5 Dariya News

ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਚੱਢਾ ਸ਼ੂਗਰ ਮਿੱਲ ਸੀਲ, 10 ਦਿਨਾਂ ਅੰਦਰ ਰਿਪੋਰਟ ਪੇਸ਼ ਕਰਨ ਦੀ ਹਦਾਇਤ

ਡਿਪਟੀ ਕਮਿਸ਼ਨਰ ਨੇ ਐਸ.ਡੀ.ਐਮ. ਬਟਾਲਾ ਨੂੰ ਦਿੱਤੇ ਨਿਆਂਇਕ ਜਾਂਚ ਦੇ ਹੁਕਮ

5 Dariya News (ਕੁਲਜੀਤ ਸਿੰਘ)

ਕੀੜੀ ਅਫ਼ਗਾਨਾ/ਬਟਾਲਾ 18-May-2018

ਬੀਤੇ ਦਿਨ ਬਿਆਸ ਦਰਿਆ ਵਿੱਚ ਚੱਢਾ ਸ਼ੂਗਰ ਮਿੱਲ ਦਾ ਜ਼ਹਿਰੀਲਾ ਸੀਰਾ ਜਾਣ ਤੋਂ ਬਾਅਦ ਦੂਸ਼ਿਤ ਹੋਏ ਪਾਣੀ ਨਾਲ ਵੱਡੀ ਤਦਾਤ ਵਿੱਚ ਮੱਛੀਆਂ ਮਰਨ ਦਾ ਗੰਭੀਰ ਨੋਟਿਸ ਲੈਂਦਿਆਂ ਜ਼ਿਲ੍ਹਾ ਪ੍ਰਸ਼ਾਸਨ ਨੇ ਚੱਢਾ ਮਿੱਲ ਖ਼ਿਲਾਫ਼ ਕਾਰਵਾਈ ਕਰਦਿਆਂ ਉਸ ਨੂੰ ਸੀਲ ਕਰ ਦਿੱਤਾ ਹੈ। ਅੱਜ ਡਿਪਟੀ ਕਮਿਸ਼ਨਰ ਗੁਰਦਾਸਪੁਰ ਗੁਰਵਲੀਨ ਸਿੰਘ ਸਿੱਧੂ, ਐਸ.ਡੀ.ਐਮ. ਬਟਾਲਾ ਰੋਹਿਤ ਗੁਪਤਾ ਦੀ ਅਗਵਾਈ ਹੇਠ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅਧਿਕਾਰੀਆਂ ਵੱਲੋਂ ਗੰਨਾ ਮਿੱਲ ਨੂੰ ਸੀਲ ਬੰਦ ਕਰ ਦਿੱਤਾ ਹੈ ਅਤੇ ਅਗਲੇ ਹੁਕਮਾਂ ਤੱਕ ਮਿੱਲ ਨੂੰ ਨਾ ਚਲਾਉਣ ਦੀ ਹਦਾਇਤ ਵੀ ਜਾਰੀ ਕੀਤੀ ਹੈ। ਡਿਪਟੀ ਕਮਿਸ਼ਨਰ ਵੱਲੋਂ ਇਸ ਸਾਰੀ ਘਟਨਾ ਦੀ ਨਿਆਇਕ ਜਾਂਚ ਕਰਨ ਦੇ ਹੁਕਮ ਐਸ.ਡੀ.ਐਮ. ਰੋਹਿਤ ਗੁਪਤਾ ਨੂੰ ਦਿੱਤੇ ਹਨ। ਡਿਪਟੀ ਕਮਿਸ਼ਨਰ ਨੇ ਹਦਾਇਤ ਕੀਤੀ ਹੈ 10 ਦਿਨ ਦੇ ਅੰਦਰ ਜਾਂਚ ਰਿਪੋਰਟ ਉਨ੍ਹਾਂ ਨੂੰ ਭੇਜੀ ਜਾਵੇ ਤਾਂ ਜੋ ਘਟਨਾ ਦੇ ਅਸਲ ਕਾਰਨਾਂ ਦਾ ਪਤਾ ਲਗਾਇਆ ਜਾ ਸਕੇ। ਉਨ੍ਹਾਂ ਨੇ ਕਿਹਾ ਕਿ ਜੇਕਰ ਜਾਂਚ ਵਿੱਚ ਮਿੱਲ ਪ੍ਰਬੰਧਨ ਜਾਂ ਹੋਰ ਕਿਸੇ ਦੀ ਅਣਗਿਹਲੀ ਸਾਹਮਣੇ ਆਉਂਦੀ ਹੈ ਤਾਂ ਉਨ੍ਹਾਂ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕੀਤੀ ਕੀਤੀ ਜਾਵੇਗੀ। ਡਿਪਟੀ ਕਮਿਸ਼ਨਰ ਗੁਰਦਾਸਪੁਰ ਸ. ਗੁਰਲਵਲੀਨ ਸਿੰਘ ਸਿੱਧੂ ਨੇ ਦੱਸਿਆ ਕਿ ਬੀਤੇ ਕੱਲ੍ਹ ਪੌਂਗ ਡੈਮ ਵਿਚੋਂ 11 ਹਜ਼ਾਰ ਕਿਊਸਿਕ ਵਾਧੂ ਪਾਣੀ ਬਿਆਸ ਦਰਿਆ ਅੰਦਰ ਛੱਡਿਆ ਗਿਆ ਸੀ ਤਾਂ ਜੋ ਪਾਣੀ ਵਿੱਚ ਜ਼ਹਿਰੀਲੇ ਅਸਰ ਨੂੰ ਘੱਟ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਅੱਜ ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ ਬਿਆਸ ਦਰਿਆ ਦੇ ਪਾਣੀ ਦੇ ਨਮੂਨੇ ਲਏ ਗਏ ਹਨ, ਜੋ ਕਿ ਬਿਲਕੁਲ ਠੀਕ ਆਏ ਹਨ। ਉਨ੍ਹਾਂ ਕਿਹਾ ਕਿ ਹੁਣ ਦਰਿਆ ਦਾ ਪਾਣੀ ਬਿਲਕੁਲ ਸਾਫ ਅਤੇ ਸੁਰੱਖਿਅਤ ਹੈ। ਉਨ੍ਹਾਂ ਦੱਸਿਆ ਕਿ ਮਿੱਲ ਦੇ ਸੀਰੇ ਦੇ ਰਿਸਾਵ ਨੂੰ ਕੱਲ੍ਹ ਦਾ ਹੀ ਰੋਕਿਆ ਜਾ ਚੁੱਕਾ ਹੈ ਅਤੇ ਸਥਿਤੀ ਪੂਰੀ ਤਰ੍ਹਾਂ ਕਾਬੂ ਹੇਠ ਹੈ। ਇਸ ਮੌਕੇ ਡਿਪਟੀ ਕਮਿਸ਼ਨਰ ਨੇ ਪ੍ਰਦੂਸ਼ਣ ਕੰਟਰੋਲ ਵਿਭਾਗ ਦੇ ਅਧਿਕਾਰੀਆਂ ਨੇ ਮਿਲ ਕੇ ਮਿੱਲ ਦੇ ਘਟਨਾ ਸਥਾਨ ਦਾ ਜਾਇਜ਼ਾ ਲਿਆ। ਇਸ ਮੌਕੇ ਉਨ੍ਹਾਂ ਮਿੱਲ ਪ੍ਰਬੰਧਕਾਂ ਕੋਲੋਂ ਜਾਣਕਾਰੀ ਹਾਸਲ ਕੀਤੀ ਅਤੇ ਜਿਸ ਜਗ੍ਹਾ ਤੋਂ ਸੀਰੇ ਦਾ ਰਿਸਾਵ ਹੋਇਆ ਸੀ ਉਸ ਦਾ ਨਿਰੀਖਣ ਵੀ ਕੀਤਾ। ਇਸ ਮੌਕੇ ਲਖਵਿੰਦਰ ਸਿੰਘ ਤਹਿਸੀਲਦਾਰ ਬਟਾਲਾ, ਅਮਰਜੀਤ ਸਿੰਘ ਨਾਇਬ ਤਹਿਸੀਲਦਾਰ ਕਾਦੀਆਂ, ਕੁਲਦੀਪ ਸਿੰਘ ਐਕਸੀਅਨ ਪ੍ਰਦੂਸ਼ਣ ਕੰਟਰੋਲ ਬੋਰਡ, ਵਣ ਅਤੇ ਜੰਗਲੀ ਜੀਵ ਸੁਰੱਖਿਆ ਵਿਭਾਗ ਦੇ ਅਧਿਕਾਰੀ ਮਹਾਂਵੀਰ ਸਿੰਘ, ਆਰ.ਏ. ਸਿੰਘ ਮੁੱਖ ਪ੍ਰਬੰਧਕ ਚੱਢਾ ਸ਼ੂਗਰ ਮਿੱਲ ਕੀੜੀ ਅਫ਼ਗਾਨਾ, ਮਨੀਸ਼ ਪਾਲ ਸਿੰਘ ਵਾਈਸ ਪ੍ਰਧਾਨ, ਗਰੇਵਾਲ ਸਿੰਘ ਵਾਈਸ ਪ੍ਰਧਾਨ ਵੀ ਹਾਜ਼ਰ ਸਨ।