ਨਵਜੋਤ ਸਿੰਘ ਸਿੱਧੂ ਵੱਲੋਂ ਰਾਹੁਲ ਗਾਂਧੀ ਨਾਲ ਮੁਲਾਕਾਤ
ਆਪਣੀ ਵਚਨਬੱਧਤਾ ਦੁਹਰਾਉਂਦਿਆਂ ਪਾਰਟੀ ਵੱਲੋਂ ਹਰ ਡਿਊਟੀ ਨਿਭਾਉਣ ਦਾ ਕੀਤਾ ਪ੍ਰਣ
5 Dariya News
ਨਵੀਂ ਦਿੱਲੀ 16-May-2018
ਪੰਜਾਬ ਦੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਅੱਜ ਨਵੀਂ ਦਿੱਲੀ ਵਿਖੇ ਕੁੱਲ ਹਿੰਦ ਕਾਂਗਰਸ ਕਮੇਟੀ ਦੇ ਪ੍ਰਧਾਨ ਰਾਹੁਲ ਗਾਂਧੀ ਨਾਲ ਮੁਲਾਕਾਤ ਕੀਤੀ। ਸ. ਸਿੱਧੂ ਨੂੰ ਬੀਤੇ ਦਿਨੀਂ ਸੁਪਰੀਮ ਕੋਰਟ ਦੇ ਫੈਸਲੇ ਤੋਂ ਬਾਅਦ ਸ੍ਰੀ ਰਾਹੁਲ ਗਾਂਧੀ ਨੇ ਉਚੇਚੇ ਤੌਰ 'ਤੇ ਵਧਾਈ ਦਿੱਤੀ ਸੀ ਜਿਸ ਤੋਂ ਬਾਅਦ ਅੱਜ ਉਨ੍ਹਾਂ ਦੀ ਪਾਰਟੀ ਦੇ ਕੌਮੀ ਪ੍ਰਧਾਨ ਨਾਲ ਪਹਿਲੀ ਮੀਟਿੰਗ ਸੀ। ਸ. ਸਿੱਧੂ ਨੇ ਇਸ ਮੀਟਿੰਗ ਨੂੰ ਇਕ ਸਿਪਾਹੀ ਦੀ ਜਰਨੈਲ ਨਾਲ ਮੁਲਾਕਾਤ ਦੱਸਿਆ। ਸ.ਸਿੱਧੂ ਨੇ ਅੱਜ ਸ੍ਰੀ ਰਾਹੁਲ ਗਾਂਧੀ ਨਾਲ ਮੁਲਾਕਾਤ ਕਰਦਿਆਂ ਜਿੱਥੇ ਪਾਰਟੀ ਵੱਲੋਂ ਉਨ੍ਹਾਂ ਵਿੱਚ ਵਿਸ਼ਵਾਸ ਪ੍ਰਗਟਾਏ ਜਾਣ 'ਤੇ ਧੰਨਵਾਦ ਕੀਤਾ ਉਥੇ ਆਪਣੀ ਵਚਨਬੱਧਤਾ ਦੁਹਰਾਉਂਦਿਆਂ ਕਿਹਾ ਕਿ ਉਹ ਆਪਣਾ ਪੂਰਾ ਜੀਵਨ ਕਾਂਗਰਸ ਪਾਰਟੀ ਦੇ ਲੇਖੇ ਲਾਉਂਦੇ ਹਨ ਅਤੇ ਪਾਰਟੀ ਵੱਲੋਂ ਜੋ ਵੀ ਡਿਊਟੀ ਲਾਈ ਜਾਵੇਗੀ, ਉਸਨੂੰ ਤਨਦੇਹੀ ਤੇ ਪੂਰੀ ਸ਼ਿੱਦਤ ਨਾਲ ਨਿਭਾਉਣਗੇ। ਉਨ੍ਹਾਂ ਕਿਹਾ ਕਿ ਉਨ੍ਹਾਂ ਪਾਰਟੀ ਪ੍ਰਧਾਨ ਨੂੰ ਇਹੋ ਕਿਹਾ ਕਿ ਉਹ 24X7 ਉਨ੍ਹਾਂ ਨੂੰ ਸਮਰਪਿਤ ਹਨ।