5 Dariya News

ਅਗਲੇ 24 ਘੰਟਿਆਂ ਵਿੱਚ ਸਾਰੀਆਂ ਨਹਿਰਾਂ ਦਾ ਟੇਲਾਂ ਤੱਕ ਪਾਣੀ ਹੋ ਜਾਵੇਗਾ ਸਾਫ਼ : ਓ.ਪੀ. ਸੋਨੀ

ਜਾਂਚ ਕਮੇਟੀ ਮੰਗਲਵਾਰ ਤੱਕ ਸੌਂਪ ਦੇਵੇਗੀ ਆਪਣੀ ਰਿਪੋਰਟ, ਦੋਸ਼ੀ ਬਖਸ਼ੇ ਨਹੀਂ ਜਾਣਗੇ

5 Dariya News

ਚੰਡੀਗੜ 20-May-2018

ਵਾਤਾਵਰਣ ਮੰਤਰੀ ਪੰਜਾਬ  ਓ.ਪੀ. ਸੋਨੀ ਨੇ ਕਿਹਾ ਕਿ ਬਿਆਸ ਦਰਿਆ ਵਿੱਚ ਕੀੜੀ ਅਫਗਾਨਾਂ ਦੀ ਖੰਡ ਮਿੱਲ ਤੋਂ ਸੀਰਾ ਲੀਕ ਹੋਣ ਕਾਰਨ ਪੈਦਾ ਹੋਈ ਸਥਿਤੀ ਉਤੇ ਪੰਜਾਬ ਸਰਕਾਰ ਵੱਲੋਂ ਲਗਾਤਾਰ ਨਿਗਰਾਨੀ ਕੀਤੀ ਜਾ ਰਹੀ ਹੈ। ਸ੍ਰੀ ਸੋਨੀ ਨੇ ਕਿਹਾ ਕਿ ਪੰਜਾਬ ਪ੍ਰਦੂਸ਼ਦ ਕੰਟਰੋਲ ਬੋਰਡ ਅਤੇ ਸਿੰਜਾਈ ਵਿਭਾਗ ਦੇ ਸੀਨੀਅਰ ਅਧਿਕਾਰੀ ਅਤੇ ਜ਼ਿਲਿਆਂ ਵਿੱਚ ਤਾਇਨਾਤ ਡਿਪਟੀ ਕਮਿਸ਼ਨਰਾਂ ਲਗਾਤਾਰ ਸਥਿਤੀ ਦਾ ਜ਼ਮੀਨੀ ਪੱਧਰ 'ਤੇ ਜਾਇਜ਼ਾ ਲੈ ਰਹੇ ਹਨ ਅਤੇ ਅਗਲੇ 24 ਘੰਟਿਆਂ ਤੱਕ ਨਹਿਰਾਂ ਦੀਆਂ ਟੇਲਾਂ ਤੱਕ ਪਾਣੀ ਸਾਫ ਹੋ ਜਾਵੇਗਾ।  ਇਸਤੋਂ ਇਲਾਵਾ ਲੋਕਾਂ ਨੂੰ ਇਨਾਂ ਨਹਿਰਾਂ ਤੋਂ ਪੀਣ ਵਾਲੇ ਪਾਣੀ ਦੀ ਵਰਤੋਂ ਨਾ ਕਰਨ ਦੀ ਅਪੀਲ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਸੀਰਾ ਲੀਕ ਹੋਣ ਕਾਰਨ ਪੈਦਾ ਹੋਈ ਸਥਿਤੀ ਨਾਲ ਨਜਿੱਠਣ ਅਤੇ ਪਾਣੀ ਵਿਚਲੇ ਜੀਵਾਂ ਨੂੰ ਬਚਾਉਣ ਦੇ ਮਕਸਦ ਨਾਲ ਰਣਜੀਤ ਸਾਗਰ ਡੈਮ ਤੋਂ 2000 ਕਿਊਸਿਕ ਪਾਣੀ ਬਿਆਸ ਦਰਿਆ ਵਿੱਚ ਪਹਿਲਾਂ ਹੀ ਛੱਡਿਆ ਜਾ ਚੁੱਕਾ ਹੈ, ਜਿਸ ਨਾਲ ਸਥਿਤੀ ਵਿੱਚ ਕਾਫੀ ਸੁਧਾਰ ਹੋਇਆ ਹੈ। ਉਨ੍ਹਾਂ ਕਿਹਾ ਕਿ ਵਾਤਾਵਰਣ ਮਹਿਕਮੇ ਵੱਲੋਂ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਚੀਫ ਇੰਜੀਨਿਅਰ ਦੀ ਅਗਵਾਈ ਹੇਠ ਇਕ ਕਮੇਟੀ ਦਾ ਗਠਨ ਕੀਤਾ ਗਿਆ ਹੈ ਜੋ ਕਿ ਮੰਗਲਵਾਰ ਤੱਕ ਜਾਂਚ ਰਿਪੋਰਟ ਅਤੇ ਭਵਿੱਖ ਵਿੱਚ ਇਸ ਤਰਾਂ ਦੀਆਂ ਘਟਨਾਵਾਂ ਨੂੰ ਵਾਪਰਣ ਤੋਂ ਰੋਕਣ ਲਈ ਆਪਣੀਆਂ ਸਿਫਾਰਸ਼ਾਂ ਵੀ ਪੇਸ਼ ਕਰੇਗੀ। ਸ੍ਰੀ ਸੋਨੀ ਨੇ ਕਿਹਾ ਕਿ ਪਿਛਲੀ ਸਰਕਾਰ ਵੱਲੋਂ ਵਾਤਾਵਰਣ ਸਬੰਧੀ ਮਾਮਲਿਆਂ ਨੂੰ ਕਦੇ ਵੀ ਗੰਭੀਰਤਾ ਨਾਲ ਨਹੀਂ ਵਿਚਾਰਿਆ ਗਿਆ ਜਿਸ ਕਾਰਨ ਮਿੱਲਾਂ ਅਤੇ ਫੈਕਟਰੀਆਂ ਵੱਲੋਂ ਦਰਿਆਵਾਂ ਅਤੇ ਨਦੀਆਂ ਨਾਲਿਆਂ ਵਿੱਚ ਰਹਿੰਦ ਖੂੰਦ ਅਤੇ ਰਸਾਇਣਕ ਪਦਾਰਥ ਵਹਾਏ ਜਾਂਦੇ ਰਹੇ ਅਤੇ ਇਨਾਂ ਉੱਤੇ ਕਿਸੇ ਪ੍ਰਕਾਰ ਦੀ ਕੋਈ ਕਾਰਵਾਈ ਅਮਲ ਵਿੱਚ ਨਹੀਂ ਲਿਆਂਦੀ ਗਈ। 

ਪ੍ਰੰਤੂ ਮੌਜੂਦਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਪੰਜਾਬ ਦੇ ਵਾਤਾਵਰਣ ਅਤੇ ਪਾਣੀ ਨੂੰ ਦੂਸ਼ਿਤ ਹੋਣ ਤੋਂ ਬਚਾਉਣ ਲਈ ਪੂਰੀ ਤਰਾਂ ਵਚਨਬੱਧ ਅਤੇ ਗੰਭੀਰ ਹੈ। ਉਨ੍ਹਾਂ ਕਿਹਾ ਕਿ ਬਿਆਸ ਕਾਂਡ ਲਈ ਜੋ ਵੀ ਜੁੰਮੇਵਾਰ ਹੋਵੇਗਾ ਉਸਨੂੰ ਕਿਸੇ ਵੀ ਹਾਲਤ ਵਿੱਚ ਬਖਸ਼ਿਆ ਨਹੀਂ ਜਾਵੇਗਾ। ਉਨ੍ਹਾਂ ਕਿਹਾ ਕਿ ਕੀੜੀ ਅਫਗਾਨਾਂ ਸਥਿਤ ਚੱਢਾ ਸ਼ੂਗਰ ਮਿੱਲ ਪਹਿਲਾਂ ਹੀ ਸੀਲ ਕੀਤੀ ਜਾ ਚੁੱਕੀ ਹੈ ਅਤੇ ਇਸ ਮਿੱਲ ਦੀ 25 ਲੱਖ ਦੀ ਜਮਾਨਤ ਰਾਸ਼ੀ ਵੀ ਜਬਤ ਕਰ ਲਈ ਗਈ ਹੈ। ਸ੍ਰੀ ਸੋਨੀ ਨੇ ਕਿਹਾ ਕਿ ਵਾਤਾਵਰਣ ਅਤੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅਧਿਕਾਰੀਆਂ ਨੂੰ ਸਖਤ ਹਦਾਇਤਾਂ ਜਾਰੀ ਕਰ ਦਿੱਤੀਆਂ ਗਈਆਂ ਹਨ ਕਿ ਉਹ ਪੰਜਾਬ ਦੇ ਦਰਿਆਵਾਂ ਅਤੇ ਨਦੀਆਂ ਨਾਲਿਆਂ ਵਿੱਚ ਗੰਦਾ ਪਾਣੀ ਅਤੇ ਫੈਕਟਰੀਆਂ ਦਾ ਰਹਿੰਦ ਖੂੰਦ ਸੁੱਟਣ ਵਾਲਿਆਂ ਵਿਰੁੱਧ ਸਖਤੀ ਨਾਲ ਕਾਰਵਾਈ ਅਮਲ ਵਿੱਚ ਲਿਆਉਣ। ਇਸੇ ਦੌਰਾਨ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਚੇਅਰਮੈਨ ਸ. ਕਾਹਨ ਸਿੰਘ ਪੰਨੂੰ ਨੇ ਕਿਹਾ ਕਿ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਪੰਜਾਬ ਰਾਜ ਦੀਆਂ ਸਮੂਹ ਖੰਡ ਮਿੱਲਾਂ ਅਤੇ ਸ਼ਰਾਬ ਫੈਕਟਰੀਆਂ ਵਿੱਚ ਪਏ ਸੀਰੇ ਦੀ ਚੈਕਿੰਗ ਕੀਤੀ ਜਾ ਰਹੀ ਹੈ ਤਾਂ ਜੋ ਇਸ ਤਰਾਂ ਦੇ ਹਾਦਸੇ ਭਵਿੱਖ ਵਿੱਚ ਨਾ ਵਾਪਰਣ।