5 Dariya News

ਅਕਾਲੀ ਦਲ ਨੇ ਸਰਨਾ ਭਰਾਵਾਂ ਦੀ ਖੰਡ ਮਿੱਲ ਵੱਲੋਂ ਜੀਵ-ਜੰਤੂਆਂ ਦੇ ਕੀਤੇ ਭਾਰੀ ਨੁਕਸਾਨ ਦੀ ਨਿਖੇਧੀ ਕੀਤੀ

ਸੁਖਦੇਵ ਸਿੰਘ ਢੀਂਡਸਾ ਨੇ ਇਸ ਦਿਲ ਕੰਬਾਊ ਘਟਨਾ ਦੀ ਨਿਆਂਇਕ ਜਾਂਚ ਦੀ ਮੰਗ ਕੀਤੀ

5 Dariya News

ਚੰਡੀਗੜ 19-May-2018

ਸ਼੍ਰੋਮਣੀ ਅਕਾਲੀ ਦਲ ਨੇ ਅੱਜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਧਾਰਮਿਕ ਸਲਾਹਕਾਰ ਪਰਮਜੀਤ ਸਿੰਘ ਸਰਨਾ ਦੇ ਪਰਿਵਾਰ ਵੱਲੋਂ ਬਿਆਸ ਦਰਿਆ ਵਿਚ ਸੀਰਾ ਘੋਲਣ ਦੀ ਅਪਰਾਧਿਕ ਕਾਰਵਾਈ ਕਰਕੇ ਵਾਤਾਵਰਣ ਅਤੇ ਮੱਛੀਆਂ ਤੇ ਹੋਰ ਜੀਵ ਜੰਤੂਆਂ ਦੇ ਕੀਤੇ ਭਾਰੀ ਨੁਕਸਾਨ ਦੀ ਨਿਖੇਧੀ ਕੀਤੀ ਹੈ ਅਤੇ ਇਸ ਘਟਨਾ ਦੀ ਨਿਆਂਇਕ ਜਾਂਚ ਦੀ ਮੰਗ ਕੀਤੀ ਹੈ। ਇੱਥੇ ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਸਕੱਤਰ ਜਰਨਲ ਅਤੇ ਸਾਂਸਦ ਸਰਦਾਰ ਸੁਖਦੇਵ ਸਿੰਘ ਢੀਂਡਸਾ ਨੇ ਕਿਹਾ ਕਿ ਇਹਨਾਂ ਮਿਲ ਮਾਲਕਾਂ ਦੇ ਲਾਪਰਵਾਹ ਵਤੀਰੇ ਨੇ ਪੰਜਾਬ ਵਿਚ ਜੀਵ-ਜੰਤੂਆਂ ਦਾ ਭਾਰੀ ਨੁਕਸਾਨ ਕੀਤਾ ਹੈ। ਇਸ ਨਾਲ ਕਿੰਨੇ ਹੀ ਟਨ ਮੱਛੀਆਂ ਮਾਰੀਆਂ ਗਈਆਂ ਅਤੇ ਕਈ ਇੰਡਸ ਡੌਲਫਿਨ ਵਰਗੀਆਂ ਦੁਰਲੱਭ ਪ੍ਰਜਾਤੀਆਂ ਦੇ ਬੀਜ ਨਾਸ਼ ਦਾ ਖ਼ਤਰਾ ਖੜ•ਾ ਹੋ ਗਿਆ ਹੈ। ਉਹਨਾਂ ਕਿਹਾ ਕਿ ਇਸ ਮਿੱਲ ਦੇ ਮਾਲਕਾਂ ਦੇ ਸੱਤਾਧਾਰੀ ਪਾਰਟੀ ਦੇ ਹੁਕਮਰਾਨਾਂ ਨਾਲ ਨੇੜਲੇ ਸੰਬੰਧ ਹੋਣ ਕਰਕੇ ਇਹ ਉਦਯੋਗਾਂ ਸੰਬੰਧੀ ਲਾਗੂ ਨਿਯਮਾਂ ਦੀ ਲਗਾਤਾਰ ਉਲੰਘਣਾ ਕਰਦੇ ਸਨ ਅਤੇ ਪ੍ਰਦੂਸ਼ਨ ਕੰਟਰੋਲ ਦੇ ਨਿਯਮਾਂ ਨੁੰ ਟਿੱਚ ਜਾਣਦੇ ਸਨ, ਜਿਸ ਕਰਕੇ ਇਹ ਇੰਨਾ ਵੱਡਾ ਦੁਖਾਂਤ ਵਾਪਰਿਆ ਹੈ। ਇਸ ਘਟਨਾ ਦੀ ਜਾਣਕਾਰੀ ਦਿੰਦਿਆਂ ਅਕਾਲੀ ਆਗੂ ਨੇ ਕਿਹਾ ਕਿ ਗੁਰਦਾਸਪੁਰ ਵਿਚ ਕੀਰੀ ਅਫਗਾਨਾ ਵਿਖੇ ਸਥਿਤ ਇਸ ਖੰਡ ਮਿਲ ਦੇ ਇੱਕ ਵੱਡੇ ਟੈਂਕ ਵਿਚੋਂ ਸੀਰਾ ਰਿਸ ਕੇ ਕਾਹਨੂੰਵਾਨ ਨਾਲੇ ਵਿਚ ਜਾ ਡਿੱਿਗਆ ਸੀ, ਜਿੱਥੋਂ ਅੱਗੇ ਵਹਿੰਦਾ ਹੋਇਆ ਇਹ ਬਿਆਸ ਦਰਿਆ ਵਿਚ ਆ ਕੇ ਰਲ ਗਿਆ। ਉਹਨਾਂ ਕਿਹਾ ਕਿ ਇਹ ਇਕ ਬਹੁਤ ਹੀ ਗੰਭੀਰ ਅਪਰਾਧ ਹੈ। ਉਹਨਾਂ ਕਿਹਾ ਕਿ ਇਸ ਤੋਂ ਵੀ ਮਾੜੀ ਗੱਲ ਇਹ ਹੈ ਕਿ ਦੋਸ਼ੀ ਰਸੂਖਵਾਨ ਹੋਣ ਕਰਕੇ ਇਸ ਮਾਮਲੇ ਵਿਚੋਂ ਬਚ ਕੇ ਨਿਕਲਣ ਦੀ ਕੋਸ਼ਿਸ਼ ਕਰ ਰਹੇ ਹਨ। 

ਉਹਨਾਂ ਕਿਹਾ ਕਿ ਹੈਰਾਨੀ ਦੀ ਗੱਲ ਹੈ ਕਿ ਸਰਕਾਰ ਨੇ ਅਜੇ ਤੀਕ ਨਾ ਤਾਂ ਕੋਈ ਗਿਰਫਤਾਰੀ ਕੀਤੀ ਹੈ ਅਤੇ ਨਾ ਹੀ ਖੰਡ ਮਿਲ ਦੇ ਖ਼ਿਲਾਫ ਕੋਈ ਸਖ਼ਤ ਕਾਰਵਾਈ ਕੀਤੀ ਹੈ। ਇਸ ਖੌਫਨਾਕ ਘਟਨਾ ਦੀ ਨਿਆਂਇਕ ਜਾਂਚ ਦੀ ਮੰਗ ਕਰਦਿਆਂ ਅਕਾਲੀ ਆਗੂ ਨੇ ਕਿਹਾ ਕਿ ਇਹ ਮਿਲ ਮੁੱਖ ਮੰਤਰੀ ਦੇ ਧਾਰਮਿਕ ਸਲਾਹਕਾਰ ਦੇ ਪਰਿਵਾਰ ਦੀ ਹੋਣ ਕਰਕੇ ਦੋਸ਼ੀਆਂ ਖ਼ਿਲਾਫ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ। ਉਹਨਾਂ ਕਿਹਾ ਕਿ ਇਸ ਗੱਲ ਦੀ ਪੂਰੀ ਸੰਭਾਵਨਾ ਹੈ ਕਿ  ਦੋਸ਼ੀਆਂ ਨੂੰ ਮਾਮੂਲੀ ਇਲਜ਼ਾਮ ਲਾ ਕੇ ਛੱਡ ਦਿੱਤਾ ਜਾਵੇ ਜਾਂ ਫਿਰ ਉਹਨਾਂ ਨੂੰ ਬਚਾਉਣ ਲਈ ਨਿਯਮਾਂ ਨੂੰ ਤੋੜ-ਮਰੋੜ ਦਿੱਤਾ ਜਾਵੇ। ਇਸ ਲਈ ਅਸੀਂ ਦੋਸ਼ੀਆਂ ਖ਼ਿਲਾਫ ਇੱਕ ਸਮਾਂ-ਬੱਧ ਨਿਆਂਇਕ ਜਾਂਚ ਦੀ ਮੰਗ ਕਰਦੇ ਹਾਂ, ਜਿਸ ਵਿਚ ਦੋਸ਼ੀ ਪਾਏ ਜਾਣ ਉੱਤੇ ਵਾਤਾਵਰਣ ਨੂੰ ਭਾਰੀ ਨੁਕਸਾਨ ਪਹੁੰਚਾਉਣ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇ। ਕਾਂਗਰਸ ਸਰਕਾਰ ਉੱਤੇ ਸੂਬੇ ਦੇ ਵਾਤਾਵਰਣ, ਕੁਦਰਤੀ ਸਰੋਤਾਂ ਅਤੇ ਲੋਕਾਂ ਲਈ ਘਾਤਕ ਸਾਬਿਤ ਹੋ ਰਹੇ ਕਾਂਗਰਸੀਆਂ ਦੀ ਪੁਸ਼ਤਪਨਾਹੀ ਕਰਨ ਲਈ ਜ਼ੋਰਦਾਰ ਨਿਸ਼ਾਨਾ ਸੇਧਦਿਆਂ ਸਰਦਾਰ ਢੀਂਡਸਾ ਨੇ ਕਿਹਾ ਕਿ ਕਾਂਗਰਸੀ ਮੰਤਰੀ, ਵਿਧਾਇਕ ਅਤੇ ਆਗੂ ਸੂਬੇ ਅੰਦਰ ਉਪਲੱਭਧ ਹਰ ਮੌਕੇ ਨੂੰ ਪੈਸੇ ਕਮਾਉਣ ਵਾਸਤੇ ਇਸਤੇਮਾਲ ਕਰਨ ਲਈ ਬੇਲਗਾਮ ਹੋਏ  ਘੁੰਮ ਰਹੇ ਹਨ। ਜਦ ਤਕ ਮੁੱਖ ਮੰਤਰੀ ਇਹਨਾਂ ਗੁੰਡਿਆਂ ਨੂੰ ਨੱਥ ਨਹੀਂ ਪਾਉਂਦੇ, ਸਾਡਾ ਵਾਤਾਵਰਣ, ਕੁਦਰਤੀ ਸਰੋਤਾਂ ਅਤੇ ਲੋਕਾਂ ਉੱਤੇ ਇੱਕ ਭਾਰੀ ਖਤਰਾ ਮੰਡਰਾ ਰਿਹਾ ਹੈ।