5 Dariya News

ਵਿਜੀਲੈਂਸ ਵਲੋਂ ਰਿਸ਼ਵਤਖੋਰੀ ਦੇ ਮਾਮਲੇ 'ਚ ਮਾਨਸਾ ਜੇਲ੍ਹ ਸੁਪਰਡੰਟ ਰੰਧਾਵਾ ਗ੍ਰਿਫਤਾਰ

ਚੌਥੇ ਭਗੌੜਾ ਦੋਸ਼ੀ ਡਿਪਟੀ ਜੇਲ੍ਹਰ ਗੁਰਜੀਤ ਸਿੰਘ ਬਰਾੜ ਦੀ ਭਾਲ ਜਾਰੀ

5 Dariya News

ਚੰਡੀਗੜ੍ਹ 17-May-2018

ਪੰਜਾਬ ਵਿਜੀਲੈਂਸ ਬਿਓਰੋ ਨੇ ਰਿਸ਼ਵਤ ਦੇ ਇੱਕ ਮਾਮਲੇ ਵਿੱਚ ਮਿਲੀ ਭੁਗਤ ਪਾਏ ਜਾਣ ਤੇ ਅੱਜ ਸੁਪਰਡੈਂਟ ਜਿਲ੍ਹਾ ਜੇਲ੍ਹ ਮਾਨਸਾ ਦਵਿੰਦਰ ਸਿੰਘ ਰੰਧਾਵਾ ਨੂੰ ਜੇਲ ਤੋਂ ਹੀ ਗ੍ਰਿਫਤਾਰ ਕਰ ਲਿਆ। ਜ਼ਿਕਰਯੋਗ ਹੈ ਕਿ ਇਸ ਰਿਸ਼ਵਤਖੋਰੀ ਦੇ ਕੇਸ ਵਿੱਚ ਵਿਜੀਲੈਂਸ ਵੱਲੋਂ ਜਿਲ੍ਹਾ ਜੇਲ ਮਾਨਸਾ ਵਿਖੇ ਤਾਇਨਾਤ ਸਹਾਇਕ ਸੁਪਰਡੈਂਟ ਸਿਕੰਦਰ ਸਿੰਘ, ਕੰਨਟੀਨ ਇੰਚਾਰਜ ਅਤੇ ਕੈਦੀ ਪਵਨ ਕੁਮਾਰ ਨੂੰ 50,000 ਰੁਪਏ ਦੀ ਰਿਸ਼ਵਤ ਅਤੇ 86,200 ਰੁਪਏ ਦੇ ਰਿਸ਼ਵਤੀ ਚੈਕ ਸਮੇਤ ਦਸੰਬਰ 2017 ਵਿੱਚ ਪਹਿਲਾਂ ਹੀ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ। ਇਸ ਮੁਕੱਦਮੇਂ ਵਿੱਚ ਚੌਥਾ ਦੋਸ਼ੀ ਡਿਪਟੀ ਸੁਪਰਡੈਂਟ ਜੇਲ ਗੁਰਜੀਤ ਸਿੰਘ ਬਰਾੜ ਹਾਲੇ ਭਗੌੜਾ ਹੈ ਜਿਸ ਦੀ ਵਿਜੀਲੈਂਸ ਵੱਲੋਂ ਭਾਲ ਜਾਰੀ ਹੈ।ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਓਰੋ ਦੇ ਬੁਲਾਰੇ ਨੇ ਦੱਸਿਆ ਕਿ ਮੁਕੱਦਮੇ ਦੀ ਤਫਤੀਸ਼ ਉਪਰੰਤ ਇਹ ਪਾਇਆ ਗਿਆ ਕਿ ਜਿਲ੍ਹਾ ਜੇਲ੍ਹ ਵਿੱਚ ਬੰਦ ਕੈਦੀਆਂ ਅਤੇ ਹਵਾਲਾਤੀਆ ਨੂੰ ਉਨ੍ਹਾਂ ਦੀ ਇੱਛਾ ਅਨੁਸਾਰ ਮਨ-ਮਰਜੀ ਦੇ ਸਾਥੀਆਂ ਨਾਲ ਸੈੱਲਾਂ/ਬੈਰਕਾਂ ਵਿੱਚ ਰੱਖੇ ਜਾਣ, ਜੇਲ੍ਹ ਅੰਦਰ ਮੋਬਾਇਲ ਰੱਖਣ, ਬੈਰਕਾਂ ਵਿੱਚ ਹੀਟਰ/ਗੱਦੇ ਦੀ ਸਹੂਲਤ ਦੇਣ, ਜੇਲ੍ਹ ਅੰਦਰ ਨਸ਼ਿਆਂ ਦੀ ਵਰਤੋਂ ਦੀ ਛੋਟ ਦੇਣ ਅਤੇ ਜੇਲ੍ਹ ਡਿਊਟੀ ਵਿੱਚ ਬਿਨ੍ਹਾਂ ਲਿਖੇ ਮੁਲਾਕਾਤਾਂ ਕਰਵਾਏ ਜਾਣ ਆਦਿ ਦੀਆਂ ਸਹੂਲਤਾਂ ਦੇਣ ਅਤੇ ਮਨਮਰਜੀ ਦੀ ਮਸ਼ੱਕਤ 'ਤੇ ਲਗਾਉਣ ਸਮੇਤ ਵੱਖ-ਵੱਖ ਕਿਸਮ ਦੀਆਂ ਸਹੂਲਤਾਂ ਬਦਲੇ ਪ੍ਰਤੀ ਸੈੱਲ/ਬੈਰਕ 10 ਹਜਾਰ ਰੁਪਏ ਤੋਂ 25 ਹਜਾਰ ਰੁਪਏ ਤੱਕ ਦੀ ਰਿਸ਼ਵਤ ਪ੍ਰਤੀ ਮਹੀਨਾ ਲਈ ਜਾਂਦੀ ਸੀ। ਉਨਾਂ ਦੱਸਿਆ ਕਿ ਦੋਸ਼ੀਆਂ ਦੀ ਜਾਂਚ ਦੌਰਾਨ ਪਤਾ ਲੱਗਾ ਕਿ ਇਸ ਰਿਸ਼ਵਤ ਦਾ ਹਿਸਾਬ-ਕਿਤਾਬ ਡਿਪਟੀ ਸੁਪਰਡੈਂਟ ਜੇਲ੍ਹ ਗੁਰਜੀਤ ਸਿੰਘ ਬਰਾੜ ਦੀ ਨਿਗਰਾਨੀ ਹੇਠ ਜੇਲ੍ਹ ਕੰਨਟੀਨ ਦੇ ਇੰਚਾਰਜ ਵਜੋਂ ਕੰਮ ਕਰਦੇ ਸਹਾਇਕ ਸੁਪਰਡੈਂਟ ਸਿਕੰਦਰ ਸਿੰਘ ਅਤੇ ਕੰਨਟੀਨ ਵਿੱਚ ਮੁਸ਼ੱਕਤ ਵਜੋਂ ਕੰਮ ਕਰਦੇ ਕੈਦੀ ਪਵਨ ਕੁਮਾਰ ਰਾਹੀਂ ਰੱਖਿਆ ਜਾਂਦਾ ਸੀ। 

ਬੁਲਾਰੇ ਨੇ ਦੱਸਿਆ ਕਿ ਵਿਜੀਲੈਂਸ ਦੀ ਤਫਤੀਸ਼ ਦੌਰਾਨ ਇਹ ਵੀ ਸਾਹਮਣੇ ਆਇਆ ਜੇਲ੍ਹ ਕੰਨਟੀਨ ਤੋਂ ਹਿਸਾਬ-ਕਿਤਾਬ ਵਾਲੇ 2 ਆਰਜੀ ਰਜਿਸਟਰਾਂ ਬਰਾਮਦ ਹੋਏ ਹਨ ਜਿਨਾਂ ਵਿੱਚ ਕੈਦੀਆਂ ਤੋਂ ਪ੍ਰਤੀ ਸੈਲ/ਬੈਰਕ 15 ਹਜਾਰ ਤੋਂ 25 ਹਜਾਰ ਰੁਪਏ ਲਈ ਜਾਂਦੀ ਰਿਸਵਤ ਦਾ ਹਿਸਾਬ-ਕਿਤਾਬ ਦਰਜ ਹੈ। ਇਨ੍ਹਾਂ ਰਜਿਸਟਰਾਂ ਵਿੱਚ ਜਿਆਦਾਤਰ ਲਿਖਤ ਕੈਦੀ ਪਵਨ ਕੁਮਾਰ ਦੀ ਹੈ। ਕੈਦੀ ਪਵਨ ਕੁਮਾਰ ਵੱਲੋ ਪੁੱਛਗਿੱਛ ਵਿੱਚ ਕੀਤੇ ਖੁਲਾਸੇ ਅਨੁਸਾਰ ਉਸ ਵੱਲੋਂ ਅੱਗੋ ਇਹ ਰਕਮ ਸੁਪਰਡੈਂਟ ਅਤੇ ਡਿਪਟੀ ਸੁਪਰਡੈਂਟ ਨੂੰ ਦਿੱਤੀ ਜਾਂਦੀ ਸੀ।ਉਨਾਂ ਦੱਸਿਆ ਕਿ ਇਸ ਤੋਂ ਇਲਾਵਾ ਟਰੈਪ ਸਮੇਂ ਦੋਸ਼ੀ ਕੈਦੀ ਪਵਨ ਕੁਮਾਰ, ਜ਼ੋ ਸਹਾਇਕ ਸੁਪਰਡੈਂਟ ਸਿਕੰਦਰ ਸਿੰਘ ਨਾਲ ਜੇਲ੍ਹ ਹਦੂਦ ਤੋਂ ਬਾਹਰ ਰਿਸ਼ਵਤ ਦੀ ਰਕਮ ਅਤੇ ਰਿਸ਼ਵਤੀ ਚੈੱਕ ਹਾਸਲ ਕਰਨ ਲਈ ਆਇਆ ਸੀ, ਉਸ ਪਾਸੋਂ ਬਰਾਮਦ ਹੋਏ ਮੋਬਾਈਲ ਦੀ ਕਾਲ ਡਿਟੇਲ ਅਤੇ ਤਫਤੀਸ਼ ਦੌਰਾਨ ਪਤਾ ਲੱਗਾ ਸੀ ਕਿ ਇਹ ਮੋਬਾਈਲ ਲਗਾਤਾਰ ਜੇਲ੍ਹ ਵਿੱਚ ਵਰਤਿਆ ਜਾ ਰਿਹਾ ਸੀ ਅਤੇ ਇਸ ਕੈਦੀ ਦੇ ਰਿਸ਼ਵਤ ਲੈਣ ਲਈ ਜੇਲ੍ਹ ਤੋਂ ਬਾਹਰ ਆਉਣ ਤੋਂ ਤੁਰੰਤ ਪਹਿਲਾਂ ਦਵਿੰਦਰ ਸਿੰਘ ਰੰਧਾਵਾ ਸੁਪਰਡੈਂਟ ਜਿਲ੍ਹਾ ਜੇਲ੍ਹ ਮਾਨਸਾ ਦੇ ਮੋਬਾਇਲ 'ਤੇ ਵੀ ਗੱਲਬਾਤ ਹੋਈ ਸੀ ਜਿਸ ਕਰਕੇ ਸੁਪਰਡੈਂਟ ਵੱਲੋਂ ਦਰਬਾਨ ਨੂੰ ਦਿੱਤੇ ਹੁਕਮ ਅਨੁਸਾਰ ਹੀ ਉਹ ਜੇਲ ਤੋਂ ਬਾਹਰ ਆਇਆ ਸੀ।ਬੁਲਾਰੇ ਅਨੁਸਾਰ ਇਸ ਕੇਸ ਵਿੱਚ ਚੌਥੇ ਭਗੌੜੇ ਦੋਸ਼ੀ ਨੂੰ ਵੀ ਜਲਦ ਗ੍ਰਿਫਤਾਰ ਕਰਨ ਲਈ ਵਿਜੀਲੈਂਸ ਦੀਆਂ ਟੀਮਾਂ ਸਰਗਰਮ ਹਨ ਅਤੇ ਉਸ ਨੂੰ ਵੀ ਛੇਤੀ ਗ੍ਰਿਫਤਾਰ ਕਰ ਲਿਆ ਜਾਵੇਗਾ।