5 Dariya News

ਪੰਚਾਇਤ ਮੰਤਰੀ ਅੱਗੇ ਸੀਚੇਵਾਲ ਪਿੰਡ ਦੇ ਲੋਕਾਂ ਨੇ ਚਿੱਟੀ ਵੇਈਂ ਦੇ ਪ੍ਰਦੂਸ਼ਣ ਦਾ ਮੁੱਦਾ ਰੱਖਿਆ

ਬਾਜਵਾ ਨੇ ਚਿੱਟੀ ਵੇਈਂ ਨੂੰ ਚਿੱਟੀ ਰੱਖਣ ਦਾ ਦਿੱਤਾ ਭਰੋਸਾ

5 Dariya News (ਕੁਲਜੀਤ ਸਿੰਘ)

ਸੁਲਤਾਨਪੁਰ ਲੋਧੀ 20-May-2018

ਚਿੱਟੀ ਵੇਈਂ ਦੇ ਪ੍ਰਦੂਸ਼ਣ ਦਾ ਮੁੱਦਾ ਵੀ ਸ਼ਾਹਕੋਟ ਦੀਆਂ ਚੋਣਾਂ ਵਿਚ ਗੂੰਜਣ ਲੱਗ ਪਿਆ ਹੈ। ਪਿੰਡ ਸੀਚੇਵਾਲ ਦੇ ਲੋਕਾਂ ਨੇ ਜਿਥੇ ਆਪਣੇ ਘਰਾਂ ਦੇ ਬਾਹਰ ਪੋਸਟਰ ਲਾ ਕੇ ਵੋਟਾਂ ਮੰਗਣ ਵਾਲੇ ਲੀਡਰਾਂ ਨੂੰ ਸਵਾਲ ਪੁੱਛਣੇ ਸ਼ੁਰੂ ਕਰ ਦਿੱਤੇ ਹਨ ਉਥੇ ਅੱਜ ਪਿੰਡ ਦੀ ਸੱਥ ਵਿਚ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਦੇ ਸਾਹਮਣੇ ਵੀ ਵਾਤਾਵਰਣ ਪ੍ਰੇਮੀ ਪਦਮਸ੍ਰੀ ਸੰਤ ਬਲਬੀਰ ਸਿੰਘ ਸੀਚੇਵਾਲ ਅਤੇ ਪਿੰਡ ਦੀ ਸਰਪੰਚ ਰਜਵੰਤ ਕੌਰ ਨੇ ਚਿੱਟੀ ਵੇਈਂ ਦੇ ਪ੍ਰਦੂਸ਼ਣ ਕਾਰਨ ਇਲਾਕੇ ਵਿਚ ਕੈਂਸਰ ਤੇ ਕਾਲੇ ਪੀਲੀਏ ਨਾਲ ਵਾਪਰ ਰਹੇ ਕਹਿਰ ਦੇ ਮੁੱਦੇ ਨੂੰ ਉਭਾਰ ਕੇ ਪੇਸ਼ ਕੀਤਾ। ਪਿੰਡ ਦੇ ਆਮ ਲੋਕਾਂ ਨੇ ਵੀ ਪੰਚਾਇਤ ਮੰਤਰੀ ਅੱਗੇ ਇਹ ਸਵਾਲ ਰੱਖਿਆ ਕਿ ਪਿਛਲੇ ਦੋ ਦਹਾਕਿਆਂ ਤੋਂ ਚਿੱਟੀ ਵੇਈਂ ਦਾ ਸੰਤਾਪ ਭੋਗ ਰਹੇ ਹਨ। ਲੋਕਾਂ ਨੇ ਸਵਾਲ ਕੀਤੇ ਕਿ ਆਉਣ ਵਾਲੇ ਚਾਰ ਸਾਲਾਂ 'ਚ ਕਾਂਗਰਸ ਸਰਕਾਰ ਕੋਲੋਂ ਕੀ ਉਮੀਦ ਕੀਤੀ ਜਾ ਸਕਦੀ ਹੈ ਕਿ ਉਹ ਦੂਸ਼ਿਤ ਪਾਣੀਆਂ ਦਾ ਕੋਈ ਠੋਸ ਹੱਲ ਕੱਢੇਗੀ?ਲੋਕਾਂ ਨੇ ਦੱਸਿਆ ਕਿ ਪਿਛਲੇ ੨੧ ਸਾਲਾਂ ਤੋਂ ਚਿੱਟੀ ਵੇਈਂ ਦੇ ਪ੍ਰਦੂਸ਼ਣ ਨੂੰ ਹੱਲ ਕਰਨ ਦੀ ਕੋਈ ਵੀ ਗੱਲ ਸਰਕਾਰੀ ਪੱਧਰ 'ਤੇ ਨਹੀਂ ਹੋਈ। ਹੁਣ ਜਦੋਂ ਹਲਕੇ ਦੇ ਪਿੰਡਾਂ ਵਿਚ ਲੋਕ ਕੈਂਸਰ, ਕਾਲਾ ਪੀਲੀਆ ਅਤੇ ਹੋਰ ਬਿਮਾਰੀਆਂ ਦੀ ਲਪੇਟ ਵਿਚ ਆ ਕੇ ਮਰ ਰਹੇ ਹਨ ਤਾਂ ਸਰਕਾਰ ਮੂਕ ਦਰਸ਼ਕ ਬਣ ਕੇ ਬੈਠੀ ਹੋਈ ਹੈ। ਸੰਤ ਬਲਬੀਰ ਸਿੰਘ ਸੀਚੇਵਾਲ ਨੇ ਕਿਹਾ ਕਿ ਸ਼ਾਹਕੋਟ ਹਲਕੇ ਦੀ ਇਕੋ ਇਕ ਮੁੱਖ ਮੰਗ ਹੈ ਕਿ ਇਥੋਂ ਲੰਘਦੇ ਪਾਣੀਆਂ ਦੇ ਸਰੋਤ ਸਤਲੁਜ ਦਰਿਆ, ਚਿੱਟੀ ਵੇਈਂ ਤੇ ਕਾਲਾ ਸੰਘਿਆਂ ਡਰੇਨ ਦੇ ਪ੍ਰਦੂਸ਼ਣ ਨੂੰ ਮੁਕੰਮਲ ਤੌਰ 'ਤੇ ਰੋਕਿਆ ਜਾਵੇ। ਜਿਥੇ ਇਨ੍ਹਾਂ ਦਾ ਦੂਸ਼ਿਤ ਪਾਣੀ ਇਸ ਇਲਾਕੇ ਨੂੰ ਪ੍ਰਭਾਵਿਤ ਕਰ ਰਿਹਾ ਹੈ ਉਥੇ ਇਹ ਮਾਲਵੇ ਤੇ ਰਾਜਸਥਾਨ ਦੇ ਲੋਕਾਂ ਨੂੰ ਵੀ ਬਿਮਾਰੀਆਂ ਵੰਡ ਰਿਹਾ ਹੈ। 

ਪਿੰਡ ਦੇ ਲੋਕਾਂ ਦੀ ਇਸ ਮੰਗ ਨੂੰ ਸੁਣਨ ਤੋਂ ਬਾਅਦ ਪੰਚਾਇਤ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਕਿਹਾ ਕਿ  ਸੀਚੇਵਾਲ ਪਿੰਡ ਨੇ ਸਮੁੱਚੇ ਪੰਜਾਬ ਦੇ ਮੁੱਦੇ ਨੂੰ ਉਭਾਰ ਕੇ ਪੇਸ਼ ਕੀਤਾ ਹੈ। ਸ੍ਰੀ ਬਾਜਵਾ ਨੇ ਕਿਹਾ ਕਿ ਦੂਸ਼ਿਤ ਪਾਣੀਆਂ ਦਾ ਮਾਮਲਾ ਇਕੱਲਾ ਸ਼ਾਹਕੋਟ ਦਾ ਨਹੀਂ ਸਗੋਂ ਸਮੁੱਚੇ ਪੰਜਾਬ ਦਾ ਬਣਿਆ ਹੋਇਆ ਹੈ, ਜਿਸ ਨੂੰ ਸੰਤ ਸੀਚੇਵਾਲ ਨੇ ਬਾਖੂਬੀ ਉਭਾਰ ਕੇ ਪੇਸ਼ ਕੀਤਾ ਹੈ। ਉਨ੍ਹਾਂ ਭਰੋਸਾ ਦਿੱਤਾ ਕਿ ਪੰਜਾਬ ਦੀ ਕੈਪਟਨ ਸਰਕਾਰ ਆਪਣੇ ਚੋਣ ਵਾਅਦੇ ਮੁਤਾਬਕ ਪੰਜਾਬ ਦੀਆਂ ਨਦੀਆਂ ਤੇ ਦਰਿਆਵਾਂ ਨੂੰ ਪੂਰੀ ਤਰ੍ਹਾਂ ਸਾਫ ਕਰਨ ਲਈ ਵਚਨਬੱਧ ਰਹੇਗੀ। ਉਨ੍ਹਾਂ ਇਹ ਭਰੋਸਾ ਵੀ ਦਿੱਤਾ ਕਿ ਚਿੱਟੀ ਵੇਈਂ ਨੇੜਲੇ ਭਵਿੱਖ ਵਿਚ ਸੱਚਮੁੱਚ ਹੀ ਚਿੱਟੀ ਹੋ ਜਾਵੇਗੀ। ਸ੍ਰੀ ਬਾਜਵਾ ਨੇ ਦੱਸਿਆ ਕਿ ਉਹ ਆਪਣੇ ਹਲਕੇ ਦੀਆਂ ਪੰਚਾਇਤਾਂ ਨੂੰ ਨਾਲ ਲੈ ਕੇ ਆਏ ਹਨ ਤਾਂ ਜੋ ਸੀਚੇਵਾਲ ਮਾਡਲ ਦਾ ਅਧਿਐਨ ਕੀਤਾ ਜਾ ਸਕੇ ਤੇ ਇਸੇ ਤਰਜ਼ 'ਤੇ ਆਪਣੇ ਹਲਕੇ ਦੀਆਂ ਅਤੇ ਪੰਜਾਬ ਦੀਆਂ ਪੰਚਾਇਤਾਂ ਨੂੰ ਤੋਰਿਆ ਜਾਵੇ। ਸ਼੍ਰੋਮਣੀ ਅਕਾਲੀ ਦਲ (ਅ) ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਵੀ ਸੰਤ ਸੀਚੇਵਾਲ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਵੀ ਪੰਜਾਬ ਦੇ ਗੰਧਲੇ ਹੋ ਰਹੇ ਵਾਤਾਵਰਣ ਅਤੇ ਦੂਸ਼ਿਤ ਹੋ ਰਹੇ ਸੂਬੇ ਦੇ ਦਰਿਆਵਾਂ ਬਾਰੇ ਚਰਚਾ ਹੋਈ। ਚੋਣ ਪ੍ਰਚਾਰ 'ਤੇ ਆਏ ਪੰਜਾਬ ਕਾਂਗਰਸ ਦੇ ਆਗੂ ਜਸਵੀਰ ਸਿੰਘ ਡਿੰਪਾ ਨੇ ਕਿਹਾ ਕਿ ਸੀਚੇਵਾਲ ਮਾਡਲ ਸਮੁੱਚੇ ਸੂਬੇ ਨੂੰ ਹੀ ਨਹੀਂ ਸਗੋਂ ਪੂਰੇ ਦੇਸ਼ ਨੂੰ ਰਾਹ ਦਿਖਾ ਰਿਹਾ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸੁਰਜੀਤ ਸਿੰਘ ਸ਼ੰਟੀ, ਐਨ.ਆਰ.ਆਈ. ਹਰਜਿੰਦਰ ਸਿੰਘ ਹੇਅਰ ਕੋਟਲਾ, ਸੰਦੀਪ ਸ਼ਰਮਾ, ਅਵਤਾਰ ਰੇਡੀਓ ਦੇ ਡਾਇਰੈਕਟਰ ਕੁਲਵਿੰਦਰ ਸਿੰਘ, ਅਮਰੀਕ ਸਿੰਘ ਸੰਧੂ, ਗੁਰਵਿੰਦਰ ਸਿੰਘ ਬੋਪਾਰਾਏ, ਦਇਆ ਸਿੰਘ ਅਤੇ ਹੋਰ ਬਹੁਤ ਸਾਰੇ ਆਗੂ ਤੇ ਸੇਵਾਦਾਰ ਹਾਜ਼ਰ ਸਨ।