਨ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਨੇਕੀ ਵੱਲੋਂ ਕੀਤੇ ਜਾ ਰਹੇ ਕੂੜ ਪ੍ਰਚਾਰ ਦਾ ਨੋਟਿਸ ਲੈਂਦਿਆਂ ਸਮੁੱਚੀ ਸੰਗਤ ਨੇ ਸਿਖੀ ਪਰੰਪਰਾਵਾਂ ਦੀ ਤੌਹੀਨ ਕਰਨ ਵਾਲੇ ਨੇਕੀ ਨੂੰ ਵਡੀ ਸਜਾ ਦੇਣ ਦੀ ਮੰਗ ਕੀਤੀ ਹੈ।

ਇਸ ਤੋਂ ਪਹਿਲਾਂ ਭਰੋਸੇਯੋਗ ਸੂਤਰਾਂ ਅਨੁਸਾਰ ਕਲ ਪੁਲੀਸ ਦੀ ਮੌਜੂਦਗੀ 'ਚ ਹਰਨੇਕ ਸਿੰਘ ਨੇਕੀ ਦੇ ਸਾਥੀਆਂ ਅਤੇ 25 ਮੈਂਬਰੀ ਐਕਸ਼ਨ ਕਮੇਟੀ ਦੀ ਮੀਟਿੰਗ ਹੋਈ, ਜਿਸ ਵਿਚ ਨੇਕੀ ਨੇ 25 ਮੈਂਬਰੀ ਦੀ ਥਾਂ 5 ਮੈਂਬਰੀ ਕਮੇਟੀ ਨਾਲ ਬੈਠ ਕੇ ਵਿਚਾਰ ਕਰਨਾ ਮੰਨਿਆ। ਪੰਜ ਮੈਂਬਰੀ ਕਮੇਟੀ ਨਾਲ ਗੱਲਬਾਤ ਦੌਰਾਨ ਉਨ੍ਹਾਂ ਮਮਲੇ ਨੂੰ ਹੱਲ ਕਰ ਲਈ ਦੁਹਾਈ ਪਾਈ ਅਤੇ ਸ੍ਰੀ ਅਕਾਲ ਤਖਤ ਸਾਹਿਬ ਤੋਂ ਹੋਣ ਵਾਲੀ ਕਾਰਵਾਈ ਨੂੰ ਟਾਲਣ ਦੀ ਦੁਹਾਈ ਦਿਤੀ। ਇਸ 'ਤੇ ਪੰਜ ਮੈਂਬਰੀ ਕਮੇਟੀ ਨੇ ਉਸ ਨੂੰ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਪੇਸ਼ ਹੋ ਕੇ ਮੁਆਫ਼ੀ ਮੰਗਣ 'ਤੇ ਹੀ ਉਸ ਦੇ ਨਿੱਜੀ ਗੁਰਦਵਾਰਾ ਸਾਹਿਬ ਵਿਖੇ ਸ੍ਰੀ ਗੁਰੂ ਗੰ੍ਰਥ ਸਾਹਿਬ ਜੀ ਦੇ ਪਾਵਨ ਸਰੂਪ ਸੁਸ਼ੋਬਤ ਕਰਨ ਲਈ ਦੇਣ, ਗੁਰਦਵਾਰਾ ਕਮੇਟੀ ਤੋਂ ਉਸ ਸਮੇਤ ਉਸ ਦੇ ਤਿੰਨੇ ਸਾਥੀ ਬਾਹਰ ਹੋ ਜਾਣ ਅਤੇ ਰੇਡੀਉ ਨੂੰ ਉਕਤ ਸਥਾਨ ਤੋਂ ਹਟਾਉਣ ਦੀਆਂ ਸ਼ਰਤ ਰਖੀ ਗਈ। ਜਿਸ 'ਤੇ ਨੇਕੀ ਨੇ ਰੇਡੀਉ ਸਟੇਸ਼ਨ ਨੂੰ ਹਟਾਉਣ ਲਈ ਕੁੱਝ ਮੁਹਲਤ ਮੰਗੀ ਅਤੇ ਅਮਰ ਸ਼ਹੀਦ ਸੰਤ ਜਰਨੈਲ ਸਿੰਘ ਜੀ ਅਤੇ ਪਰਿਵਾਰ ਪ੍ਰਤੀ ਕੁਫਰ ਲਈ ਮੁਆਫ਼ੀ ਮੰਗਣ ਪਰ ਸਿਖ ਧਰਮ ਬਾਰੇ ਕੀਤੇ ਗਏ ਕੂੜ ਪ੍ਰਚਾਰ ਪ੍ਰਤੀ ਚੁੱਪੀ ਵਟਣ ਨੂੰ ਲੈ ਕੇ ਮੀਟਿੰਗ ਬੇਸਿੱਟਾ ਰਹੀ। ਪਤਾ ਲਗਾ ਹੈ ਕਿ ਅਗਲੀ ਮੀਟਿੰਗ  25 ਤਰੀਕ ਨੂੰ ਸ਼ੁੱਕਰਵਾਰ ਹੋਵੇਗੀ। ਇਸ ਤੋਂ ਪਹਿਲਾਂ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਗੁਰਮਤਿ ਵਿਰੋਧੀ ਪ੍ਰਚਾਰ ਲਈ ਨੇਕੀ ਨੂੰ ਪੇਸ਼ ਹੋਣ ਦਾ ਸੰਮਨ ਜਾਰੀ ਹੋਚੁਕਿਆ ਹੈ ਨਿਸ਼ਚਿਤ ਸਮੇਂ 'ਚ ਪੇਸ਼ ਨਾ ਹੋਣ 'ਤੇ ਉਸ ਵਿਰੁੱਧ ਪੰਥਕ ਰਵਾਇਤਾਂ ਮੁਤਾਬਿਕ ਸਖ਼ਤ ਕਾਰਵਾਈ ਕਰਨ ਦੀ ਚਿਤਾਵਨੀ ਦਿਤੀ ਗਈ। ਯਾਦ ਰਹੇ ਕਿ ਕੁੱਝ ਦਿਨ ਪਹਿਲਾਂ ਨਿਊਜ਼ੀਲੈਂਡ ਦੀਆਂ ਸੰਗਤਾਂ ਨੇ ਸਿਖ ਧਰਮ , ਗੁਰਬਾਣੀ ਅਤੇ ਸ਼ਹੀਦਾਂ ਪ੍ਰਤੀ ਵਰਤੀ ਗਈ ਮੰਦੀ ਭਾਸ਼ਾ ਨੂੰ ਲੈ ਕੇ ਸ੍ਰੀ ਅਕਾਲ ਤਖਤ ਸਾਹਿਬ ਦੇ ਆਦੇਸ਼ 'ਤੇ ਅਮਲ ਕਰਦਿਆਂ ਨੇਕੀ ਦੇ ਨਿੱਜੀ ਗੁਰਦਵਾਰੇ ਵਿਚੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਨੇੜਲੇ ਗੁਰਦਵਾਰਿਆਂ 'ਚ ਸੁਸ਼ੋਬਤ ਕਰ ਦਿਤੇ ਗਏ ਸਨ।  ਨੇਕੀ ਦੇ ਕੂੜ ਪ੍ਰਚਾਰ ਨਾਲ ਸਮੂਹ ਸਿੱਖ ਅਤੇ ਨਾਨਕ ਨਾਮ ਲੇਵਾ ਸੰਗਤਾਂ ਦੇ ਹਿਰਦੇ ਵਲੂੰਧਰੇ ਗਏ ਹਨ। ਸਿਖ ਹਿਰਦਿਆਂ ਨੂੰ ਗਹਿਰੀ ਠੇਸ ਪਹੁੰਚਾਉਣ ਲਈ ਸੰਗਤ ਨੇ ਹਰਨੇਕ ਨੇਕੀ ਨੂੰ ਸਿਖ ਪੰਥ ਵਿਚੋਂ ਖ਼ਾਰਜ ਕਰਨ ਦੀ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਅਪੀਲ ਕੀਤੀ ਹੈ। ਸਿਖ ਆਗੂਆਂ ਨੇ ਰਾਗੀਆਂ ਅਤੇ ਕਥਾਵਾਚਕਾਂ ਨੂੰ ਨੇਕੀ ਦੇ ਅਸਥਾਨ 'ਤੇ ਨਾ ਜਾਣ ਦੀ ਬੇਨਤੀ ਕੀਤੀ ਹੈ। ਨਿਊਜ਼ੀਲੈਂਡ ਦੀਆਂ ਸੰਗਤਾਂ ਨੇ ਨੇਕੀ ਵਿਰੁੱਧ ਕਾਨੂੰਨੀ ਕਾਰਵਾਈ ਕਰਨ ਦਾ ਫ਼ੈਸਲਾ ਕੀਤਾ ਹੈ ਅਤੇ ਨੇਕੀ ਵਿਰੁੱਧ ਮਾਣਹਾਨੀ ਦਾ ਕੇਸ ਕਰਨ ਤੋਂ ਇਲਾਵਾ ਜਲਦ ਹੀ ਬਰਾਡ ਕਾਸਟਿੰਗ ਮੰਤਰਾਲੇ ਨੂੰ ਉਸ ਦੇ ਰੇਡੀਉ ਦਾ ਲਾਇਸੰਸ ਰੱਦ ਕਰਨ ਲਈ ਕਿਹਾ ਜਾ ਰਿਹਾ ਹੈ।  ਨੇਕੀ ਸਿਖ ਸਿਧਾਂਤ ਵਿਰੋਧ ਪ੍ਰਚਾਰ ਨੂੰ ਲੈ ਕੇ ਦੋ ਵਾਰ ਮੁਆਫ਼ੀ ਮੰਗ ਚੁੱਕਿਆ ਹੈ।