5 Dariya News

ਕੈਪਟਨ ਅਮਰਿੰਦਰ ਸਿੰਘ ਵੱਲੋਂ ਖੇਤੀ ਕਰਜ਼ਾ ਮੁਆਫੀ ਬਾਰੇ ਸੁਖਬੀਰ ਦਾ ਬਿਆਨ ਬੇਤੁਕਾ ਤੇ ਅਧਾਰਹੀਣ ਕਰਾਰ

ਸਰਕਾਰ ਦੀਆਂ ਕੋਸ਼ਿਸ਼ਾਂ ਨੂੰ ਘਟਾ ਕੇ ਦੱਸਣ ਦੀ ਥਾਂ ਸੂਬਾ ਸਰਕਾਰ ਦੀ ਮਦਦ ਕਰਨ ਲਈ ਕੇਂਦਰ 'ਤੇ ਦਬਾਅ ਪਾਉਣ ਲਈ ਆਖਿਆ

5 Dariya News

ਚੰਡੀਗੜ੍ਹ 19-May-2018

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਖੇਤੀ ਕਰਜ਼ਿਆਂ ਬਾਰੇ ਸੁਖਬੀਰ ਸਿੰਘ ਬਾਦਲ ਵੱਲੋਂ ਲਾਏ ਗਏ ਦੋਸ਼ਾਂ ਨੂੰ ਅਧਾਰਹੀਣ ਅਤੇ ਬੇਤੁਕਾ ਦੱਸ ਕੇ ਰੱਦ ਕਰ ਦਿੱਤਾ ਹੈ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਦੀ ਤਿੱਖੀ ਆਲੋਚਨਾ ਕਰਦੇ ਹੋਏ ਕਿਹਾ ਹੈ ਕਿ ਉਹ ਸਾਰੇ ਦੋਸ਼ ਸੂਬਾ ਸਰਕਾਰ 'ਤੇ ਮੜ੍ਹ ਕੇ ਆਪਣੇ ਝੂਠੇ ਅਤੇ ਫਜ਼ੂਲ ਬਿਆਨਾਂ ਦੇ ਨਾਲ ਕਿਸਾਨਾਂ  ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਸੁਖਬੀਰ ਦੇ ਦੋਸ਼ਾਂ 'ਤੇ ਤਿੱਖੀ ਪ੍ਰਤੀਕਿਰਿਆ ਪ੍ਰਗਟ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਜੇ ਸ੍ਰੋਮਣੀ ਅਕਾਲੀ ਦਲ ਅਤੇ ਭਾਜਪਾ ਸਰਕਾਰ ਨੇ ਆਪਣੇ 10 ਸਾਲ ਦੇ ਸ਼ਾਸਨ ਦੌਰਾਨ ਸੂਬੇ ਦੇ ਕਿਸਾਨੀ ਭਾਈਚਾਰੇ ਲਈ ਕੁਝ ਕੀਤਾ ਹੁੰਦਾ ਤਾਂ ਕਿਸਾਨੀ ਭਾਈਚਾਰਾ ਏਨੇ ਦਬਾਅ ਦੇ ਹੇਠ ਨਹੀਂ ਸੀ ਹੋਣਾ ਜਿਨਾ ਅੱਜ ਹੈ। ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਸੰਕਟ ਵਿੱਚ ਘਿਰੇ ਕਿਸਾਨਾਂ ਨੂੰ ਇਸ ਸਥਿਤੀ ਵਿੱਚੋਂ ਕੱਢਣ ਲਈ ਹਰ ਕੋਸ਼ਿਸ਼ ਕਰ ਰਹੀ ਹੈ ਅਤੇ ਬਾਦਲਾਂ ਵੱਲੋਂ ਵਿਰਾਸਤ ਵਿੱਚ ਛੱਡੀ ਗਈ ਘੋਰ ਮਾੜੀ ਵਿੱਤੀ ਸਥਿਤੀ ਤੁਰੰਤ ਕਿਸਾਨਾਂ ਨੂੰ ਸਮੁੱਚੀ ਰਾਹਤ ਮੁਹਈਆ ਕਰਵਾਉਣ ਵਿੱਚ ਅੜਚਨ ਬਣ ਰਹੀ ਹੈ। ਇਸ ਕਰਕੇ ਕਿਸਾਨਾਂ ਨੂੰ ਤਰੁੰਤ ਸਮੁੱਚੀ ਰਾਹਤ ਦੇਣ ਲਈ ਕੇਂਦਰ ਦੇ ਦਖਲ ਦੀ ਜ਼ਰੂਰਤ ਹੈ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਭਾਵੇਂ ਉਹ ਕਿਸਾਨਾਂ ਦੇ ਯਕਮੁਸ਼ਤ ਕਰਜ਼ੇ ਮੁਆਫ ਕਰਨ ਲਈ ਕੇਂਦਰ ਦੇ ਦਖਲ ਅਤੇ ਸਮਰਥਨ ਦੀ ਮੰਗ ਕਰ ਰਹੇ ਹਨ ਪਰ ਫਿਰ ਵੀ ਉਨ੍ਹਾਂ ਦੀ ਸਰਕਾਰ ਨੇ ਕਿਸਾਨਾਂ ਦਾ ਕਰਜ਼ੇ ਦਾ ਬੋਝ ਘਟਾਉਣ ਲਈ ਆਪਣੀਆਂ ਕੋਸ਼ਿਸ਼ਾਂ ਨਹੀਂ ਛੱਡੀਆਂ ਜਿਸ ਬੋਝ ਨੂੰ ਬਾਦਲਾਂ ਨੇ ਵਧਣ ਦੀ ਆਗਿਆ ਦਿੱਤੀ ਅਤੇ ਇਸ 'ਤੇ ਕੋਈ ਨਿਯੰਤਰਣ ਨਹੀਂ ਕੀਤਾ। ਕੈਪਟਨ ਅਮਰਿੰਦਰ ਸਿੰਘ ਨੇ ਸਪਸ਼ਟ ਕੀਤਾ ਹੈ ਕਿ ਕਰਜ਼ਾ ਮੁਆਫੀ ਦੀ ਉਨ੍ਹਾਂ ਦੀ ਸਰਕਾਰ ਦੀ ਸਕੀਮ ਜਾਰੀ ਰਹੇਗੀ ਅਤੇ ਉਹ ਖੇਤੀ ਕਰਜ਼ਿਆਂ ਦੀ ਮੁਆਫੀ ਬਾਰੇ ਆਪਣੀ ਵਚਨਬੱਧਤਾ ਨੂੰ ਹਰ ਹਾਲ ਵਿੱਚ ਨਿਭਾਉਣਗੇ।

ਮੁੱਖ ਮੰਤਰੀ ਨੇ ਦੱਸਿਆ ਕਿ ਭਾਵੇਂ ਉਨ੍ਹਾਂ ਦੀ ਸਰਕਾਰ ਨੂੰ ਪਿਛਲੀ ਸਰਕਾਰ ਤੋਂ ਵਿਰਾਸਤ ਵਿੱਚ ਭਾਰੀ ਵਿੱਤੀ ਤਬਾਹੀ ਮਿਲੀ ਹੈ ਪਰ ਫਿਰ ਵੀ ਉਨ੍ਹਾਂ ਦੀ ਸਰਕਾਰ ਨੇ 2,02,186 ਕਿਸਾਨਾਂ ਦਾ 999.98 ਕਰੋੜ ਦਾ ਸਹਿਕਾਰੀ ਬੈਕਾਂ ਦਾ ਕਰਜ਼ਾ ਪਹਿਲਾਂ ਹੀ ਮੁਆਫ ਕਰ ਦਿੱਤਾ ਹੈ ਅਤੇ ਇਸ ਸ੍ਰ੍ਰੇਣੀ ਦੇ ਬਾਕੀ ਬਚਦੇ ਕਿਸਾਨਾਂ ਦਾ ਕਰਜ਼ਾ ਇਸ ਸਾਲ ਨਵੰਬਰ ਤੱਕ ਮੁਆਫ ਕਰ ਦਿੱਤਾ ਜਾਵੇਗਾ। ਮੁੱਖ ਮੰਤਰੀ ਨੇ ਆਪਣੇ ਲਹਿਜੇ ਵਿੱਚ ਪੱਛਿਆ ਕਿ ਕੀ ਕੇਂਦਰੀ ਸਰਕਾਰ ਦੀ ਕਿਸਾਨਾਂ ਪ੍ਰਤੀ ਕੋਈ ਜ਼ਿਮੇਂਵਾਰੀ ਨਹੀਂ ਹੈ? ਉਨ੍ਹਾਂ ਅੱਗੇ ਫਿਰ ਪੁੱਛਿਆ ਉਹ ਕਿਸਾਨਾਂ ਪ੍ਰਤੀ ਆਪਣੀ ਇਸ ਜ਼ਿਮੇਂਵਾਰੀ ਤੋਂ ਕਿਵੇਂ ਪਾਸਾ ਵਟ ਸਕਦੀ ਹੈ ਜਦੋਂ ਖੇਤੀਬਾੜੀ ਦਾ ਦੀ ਸਮੱਸਿਆ ਇੱਕ ਰਾਸ਼ਟਰੀ ਸੰਕਟ ਬਣ ਗਈ ਹੈ। ਉਨ੍ਹਾਂ ਕਿਹਾ ਕਿ ਨਾ ਤਾਂ ਸ੍ਰੋਮਣੀ ਅਕਾਲੀ ਦਲ ਅਤੇ ਨਾ ਹੀ ਭਾਜਪਾ ਨੇ ਕਦੀ ਕਿਸਾਨਾਂ ਦੀਆਂ ਮੁਸੀਬਤਾਂ ਪ੍ਰਤੀ ਰੱਤੀ ਭਰ ਵੀ ਚਿੰਤਾ ਦਿਖਾਈ ਹੈ। ਉਨ੍ਹਾਂ ਕਿਹਾ ਕਿ ਸੁਖਬੀਰ ਦਾ ਹਾਲੀਆ ਬਿਆਨ ਇੱਕ ਵਾਰ ਫਿਰ ਇਹ ਪ੍ਰਗਟਾਵਾ ਕਰਦਾ ਹੈ ਕਿ ਉਹ ਕਿਸਾਨੀ ਭਾਈਚਾਰ ਦੇ ਸਬੰਧ ਵਿੱਚ ਕੀ ਖਿਚੜੀ ਪਕਾਉਂਦੇ ਰਹੇ ਹਨ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਸੁਖਬੀਰ ਆਪਣੀ ਭਾਈਵਾਲ ਭਾਜਪਾ ਅਤੇ ਉਸ ਦੀ ਅਗਵਾਈ ਵਾਲੀ ਕੇਂਦਰ ਸਰਕਾਰ, ਜਿਸ ਵਿੱਚ ਉਨ੍ਹਾਂ ਦੀ ਪਤਨੀ ਖੁਦ ਮੰਤਰੀ ਹੈ ਨੂੰ ਕਿਸਾਨਾਂ ਦੀਆਂ ਮੁਸ਼ਕਲਾਂ ਬਾਰੇ ਸੂਬਾ ਸਰਕਾਰ ਵੱਲੋਂ ਸ਼ੁਰੂ ਕੀਤੇ ਪ੍ਰੋਗਰਾਮਾਂ ਵਿੱਚ ਮਦਦ ਕਰਨ ਲਈ ਆਖਣ ਦੀ ਥਾਂ ਸੂਬਾ ਸਰਕਾਰ ਵੱਲੋਂ ਕੀਤੇ ਜਾ ਰਹੇ ਯਤਨਾਂ ਨੂੰ ਘਟਾ ਦੇ ਪੇਸ਼ ਕਰਨ ਦਾ ਕੋਈ ਵੀ ਮੌਕਾ ਨਹੀਂ ਛੱਡਦਾ।

ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਪੰਜਾਬ ਦੇ ਲੋਕ ਖਾਸਕਰ ਸੰਕਟ ਵਿਚ ਘਿਰੇ ਕਿਸਾਨ ਸੁਖਬੀਰ ਅਤੇ ਉਸ ਦੀ ਪਤਨੀ ਹਰਸਿਮਰਤ ਕੌਰ ਵੱਲ ਦੇਖ ਰਹੇ ਹਨ ਕਿ ਉਹ ਕਿਸਾਨ ਭਾਈਚਾਰੇ ਨੂੰ ਬਚਾਉਣ ਲਈ ਕੇਂਦਰ ਸਰਕਾਰ ਦੇ ਦਬਾਅ ਪਾਉਣ ਪਰ ਬਾਦਲ ਇਸ ਨਾਜ਼ੂਕ ਮੁੱਦੇ 'ਤੇ ਸੌੜੀ ਸਿਆਸਤ ਕਰ ਰਹੇ ਹਨ ਜੋ ਕਿ ਕਿਸਾਨਾਂ ਲਈ ਜੀਵਨ-ਮਰਨ ਦਾ ਸਵਾਲ ਬਣਿਆ ਹੋਇਆ ਹੈ। ਮੁੱਖ ਮੰਤਰੀ ਨੇ ਕਿਹਾ ਕਿ ਕਿਸਾਨਾਂ ਦੀ ਹਾਲਤ ਪ੍ਰਤੀ ਸੁਖਬੀਰ ਸੰਵੇਦਨਹੀਣਤਾ ਵਿਖਾ ਰਿਹਾ ਹੈ। ਉਨ੍ਹਾਂ ਕਿਹਾ ਕਿ ਬਾਦਲਾਂ ਨੇ ਪੰਜਾਬ ਦੇ ਕਿਸਾਨਾਂ ਦੀ ਭਲਾਈ ਵਿੱਚ ਕਦੀ ਵੀ ਦਿਲਚਸਪੀ ਨਹੀ ਵਿਖਾਈ ਅਤੇ ਉਹ ਕਰਜ਼ੇ ਹੇਠ ਦਬੇ ਕਿਸਾਨਾਂ ਨੂੰ ਲਗਾਤਾਰ ਪਿੱਠ ਵਿਖਾ ਰਹੇ ਹਨ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਹਾਲ ਹੀ ਦੀਆਂ ਲੜੀਵਾਰ ਹਾਰਾਂ ਤੋਂ ਬਾਦਲਾਂ ਨੇ ਕੋਈ ਸਬਕ ਨਹੀ ਸਿੱਖਿਆ। ਮੁੱਖ ਮੰਤਰੀ ਨੇ ਕਿਹਾ ਕਿ ਭਾਵੇਂ ਉਨ੍ਹਾਂ ਦੀ ਸਰਕਾਰ ਆਪਣੇ ਵਾਅਦੇ ਦੇ ਮੁਤਾਬਕ ਕਿਸਾਨਾਂ ਦਾ ਕਰਜ਼ਾ ਮਾਫ ਕਰਨ ਲਈ ਲਗਾਤਾਰ ਢੰਗ-ਤਰੀਕੇ ਕੱਢ ਰਹੀ ਹੈ ਪਰ ਕਿਸਾਨੀ ਭਾਈਚਾਰੇ ਨੂੰ ਬਾਦਲਾਂ ਦੀ ਅਗਵਾਈ ਵਾਲੀ ਪਿਛਲੀ ਸਰਕਾਰ ਵਲੋਂ ਆਪਣਾਏ ਗਏ ਵਤੀਰੇ ਨੂੰ ਨਾ ਹੀ ਭੁੱਲਣਾ ਚਾਹੀਦਾ ਹੈ ਅਤੇ ਨਾ ਹੀ ਬਾਦਲਾਂ ਨੂੰ ਮੁਆਫ ਕਰਨਾ ਚਾਹੀਦਾ ਹੈ।